Thursday, November 5, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਦੋਵੇਂ ਬਾਦਲ ਦੋਸ਼ੀ – ਸਰਨਾ

PPN0111201521

ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ ਸੌਦਾ ਸਾਧ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਇੱਕ ਸਾਜਿਸ਼ ਤਹਿਤ ਸਰਕਾਰੀ ਤੌਰ ਤੇ ਇਹ ਕਾਂਡ ਕਰਵਾਇਆ ਗਿਆ ਹੈ।
ਪਾਕਿਸਤਾਨ ਤੋਂ ਵਾਪਸ ਭਾਰਤ ਪੁੱਜਣ ‘ਤੇ ਸਥਾਨਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਹਿਲਾਂ ਬਾਦਲਾਂ ਨੇ ਪਹਿਲਾਂ ਆਰ.ਐਸ.ਐਸ ਦੀ ਖੁਸ਼ਨੰਦੀ ਹਾਸਲ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੌਦਾ ਸਾਧ ਦੀ ਮੁਆਫੀ ਦਾ ਹੁਕਮਨਾਮਾ ਜਾਰੀ ਕਰਵਾਇਆ ਤੇ ਫਿਰ ਸੰਗਤਾਂ ਦਾ ਧਿਆਨ ਉਸ ਪਾਸੇ ਤੋ ਹਟਾਉਣ ਲਈ ਇੱਕ ਸਾਜਿਸ਼ ਤਹਿਤ ਗੁਰੂ ਸਾਹਿਬ ਦੀ ਬੇਅਦਬੀ ਹੀ ਨਹੀ ਕਰਵਾਈ ਸਗੋ ਦੋ ਨਿਰਦੋਸ਼ ਨੌਜਵਾਨਾਂ ਨੂੰ ਦੋਸ਼ੀ ਬਣਾ ਕੇ ਜੇਲ੍ਹ ਯਾਤਰਾ ਤੇ ਭੇਜ ਦਿੱਤਾ ਗਿਆ। ਜਿਸ ਦਾ ਸੰਗਤਾਂ ਵੱਲੋ ਜਬਰਦਸਤ ਵਿਰੋਧ ਹੋ ਰਿਹਾ ਹੈ।ਉਹਨਾਂ ਕਿਹਾ ਕਿ ਫੜੇ ਗਏ ਨੌਜਵਾਨ ਸ਼ਰੀਫ ਤੇ ਅੰਮ੍ਰਿਤਧਾਰੀ ਸਿੰਘ ਹਨ ਜੋ ਪੂਰੀ ਤਰਾਂ ਨਿਰਦੋਸ਼ ਹਨ। ਉਹਨਾਂ ਕਿਹਾ ਕਿ ਪਹਿਲਾਂ ਜਿਹੜੇ ਸਕੈਚ ਜਾਰੀ ਕੀਤੇ ਗਏ ਸਨ ਉਹ ਦੋ ਮੋਨੇ ਨੌਜਵਾਨਾਂ ਦੇ ਜਾਰੀ ਕੀਤੇ ਗਏ ਸਨ ਤੇ ਫਿਰ ਦੋ ਸਿੱਖ ਨੌਜਵਾਨਾਂ ਨੂੰ ਹੀ ਫਸਾ ਦਿੱਤਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਸਿੱਖ ਬਰਦਾਸ਼ਤ ਨਹੀ ਕਰ ਸਕਦਾ, ਇਸ ਲਈ ਲੋਕਾਂ ਦੇ ਰੋਹ ਨੂੰ ਦੇਖਦਿਆਂ ਉਹਨਾਂ ਨੂੰ ਪੁਲੀਸ ਦੇ ਡੀ.ਜੀ.ਪੀ ਨੂੰ ਬਦਲਣ ਲਈ ਮਜਬੂਰ ਹੋਣਾ ਪਿਆ।ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸz. ਅਵਤਾਰ ਸਿੰਘ ਮੱਕੜ ਵੀ ਅਸਤੀਫਾ ਦੇਣਾ ਚਾਹੀਦਾ ਹੈ ਕਿਉਕਿ ਉਹ ਇਸ ਮਾਮਲੇ ‘ਚ ਬਰਾਬਰ ਦਾ ਦੋਸ਼ੀ ਹੈ।
