
ਅੰਮ੍ਰਿਤਸਰ, 3 ਨਵੰਬਰ (ਗੁਰਚਰਨ ਸਿੰਘ) – ਜੀ.ਟੀ ਰੋਡ ਵੱਲਾ ਬਾਈਪਾਸ ਦੇ ਟੀ ਪੁਆਇੰਟ ‘ਤੇ ਬਣ ਰਿਹਾ ਵਿਸ਼ਾਲ ਦਰਸ਼ਨੀ ਗੇਟ ਸ਼ਹਿਰੀਆਂ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੇ ਸ਼ਰਧਾਲੂਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਅਤੇ ਇਸ ਦੇ ਨਾਲ ਪੈਦਾ ਹੋਈ ਆਵਾਜਾਈ ਸੱਮਸਿਆ ਛੇਤੀ ਹੱਲ ਨਾ ਹੋਣ ਦੇ ਆਸਾਰ ਨੂੰ ਦੇਖਦਿਆਂ ਟਰੈਫਿਕ ਵਿਭਾਗ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਸੜਕ ਦੇ ਡਿਵਾਈਡਰ ਨੂੰ ਤੋੜ ਕੇ ਆਰਜ਼ੀ ਰਸਤਾ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਟਰੈਫਿਕ-1 ਦੇ ਇੰਚਾਰਜ ਐਸ.ਆਈ ਸ੍ਰ. ਕੁਲਬੀਰ ਸਿੰਘ ਨੇ ਦੱਸਿਆ ਕਿ ਟਰੈਫਿਕ ਪੁਿਲਸ ਵਿਭਾਗ ਦੇ ਐਸ.ਪੀ ਸ੍ਰੀ ਦਰੁੱਪਦ ਨਿੰਬਲੇ ਨੇ ਜਦ ਇਸ ਮੁਸ਼ਕਲ ਦਾ ਜਾਇਜ਼ਾ ਲਿਆ ਤਾਂ ਇਲਾਕਾ ਵਾਸੀਆਂ ਨੇ ਸੁਝਾਅ ਦਿੱਤਾ ਸੀ ਕਿ ਬਣ ਰਹੇ ਦਰਸ਼ਨੀ ਗੇਟ ਕਾਰਣ ਵਾਪਰਣ ਵਾਲੇ ਹਾਦਸਿਆਂ ਦੇ ਹੱਲ ਲਈ ਸਰਵਿਸ ਲੇਨ ਸਿੱਧੀ ਕਰਕੇ ਚੌਕ ਨਾਲ ਮਿਲਾ ਦਿੱਤੀ ਜਾਵੇ, ਜੋ ਪਹਿਲਾਂ ਖੱਬੇ ਪਾਸੇ ਹੁੰਦਿਆਂ ਚੌਕ ਵੱਲ ਆ ਕੇ ਦੋਬੁਰਜੀ ਵੱਲ ਜਾਂਦੀ ਸੀ।ਇਸ ਸੁਝਾਅ ਨੂੰ ਸਹੀ ਸਮਝਦਿਆਂ ਐਸ.ਪੀ ਟਰੈਫਿਕ ਸ੍ਰੀ ਦਰੁੱਪਦ ਨਿੰਬਲੇ ਨੇ ਨਗਰ ਨਿਗਮ ਨਾਲ ਗੱਲਬਾਤ ਕਰਕੇ ਡਿਵਾਈਡਰ ਤੋੜਣ ਦਾ ਫੈਸਲਾ ਲੈਣ ਉਪਰੰਤ ਆਰਜ਼ੀ ਰਸਤਾ ਬਣਾਉਣ ਦਾ ਉਪਰਾਲਾ ਕੀਤਾ ਹੈ।
ਜਿਕਰਯੋਗ ਹੈ ਕਿ ਇਹ ਦਰਸ਼ਨੀ ਗੇਟ ਦਾ ਕੰਮ ਲਮਕਦਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਪ੍ਰਵੇਸ਼ ਦੁਆਰ ‘ਤੇ ਹਾਈਵੇਅ ਰੁਕਣ ਨਾਲ ਆਵਾਜਾਈ ਲੰਮੇ ਸਮੇਂ ਤੋਂ ਪ੍ਰਭਾਵਿਤ ਹੋਈ ਹੈ ਅਤੇ ਇਥੇ ਵਾਪਰੇ ਖਤਰਨਾਕ ਹਾਦਸਿਆਂ ‘ਚ ਕਈ ਕੀਮਤਾਂ ਜਾਨਾਂ ਅਜ਼ਾਈਂ ਜਾ ਚੁੱਕੀਆਂ ਹਨ। ਲੇਕਿਨ ਬੀਤੇ ਦਿਨੀਂ ਗਾਰਡਨ ਕਲੌਨੀ ਦੇ ਸਾਹਮਣੇ ਯੂ-ਟਰਨ ‘ਤੇ ਬੱਸ ਹੇਠ ਮੋਟਰ ਸਾਈਕਲ ਆ ਜਾਣ ਦੇ ਹਾਦਸੇ ‘ਚ ਦੋ ਮੋਟਰ ਸਾਈਕਲ ਸਵਾਰਾਂ ਵਿਚੋਂ ਇੱਕ ਦੀ ਮੌਤ ਤੇ ਦੂਜੇ ਦੇ ਗੰੰਭੀਰ ਜਖਮੀ ਹੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਬਾਈਪਾਸ ਚੌਕ ਨੂੰ ਜਾਂਦੀ ਸਰਵਿਸ ਲੇਨ (ਸੜਕ) ਸਿੱਧੀ ਚੌਕ ਨਾਲ ਮਿਲਾਉਣ ਦਾ ਫੈਸਲਾ ਲਿਆ ਗਿਆ ਹੈ।
Punjab Post Daily Online Newspaper & Print Media