
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ ਸੱਗੂ) – ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ), ਜਿਸ ਦੇ ਸਰਪ੍ਰੱਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਹਨ, ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਤੇ ਸਕੱਤਰ ਜਨਰਲ ਮੇਜਰ ਸਿੰਘ ਖਾਲਸਾ ਨੇ ਫੈਡਰੇਸ਼ਨ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਉਕਤ ਆਗੂਆਂ ਨੇ ਕਿਹਾ ਹੈ ਕਿ ਸਿੱਖ ਪੰਥ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੌਮਣੀ ਅਕਾਲੀ ਦਲ ਮਹਾਨ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈਆਂ ਹਨ।ਇਹਨਾਂ ਪਿੱਛੇ ਕੌਮ ਦੇ ਮਹਾਨ ਆਗੂਆਂ ਦੀਆਂ ਵੱਡੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਮਾਨਾਮੱਤਾ ਇਤਿਹਾਸ ਹੈ।ਲੇਕਿਨ ਅੱਜ ਮੌਜ਼ੂਦਾ ਗੰਧਲੀ ਰਾਜਨੀਤੀ ਕਾਰਨ ਇਹਨਾਂ ਸੰਸਥਾਵਾਂ ਦੇ ਰੁਤਬੇ ਤੇ ਮਾਣ ਸਨਮਾਨ ਨੂੰ ਭਾਰੀ ਠੇਸ ਪੁੱਜੀ ਹੈ, ਜੋ ਅਮਿਟ ਹੈ।ਉਨਾਂ ਕਿਹਾ ਕਿ ਧਰਮ ਦੀਆਂ ਇਨਾਂ ਮੋਹਰੀ ਸੰਸਥਾਵਾਂ, ਸੰਪ੍ਰਦਾਵਾਂ ਦੇ ਮੁੱਖੀ ਰਾਜਸੀ ਅਕਾਵਾਂ ਅੱਗੇ ਗੋਡਿਆਂ ਭਾਰ ਹੋਏ ਬੈਠੇ ਦਿਖਾਈ ਦੇ ਰਹੇ ਹਨ ਅਤੇ ਧਾਰਮਿਕ ਮੁੱਖੀਆਂ, ਜਥੇਦਾਰਾਂ ਦੀ ਸੋਚ, ਵਿਚਾਰਧਾਰਾ ਜੋ ਪੰਥ ਦੀ ਅਵਾਜ਼ ਬਣ ਕੇ ਕੌਮ ਦੀ ਅਗਵਾਈ ਕਰਦੀ ਆਈ ਹੈ, ਅੱਜ ਪੂਰੀ ਤਰਾਂ ਸਿਆਸੀ ਗੁਲਾਮੀ ਕਬੂਲ ਕਰ ਚੁੱਕੀ ਹੈ।ਉਨਾਂ ਕਿਹਾ ਕਿ ਪੰਥ ਵਿਰੋਧੀ ਗੁਰਮਤਿ ਸਿਧਾਤਾਂ ਨੂੰ ਖੋਰਾਂ ਲਗਾਉਣ ਵਾਲੀਆਂ ਤਾਕਤਾਂ ਸਾਡੇ ਧਾਰਮਿਕ ਅਤੇ ਰਾਜਸੀ ਖੇਤਰ ਵਿੱਚ ਘੁਸਪੈਠ ਕਰਕੇ ਆਪਣਾ ਕੰਮ ਕਰ ਰਹੀਆਂ ਹਨ।ਸਿਆਸੀ ਲਾਭ ਲੈਣ ਖਾਤਰ ਅਤੇ ਸਿਆਸੀ ਕੁਰਸੀ ‘ਤੇ ਕਾਬਜ਼ ਹੋਣ ਲਈ ਚੰਦ ਵੋਟਾਂ ਖਾਤਰ ਲੀਡਰ ਪੰਥਕ ਹਿੱਤਾਂ ਨੂੰ ਛੱਡ ਕੇ ਗੁਰੂ ਦੇ ਸਿਧਾਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਦਾ ਘਾਣ ਕਰ ਰਹੇ ਹਨ।
ਪਰਮਜੀਤ ਸਿੰਘ ਖਾਲਸਾ ਤੇ ਮੇਜਰ ਸਿੰਘ ਖਾਲਸਾ ਨੇ ਕਿਹਾ ਕਿ ਅਜਿਹੇ ਮੌਕੇ ਫੈਡਰੇਸ਼ਨ ਪੰਥ ਵਿਰੋਧੀ ਇਹਨਾਂ ਤਾਕਤਾਂ ਵਿਰੁੱਧ ਲੜਨ ਵਿੱਚ ਆਪਣਾ ਬਣਦਾ ਰੋਲ ਨਹੀਂ ਨਿਭਾਅ ਸਕੀ।ਜਿਸ ਕਰਕੇ ਸਾਨੂੰ ਸ਼ਹੀਦਾਂ ਦੀ ਇਸ ਮਹਾਨ ਜਥੇਬੰਦੀ ਦੇ ਆਗੂ ਬਣੇ ਰਹਿਣ ਦਾ ਕੋਈ ਹੱਕ ਨਹੀਂ।ਇਸ ਲਈ ਉਹ ਆਪਣੇ ਅਹੁਦਿਆਂ, ‘ਪ੍ਰਧਾਨਗੀ’ ਅਤੇ ‘ਸਕੱਤਰ ਜਨਰਲ’ ਤੋਂ ਅਸਤੀਫਾ ਦੇ ਰਹੇ ਹਨ। ਇਸੇ ਦੌਰਾਨ ਫੈਡਰੇਸ਼ਨ ਦੇ ਸਰਪ੍ਰੱਸਤ ਤੇ ਮੈਂਬਰ ਸ਼੍ਰੋਮਣੀ ਕਮੇਟੀ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਹੈੈ ਕਿ ਉਨਾਂ ਨੂੰ ਅਜੇ ਤੱਕ ਅਸਤੀਫੇ ਨਹੀ ਮਿਲੇ।ਉਨਾਂ ਇਹ ਵੀ ਕਿਹਾ ਕਿ ਫੈਡਰੇਸ਼ਨ ਮਹਿਤਾ ਦਾ ਢਾਂਚਾ ਭੰਗ ਕਰ ਦਿਤਾ ਗਿਆ ਹੈ ਅਤੇ ਦਿਵਾਲੀ ਤੋਂ ਬਾਅਦ ਇਸ ਦਾ ਪੁਨਰਗਠਨ ਕੀਤਾ ਜਾਵੇਗਾ।
Punjab Post Daily Online Newspaper & Print Media