ਪੰਜਾਬ ਸਰਕਾਰ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਬਾਦਲ ਵੀ ਪੰਜਾਬ ਵਿੱਚ ਕਨੂੰਨ ਵਿਵਸਥਾ ਨੂੰ ਬਹਾਲ ਰੱਖਣ ਵਿੱਚ ਪੂਰੀ ਤਰ੍ਹਾ ਨਾਕਾਮ ਰਹੇ ਹਨ ਅਤੇ ਉਹਨਾਂ ਨੂੰ ਵੀ ਹੁਣ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਰਹਿ ਗਿਆ ਹੈ। ਉਹਨਾਂ ਕਿਹਾ ਕਿ ਬਾਦਲਾਂ ਨੇ ਸੱਤਾ ਵਿੱਚ ਬਣੇ ਰਹਿਣ ਲਈ ਪਹਿਲਾਂ ਪਤਿਤਪੁਣੇ ਨੂੰ ਬੜਾਵਾ ਦਿੱਤਾ ਤੇ ਫਿਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਤੰਗ ਆਏ ਲੋਕ ਸੜਕਾਂ ਤੇ ਆਮ ਮੁਹਾਰੇ ਆ ਗਏ ਤੇ ਸਾਰੇ ਧਰਮਾਂ ਦੇ ਲੋਕਾਂ ਨੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੀ ਨਿੰਦਿਆ ਕੀਤੀ ਹੈ। ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਸਮੇਤ ਸਾਰੇ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਲੋਕ ਰੋਹ ਤੋ ਡਰੇ ਘਰਾਂ ਵਿੱਚ ਲੁਕੇ ਹੋਏ ਹਨ ਤੇ ਬਾਹਰ ਆਏ, ਉਹਨਾਂ ਨੂੰ ਸਿੱਖ ਸੰਗਤਾਂ ਦੀ ਕਰੋਪੀ ਦਾ ਵੀ ਸ਼ਿਕਾਰ ਹੋਣਾ ਪਿਆ।
ਸਰਬੱਤ ਖਾਲਸਾ ਬਾਰੇ ਉਹਨਾਂ ਕਿਹਾ ਕਿ ਉਹ ਉਹ ਵਿਰੋਧ ਤਾਂ ਨਹੀ ਕਰਦੇ ਪਰ ਉਹਨਾਂ ਦੀ ਰਾਇ ਹੈ ਕਿ ਇਹ ਸਰਬੱਤ ਖਾਲਸਾ ਅਮਰੀਕਾ, ਕਨੇਡਾ ਤੇ ਬਰਤਾਨੀਆ ਦੀ ਧਰਤੀ ‘ਤੇ ਬੁਲਾਇਆ ਜਾਵੇ ਅਤੇ ਉਥੇ ਪਾਸ ਹੋਣ ਵਾਲੇ ਮਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਰੀਲੀਜ਼ ਕੀਤੇ ਜਾਣ। ਡੇਹਰਾ ਸਾਹਿਬ ਦੀ ਕਾਰ ਸੇਵਾ ਬਾਰੇ ਉਹਨਾਂ ਕਿਹਾ ਕਿ ਉਹ ਪਾਕਿਸਤਾਨ ਦੇ ਇੰਜੀਨੀਅਰਾਂ ਨਾਲ ਮੀਟਿੰਗ ਲਈ ਗਏ ਸਨ ਅਤੇ ਗੁਰੂਦੁਆਰੇ ਦੀ ਕਾਰ ਸੇਵਾ ਦੇ ਪਹਿਲੇ ਪੜਾਅ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਸਮੇਂ ਉਹਨਾਂ ਦੇ ਨਾਲ ਮਨਿੰਦਰ ਸਿੰਘ ਧੁੰਨਾ, ਸਾਹਿਬਜੀਤ ਸਿੰਘ ਤੇ ਕੁਝ ਹੋਰ ਸਾਥੀ ਵੀ ਨਾਲ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply