ਪਠਾਨਕੋਟ, 5 ਨਵੰਬਰ (ਪ.ਪ)- ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਸਾਇੰਸ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੂਚੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।ਜਿਸ ਤਹਿਤ ਹਰ ਸਾਲ ਸੂਬੇ ਦੇ ਹਰੇਕ ਜਿਲ੍ਹੇ ਵਿੱਚ ਸਾਇੰਸ ਇੰਸਪਾਇਰ ਐਵਾਰਡ ਅਧੀਨ ਮੁਕਾਬਲੇ ਕਰਵਾਏ ਜਾਂਦੇ ਹਨ।ਇਹ ਪ੍ਰਗਟਾਵਾ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਨੇ ਕਰਦਿਆਂ ਦੱਸਿਆ ਕਿ ਸਾਇੰਸ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੂਚੀ ਬਣਾਉਣ ਲਈ ਸਾਇੰਸ ਸਿਟੀ ਕਪੂਰਥਲਾ ਵਲੋਂ ਮੋਬਾਇਲ ਵੈਨ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਾਇੰਸ ਵਿਸ਼ਿਆਂ ਸਬੰਧੀ ਜਾਗਰੂਕ ਕਰਨ ਲਈ ਸਾਇੰਸ ਐਕਸਪ੍ਰੈਸ ਰੇਲ ਗੱਡੀ ਵੀ ਚਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਵੀਂਆਂ-ਨਵੀਂਆਂ ਯੋਜਨਾਵਾ ਬਣਾ ਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।
ਡਿਪਟੀ ਸਪੀਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਵਲੋਂ ਜਿਲ੍ਹਾ ਪਠਾਨਕੋਟ ਵਿੱਚ 9 ਅਤੇ 10 ਨਵੰਬਰ 2015 ਨੂੰ ਤੀਸਰਾ ਸਾਇੰਸ ਇੰਸਪਾਇਅਰ ਐਵਾਰਡ ਪ੍ਰੋਗਰਾਮ ਜਿਲ੍ਹਾ ਪਠਾਨਕੋਟ ਦੇ ਪਿੰਡ ਝਾਖੋਲਾਹੜੀ ਵਿਖੇ ਕਰਵਾਇਆ ਜਾ ਰਿਹਾ ਹੈ।ਇਨ੍ਹਾਂ ਮੁਕਾਬਲਿਆਂ ਵਿੱਚ ਜਿਲ੍ਹਾ ਪਠਾਨਕੋਟ ਦੇ 157 ਸਰਕਾਰੀ ਸਕੂਲਾਂ ਅਤੇ ਹੋਰ ਨਿੱਜੀ ਸਕੂਲਾਂ ਦੇ ਕਰੀਬ 316 ਵਿਦਿਆਰਥੀ ਭਾਗ ਲੈ ਰਹੇ ਹਨ।ਉਨ੍ਹਾਂ ਦੱਸਿਆ ਕਿ ਸਾਇੰਸ ਮਾਡਲ ਬਣਾਉਣ ਲਈ ਸਰਕਾਰ ਵਲੋਂ ਪ੍ਰਤੀ ਵਿਦਿਆਰਥੀ ਨੂੰ ਪੰਜ ਹਜਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 2013 ਵਿੱਚ ਕਰੀਬ 12 ਲੱਖ ਰੁਪਏ ਖਰਚ ਕਰਕੇ ਪਹਿਲਾ ਸਾਇੰਸ ਇੰਸਪਾਇਅਰ ਅਵਾਰਡ ਮੁਕਾਬਲਾ ਕਰਵਾਇਆ ਗਿਆ ਸੀ।ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਖ ਵੱਖ ਸਕੂਲਾਂ ਦੇ ਲਗਭਗ 223 ਵਿਦਿਆਰਥੀਆਂ ਨੇ ਭਾਗ ਲਿਆ ਸੀ।ਕੇ.ਐਫ.ਸੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਮਨਦੀਪ ਸਿੰਘ ਨੇ ਇਸ ਅਵਾਰਡ ਦੇ ਮੁਕਾਬਲਿਆਂ ਵਿੱਚ ਪਹਿਲਾਂ ਪੰਜਾਬ ਪੱਧਰ ‘ਤੇ ਅਤੇ ਫਿਰ ਰਾਸ਼ਟਰੀ ਪੱਧਰ ‘ਤੇ ਹਿੱਸਾ ਲਿਆ। ਇਸੇ ਤਰਾਂ ਸਾਲ 2014 ਵਿੱਚ ਲਗਭਗ 9.50 ਲੱਖ ਰੁਪਏ ਖਰਚ ਕਰਕੇ ਦੂਸਰਾ ਸਾਇੰਸ ਇੰਸਪਾਇਅਰ ਅਵਾਰਡ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਖ ਵੱਖ ਸਕੂਲਾਂ ਦੇ ਕਰੀਬ 190 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇੰਨ੍ਹਾਂ ਵਿੱਚੋਂ ਸੈਂਟ ਜੋਸਿਫ ਕਾਨਵੈਂਟ ਸਕੂਲ ਪਠਾਨਕੋਟ ਦੀ ਵਿਦਿਆਰਥਣ ਰਿਆ ਮਹਾਜਨ ਨੇ ਪੰਜਾਬ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media