ਇਸ ਦਾ ਵਿਧੀ ਵਿਧਾਨ, ਰੂਪ ਰੇਖਾ,ਪੰਥ ਅੰਦਰ ਇਹਨਾਂ ‘ਤੇ ਲਾਜਮੀ ਸਹਿਮਤੀ ਅਤੇ ਇਸ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹੋਣ
ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਮ ਪੜ੍ਹਿਆ ਜਾਣ ਵਾਲਾ ਸੰਦੇਸ਼ ਜਥੇਦਾਰ ਦੀ ਬਜਾਏ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਕਿਸੇ ਹੋਰ ਸਿੰਘ ਸਾਹਿਬ ਤੋਂ ਪੜ੍ਹਾ ਲਿਆ ਜਾਵੇ:ਬਾਬਾ ਹਰਨਾਮ ਸਿੰਘ
ਅੰਮ੍ਰਿਤਸਰ 6 ਨਵੰਬਰ (ਪੰਜਾਬ ਪੋਸਟ ਬਿਊਰੋ)- ਦਮਦਮੀ ਟਕਸਾਲ ਦੇ ਮੁਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ‘ਅਸੀਂ ਸਰਬਤ ਖ਼ਾਲਸਾ ਸੰਸਥਾ ਦੇ ਪੁਨਰ ਸੁਰਜੀਤੀ ਦੇ ਹੱਕ ਵਿੱਚ ਹਾਂ, ਲੇਕਿਨ ਪਹਿਲਾਂ ਇਸ ਦਾ ਵਿਧੀ ਵਿਧਾਨ , ਰੂਪ ਰੇਖਾ ਤਹਿ ਹੋਣਾ , ਪੰਥ ਅੰਦਰ ਇਹਨਾਂ ‘ਤੇ ਸਹਿਮਤੀ ਹੋਣੀ ਅਤੇ ਇਸ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹੋਣਾ ਚਾਹੀਦਾ ਹੈ’।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸਰਬਤ ਖ਼ਾਲਸਾ ਸਿੱਖਾਂ ਦੀ ਇਤਿਹਾਸਕ ਸੰਸਥਾ ਹੈ ਅਤੇ ਸਿੱਖ ਪਰੰਪਰਾਵਾਂ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਪੁਰਾਤਨ ਰਵਾਇਤ ਬਣੀ ਹੋਈ ਹੈ ਇਸ ਕਾਰਨ ਇਸ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾ ਕੇ ਰਖਣਾ ਸਮੇਂ ਦੀ ਮੁੱਖ ਲੋੜ ਹੈ।ਉਹਨਾਂ ਕਿਹਾ ਕਿ 10 ਨਵੰਬਰ 2015 ਨੂੰ ਸਰਬਤ ਖ਼ਾਲਸਾ ਦੇ ਨਾਮ ਹੇਠ ਹੋਣ ਜਾ ਰਹੀ ਇਕੱਤਰਤਾ ਵਿੱਚ ਦਮਦਮੀ ਟਕਸਾਲ ਅਤੇ ਸੰਤ ਸਮਾਜ ਹਿੱਸਾ ਲੈਣ ਬਾਰੇ ਹਾਂ ਪੱਖੀ ਵਿਚਾਰ ਰੱਖਦਾ ਹੈ ਜੇ ਉਕਤ ਦਾ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਹੋਣ ਅਤੇ ਸਮੂਹ ਪੰਥਕ ਧਿਰਾਂ ਨੂੰ ਇਸ ਵਿੱਚ ਸ਼ਾਮਿਲ ਕਰਨ ਅਤੇ ਦੇਸ਼ ਵਿਦੇਸ਼ਾਂ ਭਾਵ ਦੁਨੀਆ ਭਰ ਦੇ ਸਿੱਖ ਸੰਗਤਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਯਕੀਨੀ ਹੋਵੇ, ਅਤੇ ਇਸ ਦੇ ਏਜੰਡੇ ਬਾਰੇ ਕੌਮੀ ਰਾਏ ਬਣਾ ਕੇ ਪੂਰਨ ਸਹਿਮਤੀ ਕੀਤੀ ਜਾਵੇ।
ਸਰਬਤ ਖ਼ਾਲਸਾ ਦੀ ਰਵਾਇਤ ਦੀ ਗਲ ਕਰਦਿਆਂ ਟਕਸਾਲ ਮੁਖੀ ਨੇ ਕਿਹਾ ਕਿ ਸਿੱਖ ਕੌਮ ਨੇ ਬਿਖੜੇ ਸਮਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਲੈਂਦਿਆਂ ਸਰਬਤ ਖ਼ਾਲਸਾ ਸੰਸਥਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੇਂਦਰਿਤ ਕਰੀ ਰੱਖਿਆ। ਸਿੱਖ ਮਿਸਲਾਂ ਦੇ ਸਮੇਂ ਵੀ ਸਿੱਖ ਮਸਲਿਆਂ ਵਿੱਚ ਕਈ ਵੱਡੇ ਵਖਰੇਵਿਆਂ ਦੇ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਰਬਤ ਖ਼ਾਲਸਾ ਸੱਦ ਕੇ ਕੌਮੀ ਏਕਤਾ ਦਾ ਸਬੂਤ ਦਿੱਤਾ ਜਾਂਦਾ ਰਿਹਾ,ਬ੍ਰਿਟਿਸ਼ ਰਾਜ ਦੌਰਾਨ 1920 ਵਿੱਚ ਗੁਰਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਵਾਸਤੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਤਰ ਹੋ ਕੇ ਸਰਬਤ ਖ਼ਾਲਸਾ ਦੀਆਂ ਪਰੰਪਰਾਵਾਂ ਅਨੁਸਾਰ ਫੈਸਲੇ ਲੈ ਕੇ ਗੁਰਧਾਮਾਂ ਦੇ ਪ੍ਰਬੰਧਾਂ ਲਈ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ , 1984 ਦੌਰਾਨ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਵੱਲੋਂ ਸਿੱਖਾਂ ਦੇ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭਿਆਨਕ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਉਸ ਸਮੇਂ ਸਿੱਖ ਕੌਮ ਦਾ ਧਾਰਮਿਕ ਅਤੇ ਰਾਜਨੀਤਿਕ ਤਾਣਾ ਬਾਣਾ ਟੁੱਟ ਚੁੱਕਿਆ ਸੀ। ਉਸ ਖ਼ਲਾਅ ਨੂੰ ਪੂਰਨ ਲਈ ਦਮਦਮੀ ਟਕਸਾਲ ਨੇ ਪਹਿਲਾਂ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 29 ਨਵੰਬਰ 1985 ਨੂੰ ਭਾਰੀ ਵਿਸ਼ਾਲ ਪੰਥਕ ਇਕੱਠ ਕੀਤਾ। ਉਕਤ ਇਕੱਠ ਦੌਰਾਨ ਕੌਮ ਦੀਆਂ ਪੰਥਕ ਧਿਰਾਂ, ਜਥੇਬੰਦੀਆਂ ਅਤੇ ਸ਼ਹੀਦ ਪਰਿਵਾਰਾਂ ਸਮੇਤ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਦੋ ਅਹਿਮ ਫੈਸਲੇ ਲਏ , ਜਿਸ ਵਿੱਚ ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਕਾਰੀ ਤੌਰ ‘ਤੇ ਕੀਤੀ ਜਾ ਰਹੀ ਮੁਰੰਮਤ ਨੂੰ ਰੱਦ ਕਰ ਕੇ ਸਿੱਖ ਸੰਗਤਾਂ ਦੇ ਕਰ ਕਮਲਾਂ ਨਾਲ ਨਵ ਨਿਰਮਾਣ ਕਾਰ ਸੇਵਾ ਕਰਨ ਅਤੇ ਦੂਜੇ ਫੈਸਲੇ ਰਾਹੀਂ 26 ਜਨਵਰੀ 1986 ਨੂੰ ਸਰਬਤ ਖ਼ਾਲਸਾ ਬੁਲਾਉਣ ਦੀ ਪ੍ਰਵਾਨਗੀ ਲਈ ਗਈ।
ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦਾਅਵਾ ਕੀਤਾ ਕਿ ਇਸ ਸਰਬੱਤ ਖਾਲਸਾ ਵਿੱਚ ਕੌਮ ਦੇ ਵਡੇਰੇ ਹਿਤਾਂ ਲਈ ਵੱਡੇ ਫੈਸਲੇ ਲਏ ਗੲ।ਉਨ੍ਹਾਂ ਦੁਹਰਾਇਆ ਕਿ ਅਜੋਕੇ ਸਮੇਂ ਕੌਮ ਅੰਦਰ ਆਪਸੀ ਵਖਰੇਵੇਂ ਵਧੇ ਹੋਏ ਹਨ, ਅਜਿਹੇ ਸਮੇਂ ਸਰਬਤ ਖ਼ਾਲਸਾ ਦੇ ਨਾਮ ਹੇਠ ਕੀਤਾ ਜਾਣ ਵਾਲਾ ਇਕੱਠ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਹੋਰ ਉਲਝਾਏਗਾ ਅਤੇ ਸਿੱਖ ਕੌਮ ਅੰਦਰ ਹੋਰ ਨਿਰਾਸ਼ਤਾ ਨੂੰ ਜਨਮ ਦੇਣ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ 10 ਨਵੰਬਰ ਦਾ ਇਕੱਠ ਕਰਨ ਦੀ ਕਵਾਇਦ ਭਵਿੱਖ ਵਿੱਚ ਸਰਬੱਤ ਖ਼ਾਲਸਾ ਦੇ ਸਿਧਾਂਤ ਨੂੰ ਬੌਣਿਆਂ ਕਰ ਦੇਵੇਗੀ ਤੇ ਜਦੋਂ ਮਰਜ਼ੀ ਕੁੱਝ ਵਿਸ਼ੇਸ਼ ਧਿਰਾਂ ਆਪਣੀ ਲੋੜ ਮੁਤਾਬਿਕ ਬੁਲਾਏ ਇਕੱਠ ਨੂੰ ਸਰਬੱਤ ਖ਼ਾਲਸਾ ਦਾ ਨਾਂਅ ਦੇਣ ਲੱਗ ਪੈਣਗੀਆਂ । ਉਹਨਾਂ 10 ਨਵੰਬਰ ਦੀ ਇਕੱਤਰਤਾ ਕਰਨ ਵਾਲੇ ਪ੍ਰਬੰਧਕ ਆਗੂਆਂ ਨੂੰ ਸਨਿਮਰ ਬੇਨਤੀ ਕਰਦਿਆਂ ਕਿਹਾ ਕਿ ਉਪਰੋਕਤ ਕੀਤੀਆਂ ਗਈਆਂ ਸਿਧਾਂਤਕ ਵਿਚਾਰਾਂ ਦੀ ਰੋਸ਼ਨੀ ਵਿੱਚ ਸਰਬਤ ਖ਼ਾਲਸਾ ਦੀ ਅਹਿਮੀਅਤ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ।
ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਕੁਝ ਪੰਥ ਵਿਰੋਧੀਆਂ ਵੱਲੋਂ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਾਰਮਿਕ ਨੁਮਾਇੰਦਾ ਅਤੇ ਸੰਵਿਧਾਨਿਕ ਸੰਸਥਾ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਖੋਰਾ ਲਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਲਈ ਅਤੇ ਸ਼ੋ੍ਰਮਣੀ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਲਈ ਸਿੱਖ ਕੌਮ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਕਤ ਸੰਘਰਸ਼ਾਂ ਦੌਰਾਨ ਦਮਦਮੀ ਟਕਸਾਲ ਦੇ ਮੁਖੀਆਂ ਨੇ ਵੀ ਬਹੁਤ ਵੱਡਾ ਸੰਘਰਸ਼ ਕੀਤਾ ਹੈ।ਉਹਨਾਂ ਕਿਹਾ ਕਿ ਕੌਮ ‘ਤੇ ਕਦੀ ਬਿਖੜਾ ਸਮਾਂ ਆ ਜਾਏ ਜਾਂ ਜਥੇਦਾਰ ਸਾਹਿਬ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹੋਣ ਤਾਂ ਖ਼ਾਲਸਾ ਪੰਥ ਵੀ ਸਰਬਤ ਖ਼ਾਲਸਾ ਬੁਲਾ ਸਕਦਾ ਹੈ ਪਰ ਇਸ ਦਾ ਕੇਂਦਰ ਤੇ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹੋਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਮੌਜੂਦਾ ਜਥੇਦਾਰਾਂ ਨੂੰ ਹਟਾ ਕੇ ਉਨ੍ਹਾਂ ਦੀ ਜਗਾਹ ਕਾਰਜਕਾਰੀ ਜਥੇਦਾਰ ਲਗਾਉਣ ਬਾਰੇ ਟਕਸਾਲ ਅਤੇ ਸੰਤ ਸਮਾਜ ਆਪਣੀ ਰਾਏ ਅਕਾਲੀ ਦਲ ਪਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪਰਧਾਨ ਨੂੰ ਦੇ ਚੁੱਕਾ ਹੈ ਲੇਕਿਨ ਜਥੇਦਾਰਾਂ ਬਾਰੇ ਅੰਤਿਮ ਫੈਸਲਾ ਤਾਂ ਸ਼੍ਰੋਮਣੀ ਕਮੇਟੀ ਨੇ ਹੀ ਲੈਣਾ ਹੈ।ਉਨ੍ਹਾਂ ਕਿਹਾ ਕਿ ਜਥੇਦਾਰਾਂ ਖਿਲਾਫ ਵਿਆਪਕ ਸੰਗਤੀ ਰੋਸ ਦੇ ਚਲਦਿਆਂ ਇਸ ਸਾਲ ਬੰਦੀ ਛੋੜ ਦਿਵਸ ਮੌਕੇ ਦਰਸ਼ਨੀ ਡਿਊੜੀ ਦੀ ਫਸੀਲ ਤੋਂ ਕੌਮ ਦੇ ਨਾਮ ਪੜ੍ਹਿਆ ਜਾਣ ਵਾਲਾ ਸੰਦੇਸ਼ ਜਥੇਦਾਰ ਦੀ ਬਜਾਏ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਕਿਸੇ ਹੋਰ ਸਿੰਘ ਸਾਹਿਬ ਤੋਂ ਪੜ੍ਹਾ ਲਿਆ ਜਾਵੇ।ਇਸ ਮੌਕੇ ਭਾਈ ਜਸਬੀਰ ਸਿੰਘ ਰੋਡੇ, ਭਾਈ ਅਜੈਬ ਸਿੰਘ ਅਭਿਆਸੀ, ਜਥੇਦਾਰ ਦਰਸ਼ਨ ਸਿੰਘ ਮੰਡ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਪ੍ਰਮਜੀਤ ਸਿੰਘ ਇੰਗਲੈਡ, ਭਾਈ ਪ੍ਰਣਾਮ ਸਿੰਘ, ਭਾਈ ਗੁਰਪ੍ਰੀਤ ਸਿੰਘ ਤੇ ਭਾਈ ਸਤਨਾਮ ਸਿੰਘ ਮੌਜੂਦ ਸਨ।
Punjab Post Daily Online Newspaper & Print Media