Saturday, October 17, 2026

ਸਰਬੱਤ ਖਾਲਸਾ ਜਥੇਦਾਰ ਅਕਾਲ ਤਖਤ ਦੀ ਇਜ਼ਾਜਤ ਨਾਲ ਹੀ ਬੁਲਾਇਆ ਜਾ ਸਕਦਾ ਹੈ- ਗਿ: ਗੁਰਬਚਨ ਸਿੰਘ

G. Gurbachan S11a

 ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੁੱਝ ਪੰਥਕ ਜਥੇਬੰਦੀਆਂ ਵੱਲੋ ਬੁਲਾਏ ਜਾ ਰਹੇ ਸਰਬੱਤ ਖਾਲਸੇ ਨੂੰ ਗੈਰ ਸਿਧਾਂਤਕ ਤੇ ਗੈਰ ਪੰਥਕ ਗਰਦਾਨਦਿਆ ਕਿਹਾ ਕਿ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਰਬੱਤ ਖਾਲਸਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੀ ਬੁਲਾਇਆ ਜਾ ਸਕਦਾ ਹੈ ਅਤੇ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਵੀ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਹੈ ਪਰ ਜਿਹੜੀਆਂ ਧਿਰਾਂ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਕਰ ਰਹੀਆਂ ਹਨ, ਉਹਨਾਂ ਨੇ ਨਾ ਤਾਂ ਸਰਬੱਤ ਖਾਲਸਾ ਬੁਲਾਉਣ ਦੀ ਪ੍ਰਵਾਨਗੀ ਲਈ ਹੈ ਅਤੇ ਨਾ ਹੀ ਉਹਨਾਂ ਨੂੰ ਅਜਿਹਾ ਕਰਨ ਦਾ ਕੋਈ ਪੰਥਕ ਰਵਾਇਤਾਂ ਅਨੁਸਾਰ ਅਧਿਕਾਰ ਹੈ। ਉਹਨਾਂ ਕਿਹਾ ਕਿ ਜਿਹੜੀਆ ਧਿਰਾਂ ਸਰਬੱਤ ਖਾਲਸਾ ਬੁਲਾਉਣ ਦੀ ਬਾਤ ਪਾ ਰਹੀਆਂ ਹਨ, ਉਹਨਾਂ ਨੂੰ ਪੰਥ ਵਿਰੋਧੀ ਸਫਾਂ ਦੇ ਇਸ਼ਾਰਿਆ ‘ਤੇ ਪੰਥਕ ਸੰਵਿਧਾਨਕ ਢਾਂਚੇ ਨਾਲ ਖਿਲਵਾੜ ਨਹੀ ਕਰਨਾ ਚਾਹੀਦਾ।ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੈਰ ਪੰਥਕ ਸਰਬੱਤ ਖਾਲਸੇ ਤੋਂ ਦੂਰੀ ਬਣਾਈ ਰੱਖਣ।ਉਹਨਾਂ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਧਿਰਾਂ ਨੂੰ ਵੀ ਕਿਹਾ ਕਿ ਉਹ ਸਰਬੱਤ ਖਾਲਸਾ ਬੁਲਾਉਣ ਦਾ ਵਿਚਾਰ ਤਿਆਗ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿਤ ਹੋਣ ਕਿਉਕਿ ਇਤਿਹਾਸ ਦੇ ਪੰਨਿਆਂ ‘ਤੇ ਦਰਜ ਹੈ ਕਿ ਜਦੋਂ ਵੀ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਹਰ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਨਜੂਰੀ ਤੋ ਬਗੈਰ ਬੁਲਾਇਆ ਗਿਆ ਤਾਂ ਉਸ ਦੇ ਮਾੜੇ ਸਿੱਟੇ ਵੀ ਕੌਮ ਨੂੰ ਭੁਗਤਣੇ ਪਏ ਹਨ। ਉਹਨਾਂ ਕਿਹਾ ਕਿ ਅੱਜ ਸਰਬੱਤ ਖਾਲਸਾ ਬੁਲਾਉਣ ਦੀ ਲੋੜ ਨਹੀ, ਸਗੋ ਮੌਜੂਦਾ ਸਮੇਂ ਪੰਥਕ ਏਕਤਾ ਕਰਕੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਕਰਨੇ ਚਾਹੀਦੇ ਹਨ । ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜੇਕਰ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਧਿਰਾਂ ਸ੍ਰੀ ਅਕਾਲ ਤਖਤ ਤੋਂ ਦਿੱਤੇ ਗਏ ਆਦੇਸ਼ ਦੇ ਬਾਵਜੂਦ ਵੀ ਮਰਿਆਦਾ ਦਾ ਉਲੰਘਣਾ ਕਰਕੇ ਸਰਬੱਤ ਖਾਲਸਾ ਬੁਲਾਉਣ ਲਈ ਦ੍ਰਿੜ ਰਹਿੰਦੀਆਂ ਹਨ ਤਾਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰ ਕਰਕੇ ਉਹਨਾਂ ਦੇ ਖਿਲਾਫ ਮਰਿਆਦਾ ਅਨੁਸਾਰ ਕਾਰਵਾਈ ਵੀ ਕੀਤੀ ਜਾ ਸਕਦੀ ਹੈ।