ਅੰਮ੍ਰਿਤਸਰ, 2 ਨਵੰਬਰ (ਗੁਰਚਰਨ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰ. ਐਸ. ਐਸ ਦੇ ਇਸ਼ਾਰੇ ‘ਤੇ ਧਰਮ ਨਿਰਪੱਖ ਸ਼ਕਤੀਆਂ ਤੇ ਘੱਟ ਗਿਣਤੀਆਂ ਨੂੰ ਦਬਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ।ਜਿਸ ਕਾਰਨ ਬੁੱਧੀਜੀਵੀ, ਲੇਖਕ, ਸਾਹਿਤਕਾਰ ਆਪਣੇ ਆਪ ਨੂੰ ਅਸੁਰੱਖਿਅਤ ਤੇ ਘੁੱੱਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਬਹੁ ਧਰਮੀ ਦੇਸ਼ ਹੈ, ਜਿੱਥੇ ਕੱਟੜ ਬੁਨਿਆਦਪ੍ਰਸਤੀ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਮੁਤਾਬਕ ਰਾਜ ਦਾ ਕੋਈ ਧਰਮ ਨਹੀਂ ਹੁੰਦਾ, ਪਰ ਜਿਸ ਤਰ੍ਹਾਂ ਦੀ ਅਗਵਾਈ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ, ਉਸ ਦੀ ਤੁਲਨਾ ਸ਼ੇਖ ਚਿੱਲੀ ਨਾਲ ਕੀਤੀ ਜਾ ਸਕਦੀ ਹੈ। ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਖਿਲਾਫ ਕਾਂਗਰਸੀ ਆਗੂ ਔਜਲਾ ਨੇ ਨਰਿੰਦਰ ਮੋਦੀ ਤੇ ਆਰ. ਐਸ. ਐਸ ਨੂੰ ਕਿਹਾ ਕਿ ਉਹ ਗੁਆਂਢੀ ਮੁਲਕ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਵੱਲ ਝਾਤੀ ਮਾਰਨ, ਜਿੱਥੇ ਕੱਟੜਵਾਦ ਦੇ ਬੁਰਕੇ ਹੇਠ, ਉਥੋਂ ਦੇ ਲੋਕ ਅਣਮੁਨੱਖੀ ਪ੍ਰਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਪਰ ਭਾਰਤ ਦੇ ਲੋਕ ਆਰ. ਐਸ. ਐਸ ਦੀਆਂ ਫਿਰਕੂ ਚਾਲਾਂ ਨੂੰ ਸਮਝ ਰਹੇ ਹਨ। ਜਿਸ ਦੇ ਸਿੱਟੇ ਵਜੋਂ ਦੇਸ਼ ਦਾ ਬੁੱਧੀਜੀਵੀ, ਲੇਖਕ ਆਪਣੇ ਸਨਮਾਨ ਵਾਪਸ ਕਰਕੇ ਆਖ ਰਹੇ ਹਨ ਕਿ ਬੁਨਿਆਦਪ੍ਰਸਤੀ ਦੀ ਭਾਰਤ ਵਿੱਚ ਕੋਈ ਥਾਂ ਨਹੀਂ। ਔਜਲਾ ਨੇ ਇਹ ਵੀ ਦੋਸ਼ ਲਾਇਆ ਕਿ ਗੁਜਰਾਤ ਦੰਗਿਆਂ ਲਈ ਜਿੰਮੇਵਾਰ ਨਰਿੰਦਰ ਮੋਦੀ ਵਿਦੇਸ਼ਾਂ ਵਿਚ ਵੀ ਭਾਰਤ ਦੇ ਅਕਸ ਨੂੰ ਢਾਹ ਲਾ ਰਹੇ ਹਨ। ਉਨ੍ਹਾਂ ਐਨ. ਡੀ. ਏ ਦੀਆਂ ਭਾਈਵਾਲ ਪਾਰਟੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਤੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਮੂਕ ਦਰਸ਼ਕ ਬਣੀਆਂ ਹਨ, ਪਰ ਲੋਕ ਇੰਨ੍ਹਾਂ ਨੂੰ ਵੀ ਮੁਆਫ ਨਹੀਂ ਕਰਨਗੇ। ਜੋ ਸੱਤਾ ਦੇ ਲਾਲਚ ਵਿਚ ਆਰ. ਐਸ. ਐਸ ਪ੍ਰਤੀ ਦੜ ਵੱਟ ਰਹੇ ਹਨ।ਉਨ੍ਹਾਂ ਕਿਹਾ ਕਿ ਧਰਮ ਨਿਰਪੱਖ ਦੇਸ਼, ਭਾਰਤ ਦੀ ਆਜ਼ਾਦੀ ਬਾਅਦ ਇਹ ਪਹਿਲੀ ਵਾਰ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਰ. ਐਸ .ਐਸ ਦੇ ਰਿਮੋਟ ਕੰਟਰੋਲ ਨਾਲ ਚਲ ਰਿਹਾ ਹੈ।ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਭਾਜਪਾ ਤੇ ਆਰ. ਐਸ. ਐਸ ਦੀਆਂ ਚਾਲਾਂ ਨੂੰ ਨਾਕਾਮ ਕਰਨ ਲਈ ਅੱਗੇ ਆਉਣ। ਇਸ ਮੌਕੇ ਹਰਜਿੰਦਰ ਸਿੰਘ ਸਾਂਘਣਾ, ਕਾਬਲ ਸਿੰਘ ਬਾਸਰਕੇ ਸਰਪੰਚ, ਜਸਬੀਰ ਸਿੰਘ ਇੱਬਣ ਕਲਾਂ, ਬਲਜਿੰਦਰ ਸਿੰਘ ਤੇ ਹੋਰ ਆਗੂ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media