
ਹੁਸ਼ਿਆਰਪੁਰ, 1 ਨਵੰਬਰ (ਸਤਵਿੰਦਰ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ ਅੱਜ ਕੈਬਨਿਟ ਮੰਤਰੀ ਸz: ਸੋਹਨ ਸਿੰਘ ਠੰਡਲ ਦੀ ਅਗਵਾਈ ਵਿੱਚ ਪਸ਼ਚਾਤਾਪ ਵਜੋਂ ਹਲਕਾ ਚੱਬੇਵਾਲ ਦੇ ਪਿੰਡ ਮੰਨਣਹਾਨਾ ਦੇ ਡੇਰਾ ਹਰੀ ਸਿੰਘ ਨੈਕੀ ਵਾਲਿਆਂ ਦੇ ਧਾਰਮਿਕ ਅਸਥਾਨ ‘ਤੇ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ੍ਰੀ ਤੀਕਸ਼ਨ ਸੂਦ, ਬਲਵੀਰ ਸਿੰਘ ਚੰਗਿਆੜਾ ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਕਨੇਡਾ, ਯੂਥ ਅਕਾਲੀ ਦਲ ਆਗੂ ਰਵਿੰਦਰ ਠੰਡਲ, ਬੀਬੀ ਬਲਵੀਰ ਕੋਰ ਠੰਡਲ, ਭਾਜਪਾ ਆਗੂ ਅਨੰਦਵੀਰ ਸਿੰਘ, ਬੀਜੇਪੀ ਮੰਡਲ ਪ੍ਰਧਾਨ ਕੋਟ ਫਤੂਹੀ ਰਾਜੇਸ਼ ਅਰੋੜਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਇਸ ਮੌਕੇ ਭਾਈ ਰਣਜੋਯ ਸਿੰਘ ਨਡਾਲੋਂ ਵਾਲੇ ਦੇ ਕੀਰਤਨੀ ਜੱਥੇ ਵਲੋਂ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ ਗਿਆ। ਉਪਰੰਤ ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਪੂਰੀ ਤਰਾਂ ਨਾਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਉਨ੍ਹਾਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ 25 ਸਾਲ ਪਹਿਲਾਂ ਪੰਜਾਬ ਬਹੁਤ ਹੀ ਮੁਸ਼ਕਲਾਂ ਵਿੱਚੋਂ ਨਿਕਲ ਕੇ ਤਰੱਕੀ ਵੱਲ ਵੱਧ ਰਿਹਾ ਸੀ ਤੇ ਕੁੱਝ ਸ਼ਰਾਰਤੀਆਂ ਨੂੰ ਪੰਜਾਬ ਵਿੱਚ ਖੁਸ਼ਹਾਲੀ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਖੁਸ਼ਹਾਲੀ ਵੱਲ ਵੱਧ ਰਹੇ ਪੰਜਾਬ ਨੂੰ ਅੱਗ ਦੀ ਭੱਠ ਵਿੱਚ ਝੋਕਣ ਦੀ ਕੋਸ਼ਿਸ਼ ਕੀਤੀ ਹੈ।ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 4000 ਤੋਂ ਵੱਧ ਗੁਰਦੁਆਰੇ ਹਨ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਗੁਰਦੁਆਰਿਆ ਦੀ ਰਾਖੀ ਕਰੀਏ। ਇਸ ਮੌਕੇ ਉਨ੍ਹਾਂ ਉਪਰੋਕਤ ਘਟਨਾਵਾਂ ਦੀ ਜੋਰਦਾਰ ਨਿੰਦਾ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਹੀ ਦੋਸ਼ੀ ਪਾਏ ਜਾਂਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰਦਿਆ, ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
Punjab Post Daily Online Newspaper & Print Media