ਉਹਨਾਂ ਕਿਹਾ ਕਿ ਦੀਵਾਲੀ ਤੋਂ ਬਾਅਦ ਪੰਥਕ ਵਿਦਵਾਨਾਂ ਤੇ ਸਾਰੀਆਂ ਪੰਥਕ ਜਥੇਬੰਦੀਆ ਦੇ ਮੁੱਖੀਆਂ ਜਾਂ ਨੁੰਮਾਇੰਦਿਆ ਦੀ ਇੱਕ ਮੀਟਿੰਗ ਬੁਲਾ ਕੇ ਪੰਥਕ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਸਰਬੱਤ ਖਾਲਸਾ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਹਰ ਬੁਲਾਉਣ ਦੀ ਪਿਰਤ ਪੈ ਗਈ ਤਾਂ ਫਿਰ ਸਰਬੱਤ ਖਾਲਸਾ ਦੀ ਇਤਿਹਾਸਕ ਮਹੱਤਤਾ ਖਤਮ ਹੋ ਜਾਵੇਗੀ ਜੋ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ।ਉਹਨਾਂ ਕਿਹਾ ਕਿ ਪੰਥਕ ਕਨਵੈਨਸ਼ਨ ਤਾਂ ਜਥੇਬੰਦੀਆ ਆਪਣੀ ਮਰਜ਼ੀ ਨਾਲ ਕਰ ਸਕਦੀਆਂ ਹਨ, ਪਰ ਸਰਬਤ ਖਾਲਸਾ ਨਹੀ ਬੁਲਾ ਸਕਦੀਆਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਪੋਥੀਆਂ ਦੀ ਬਾਰ ਬਾਰ ਹੋ ਰਹੀ ਬੇਅਦਬੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਕੋਈ ਅਵੇਸਲਾਪਣ ਨਹੀ ਰੱਖਣਾ ਚਾਹੀਦਾ ਅਤੇ ਤੁਰੰਤ ਉਹਨਾਂ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਕੇ ਸਜਾਵਾਂ ਦੇਣੀਆ ਚਾਹੀਦੀਆਂ ਹਨ, ਜਿਹੜੀਆਂ ਬਾਰ ਬਾਰ ਕਿਸੇ ਗਿਣੀ ਮਿਥੀ ਸਾਜਿਸ਼ ਤਹਿਤ ਬੱਜ਼ਰ ਗਲਤੀ ਕਰਕੇ ਸਿੱਖ ਸੰਗਤਾਂ ਵਿੱਚ ਰੋਹ ਪੈਦਾ ਕਰ ਰਹੀਆਂ ਹਨ।ਉਹਨਾਂ ਕਿਹਾ ਕਿ ਸਰਕਾਰੀ ਗੁਪਤਚਰ ਏਜੰਸੀਆਂ ਵੀ ਦੋਸ਼ੀਆਂ ਦੀ ਭਾਲ ਕਰਨ ਵਿੱਚ ਨਾਕਾਮ ਰਹੀਆਂ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿਭਾਗ ਨੂੰ ਚੁੱਸਤ ਦਰੁੱਸਤ ਕੀਤਾ ਜਾਵੇ।ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਕਾਰਗੁਜਾਰੀ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਸz ਸੁਖਬੀਰ ਸਿੰਘ ਬਾਦਲ ਪੂਰੀ ਤਰਾਂ ਚਿੰਤੁਤ ਹਨ ਤੇ ਉਹ ਕਾਰਵਾਈ ਕਰਨ ਲਈ ਦ੍ਰਿੜ ਹਨ। ਉਹਨਾਂ ਕਿਹਾ ਕਿ ਬੀਤੇ ਕਲ੍ਹ ਜਦੋਂ ਪਿੰਡ ਮੱਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ ਦੀ ਜਾਣਕਾਰੀ ਮਿਲੀ ਤਾਂ ਸੁਖਬੀਰ ਸਿੰਘ ਬਾਦਲ ਨੇ ਜਿਥੇ ਤੁਰੰਤ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਉਥੇ ਸਬੰਧਿਤ ਜਿਲ੍ਹੇ ਅਧਿਕਾਰੀਆਂ ਨੂੰ ਵੀ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਵੀ ਸ਼ਰਤ ‘ਤੇ ਬਰਦਾਸ਼ਤ ਨਹੀ ਕੀਤੀ ਜਾ ਸਕਦੀ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਪ੍ਰਬੰਧਕ ਕਮੇਟੀਆ ਨੂੰ ਪਿਛਲੇ ਕਰੀਬ ਪੰਜ ਸਾਲਾ ਤੋ ਸੁਚੇਤ ਕੀਤਾ ਜਾਂਦਾ ਰਿਹਾ ਹੈ ਕਿ ਉਹ ਗੁਰੂ ਸਾਹਿਬ ਵਾਲੇ ਕਮਰੇ ਦੇ ਬਾਹਰ ਸੁਰੱਖਿਆ ਦੇ ਕੜੇ ਪ੍ਰਬੰਧ ਕਰਨ ਅਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਤਾਂ ਕਿ ਜੇਕਰ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਹੈ ਤਾਂ ਉਸ ਦੀ ਤੁਰੰਤ ਸ਼ਨਾਖਤ ਕੀਤੀ ਜਾ ਸਕੇ ਪਰ ਹਾਲੇ ਤੱਕ ਵੀ ਬਹੁਤ ਸਾਰੀਆ ਕਮੇਟੀਆਂ ਨੇ ਇਹ ਪ੍ਰਬੰਧ ਨਹੀ ਕੀਤੇ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply