
ਪਠਾਨਕੋਟ, 1 ਨਵੰਬਰ (ਪ.ਪ) – ਮਾਮੂਨ ਛਾਉਣੀ ਵਿਖੇ 1965 ਦੀ ਜੰਗ ਦਾ 50ਵਾਂ ਵਿਜੇ ਦਿਵਸ 5 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਵੱਲੋਂ ਕਮਾਂਡਿੰਗ ਅਫ਼ਸਰ ਕਰਨਲ ਐਸ.ਕੇ. ਸੰਦੀਪ ਦੀ ਅਗਵਾਈ ਹੇਠ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼ਹੀਦਾਂ ਦੀ ਯਾਦ ਵਿੱਚ ਬਟਾਲੀਅਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਅਰਦਾਸ ਮੌਕੇ ਸੇਵਾ ਮੁਕਤ ਲੈਫਟੀਨੈਂਟ ਜਨਰਲ ਏ.ਕੇ ਚੈਟਰਜੀ, ਬ੍ਰਿਗੇਡੀਅਰ ਪੀ.ਕੇ ਗੰਗਾਧਰ, ਕਰਨਲ ਵੀ.ਪੀ. ਕੇਰਕਰ, ਕਰਨਲ ਆਜ਼ਾਦ ਸਿੰਘ, ਕਰਨਲ ਜੇ.ਪੀ.ਐਸ. ਰੰਧਾਵਾ, ਕਰਨਲ ਟੀ.ਐਸ. ਸੋਲੰਕੀ ਤੇ ਕਰਨਲ ਆਰ.ਐਸ. ਰਾਣਾ, ਜੈਵਿੰਦਰ ਸਿੰਘ ਮੁੱਖ ਸੇਵਾਦਾਰ ਸ਼੍ਰੀ ਕਲਗੀਧਰ ਟਰੱਸਟ ਬੜੂ ਸਾਹਿਬ, ਸੂਬੇਦਾਰ ਬਾਬਾ ਜਸਵਿੰਦਰ ਸਿੰਘ, ਸੂਬੇਦਾਰ ਮੇਜਰ ਸਤਪਾਲ ਸਿੰਘ, ਸੇਵਾ ਮੁਕਤ ਸੂਬੇਦਾਰ ਮੇਜਰ ਸੰਤੋਖ ਸਿੰਘ, ਅਜਾਇਬ ਸਿੰਘ, ਸੋਹਨ ਸਿੰਘ, ਬੂਟਾ ਸਿੰਘ, ਲਖਵਿੰਦਰ ਸਿੰਘ, ਅਵਤਾਰ ਸਿੰਘ ਤੇ ਮਹਿੰਦਰ ਸਿੰਘ, ਮਨਜੀਤ ਬਖਸ਼ੀ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਿਵਲ ਸਰਜਨ ਡਾ. ਗੋਤਮ ਸਿੰਘ ਸਿਕੰਦ ਅਤੇ ਬਟਾਲੀਅਨ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਪਰਿਵਾਰ ਵੀ ਮੌਜੂਦ ਸਨ। ਇਸ ਮੌਕੇ ਕਲਗੀਧਰ ਟਰੱਸਟ ਵੱਲੋਂ 16 ਵੀਰ ਨਾਰੀਆਂ ਨੂੰ ਸਿਲਾਈ ਮਸ਼ੀਨਾਂ, ਸ਼ਾਲ, ਸੂਟ ਅਤੇ ਕਿਰਪਾਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਕਮਾਂਡਿੰਗ ਅਫ਼ਸਰ ਐਸ.ਕੇ. ਸੰਦੀਪ ਨੇ ਦੱਸਿਆ ਕਿ 5 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਇਸ ਨੇ ਲੜਾਈ ਦੇ ਮੈਦਾਨ ਵਿੱਚ ਹਮੇਸ਼ਾਂ ਹੀ ਦੁਸ਼ਮਣ ਦੇ ਦੰਦ ਖੱਟੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਦ 1965 ਦੀ ਪਾਕਿਸਤਾਨ ਨਾਲ ਜੰਗ ਹੋਈ ਸੀ ਤਾਂ ਇਸ ਬਟਾਲੀਅਨ ਦੀ ਡਿਊਟੀ ਜੰਮੂ ਕਸ਼ਮੀਰ ਦੇ ਖੇਤਰ ਮਹੇਂਦੜ ਵਿੱਚ ਸੀ ਅਤੇ ਇਸ ਨੇ 2-3 ਨਵੰਬਰ, 1965 ਨੂੰ ਲੜਦਿਆਂ ਹੋਇਆ ਪਾਕਿਸਤਾਨ ਦੀ ਓ.ਪੀ. ਹਿੱਲ ‘ਤੇ ਕਬਜ਼ਾ ਕੀਤਾ ਸੀ। ਅੱਜ ਇਸ ਲੜਾਈ ਦੀ 50ਵੀਂ ਵਰ੍ਹੇਗੰਢ ਮਨਾਉਂਦਿਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ ਅਤੇ ਇਸੇ ਕਰਕੇ ਇਸ ਬਟਾਲੀਅਨ ਦੇ ਸਾਬਕਾ ਅਧਿਕਾਰੀਆਂ ਤੇ ਜਵਾਨਾਂ ਨੂੰ ਇੰਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਲਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ ਅਤੇ ਸੈਨਿਕ ਸੰਮੇਲਨ ਵੀ ਕੀਤਾ ਜਾਵੇਗਾ ਤੇ ਰਾਤ ਸਮੇਂ ਬੜਾ ਖਾਣਾ ਵੀ ਕੀਤਾ ਜਾਵੇਗਾ।ਸੇਵਾ ਮੁਕਤ ਲੈਫਟੀਨੈਂਟ ਜਨਰਲ ਏ.ਕੇ ਚੈਟਰਜੀ ਇਸ ਮੌਕੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਮਾਗਮ ਸ਼ਾਮਲ ਹੋ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੰਨ 1965 ਦੀ ਜੰਗ ਵਿੱਚ ਸਾਡੀ ਫੌਜ ਨੇ ਕੁਰਬਾਨੀਆਂ ਦੇ ਕੇ ਜਿੱਤ ਦਾ ਇੱਕ ਬਹੁਤ ਵੱਡਾ ਇਤਿਹਾਸ ਰਚਿਆ।
Punjab Post Daily Online Newspaper & Print Media