Friday, July 17, 2026

49ਵੇਂ ਪੰਜਾਬੀ ਬੋਲੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਉਘੇ ਪੱਤਰਕਾਰ ਮਨਮੋਹਨ ਸਿੰਘ ਢਿਲੋਂ ਤੇ ਜਸਵੰਤ ਸਿੰਘ ਜੱਸ ਸਨਮਾਨਿਤ

PPN0911201502

ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਵਾਂ ਵੱਲੋਂ ਵਿਦਿਅਕ ਭਵਨ, ਮਾਤਾ ਕੌਲਾਂ ਮਾਰਗ ਕੈਂਪਸ ਵਿਖੇ 49ਵੇਂ ਪੰਜਾਬੀ ਬੋਲੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅਯੋਜਿਤ ਕੀਤਾ ਗਿਆ।ਜਿਸ ਦੌਰਾਨ ਪੰਜਾਬ ਦੇ ਵਿਦਵਾਨਾਂ ਤੇ ਵਿਦਿਅਕ ਖੇਤਰ ਨਾਲ ਸਬੰਧਤ ਸ਼ਖਸ਼ੀਅਤਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਕੀਤੀ।
ਇਸ ਸਮਾਗਮ ਵਿੱਚ ਉਘੇ ਪੱਤਰਕਾਰ ਅਤੇ ਸਟੇਜ਼ ਟੀ.ਵੀ ਤੇ ਫਿਲਮੀ ਕਲਾਕਾਰ ਜਸਵੰਤ ਸਿੰਘ ਜੱਸ ਅਤੇ ਉਘੇ ਲੇਖਕ ਤੇ ਪੱਤਰਕਾਰ ਮਨਮੋਹਨ ਸਿੰਘ ਢਿਲੋਂ ਨੂੰ ਉਨਾਂ ਵਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਪੱਤਕਾਰਿਤਾ ਅਤੇ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਬਦਲੇ ਵਿਸ਼ੇਸ਼ ਤੌਰ ‘ਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਲੋਈ ਅਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਡਾਇਰੈਕਟਰ ਸ. ਜਗਦੀਸ਼ ਸਿੰਘ ਵੱਲੋਂ ਸੰਪਾਦਿਤ ਕਿਤਾਬ ‘ਕਿਉਂ ਹੋਈ ਫਰਿਆਦੀ ਮਾਂ ਬੋਲੀ’ ਵੀ ਰਿਲੀਜ਼ ਕੀਤੀ ਗਈ।
ਸਾਬਕਾ ਮੰਤਰੀ ਪੰਜਾਬ ਤੇ ਵਿਦਵਾਨ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਗੁਰਮੁੱਖੀ ਭਾਸ਼ਾ ਦੇ ਅੱਖਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੇਣ ਹਨ ਅਤੇ ਇਸ ਤੋਂ ਬਾਅਦ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ ) ਜੀ ਦੀ ਰਚਨਾ ਕੀਤੀ, ਜੋ ਪੰਜਾਬੀ ਭਾਸ਼ਾ ਦਾ ਵਡਮੁੱਲਾ ਭੰਡਾਰ ਹੈ।ਉਨਾਂ ਨੇ ਕਿਹਾ ਕਿ ਇਧਰਲੇ ਤੇ ਉਧਰਲੇ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਦੀ ਤਰਾਸਦੀ ਹੈ ਕਿ ਇਹ ਬੋਲੀ ਤਾਂ ਦੋਵੇਂ ਪਾਸੇ ਜਾਂਦੀ ਹੈ, ਪਰ ਇਸ ਨੂੰ ਸਰਕਾਰ ਸਰਪ੍ਰਸਤੀ ਨਹੀਂ ਮਿਲ ਸਕੀ।ਉਨਾਂ ਨੇ ਪੰਜਾਬੀ ਦੇ ਉੱਘੇ ਲੇਖਕਾਂ ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਬਲੱਗਣ, ਭਾਈ ਵੀਰ ਸਿੰਘ, ਨਾਨਕ ਸਿੰਘ ਨਾਵਲਿਸਟ ਤੇ ਜਸਵੰਤ ਸਿੰਘ ਕੰਵਲ ਵਲੋਂ ਪੰਜਾਬੀ ਮਾਂ ਬੋਲੀ ਲਈ ਕੀਤੇ ਕਾਰਜ਼ਾਂ ਦਾ ਜ਼ਿਕਰ ਕਰਦਿਆਂ ਸਮੂਹ ਪੰਜਾਬੀਆਂ ਨੂੰ ਪੰਜਾਬੀ ਮਾਂ ਬੋਲੀ ਦੀ ਬਿਹਤਰੀ ਲਈ ਅੱਗੇ ਆਉਣ ਲਈ ਕਿਹਾ।  ਕੈਬਿਨਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਾਂ ਬੋਲੀ ਹੀ ਅਜਿਹੀ ਭਾਸ਼ਾ ਹੈ, ਜਿਸ ਨਾਲ ਕੋਈ ਵੀ ਮਨੁੱਖ ਆਪਣੇ ਹਾਵ-ਭਾਵ ਅਤੇ ਮਨ ਦੀ ਭਾਵਨਾ ਪ੍ਰਗਟਾ ਸਕਦਾ ਹੈ ਅਤੇ ਇਹ ਭਾਵਨਾ ਹਮੇਸ਼ਾਂ ਦਿਲ ਨੂੰ ਟੁੰਬਦੀ ਹੈ। ਉਨਾਂ ਨੇ ਆਪਣੇ ਬਾਰੇ ਕਿਹਾ ਕਿ ਉਨਾਂ ਦੇ ਪਿਤਾ ਪੰਜਾਬੀ ਦੇ ਅਧਿਆਪਕ ਸਨ ਅਤੇ ਪੰਜਾਬੀ ਨਾਲ ਉਨਾਂ ਦਾ ਕਾਫੀ ਲਗਾਅ ਰਿਹਾ।ਉਨਾਂ ਨੇ ਕਿਹਾ ਕਿ ਪਰਿਵਾਰਾਂ ਵਿੱਚ ਪੰਜਾਬੀ ਵਿੱਚ ਗੱਲਬਾਤ ਦੇ ਬਾਵਜੂਦ ਅਸੀਂ ਬੱਚਿਆਂ ਨੂੰ ਅੰਗ੍ਰੇਜੀ ਪ੍ਰਤੀ ਉਸ਼ਾਹਿਤ ਕਰਦੇ ਹਾਂ।ਉਨਾਂ ਇਹ ਵੀ ਕਿਹਾ ਕਿ ਜਿਸ ਤਰਾਂ ਚੀਨ ਤੇ ਹੋਰਨਾਂ ਦੇਸ਼ਾਂ ਵਿੱਚ ਉਚੇਰੀ ਸਿਖਿਆ ਮਾਂ ਬੋਲੀ ਪੰਜਾਬੀ ਵਿੱਚ ਪੜਾਈ ਜਾਵੇ ਤਾਂ ਜੋ ਅੰਗ੍ਰੇਜੀ ਸਾਡੇ ਬੱਚੇ ਵੀ ਅੱਗੇ ਵਧ ਸਕਣ।ਉਨਾਂ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਅੰਗ੍ਰੇਜੀ ਬਾਰੇ ਰਿਸ਼ਤੇ, ਵਸਤੂਆਂ ਤੇ ਆਲੇ ਦੁਆਲੇ ਬਾਰੇ ਜਬਰੀ ਗਿਆਨ ਦੇਣ ਦੀ ਬਜ਼ਾਏ ਮਾਂ ਬੋਲੀ ਪੰਜਾਬੀ ਸਿਖਾ ਕੇ ਉਨਾਂ ਦੀ ਨੀਂਹ ਮਜ਼ਬੂਤ ਕੀਤੀ ਜਾਣੀ ਚਾਹੀਦੀ ਹੈ ।
ਪ੍ਰਿੰਸੀਪਲ ਡਾ. ਨਵਦੀਪ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਾ ਘਰ ਦੇ ਮਾਹੌਲ ਤੋਂ ਹੀ ਸਭ ਕੁੱਝ ਸਿੱਖਦਾ ਹੈ, ਪ੍ਰੰਤੂ ਮਾਂ ਬੋਲੀ ਪ੍ਰਤੀ ਅਸੀਂ ਸਭ ਅਵੇਸਲੇ ਹੋ ਰਹੇ ਹਾਂ। ਬੱਚਾ ਜਦ ਕੁੱਝ ਬੋਲਣ ਜੋਗਾ ਹੁੰਦਾ ਹੈ ਤਾਂ ਉਸ ਨੂੰ ਅੰਗ੍ਰੇਜੀ ਸਿਖਾ ਕੇ ਖੁਸ਼ੀ ਮਹਿਸੂਸ ਕਰਦੇ ਹਾਂ ਅਤੇ ਪੜਾਈ ਲਈ ਵੀ ਅੰਗ੍ਰਜੀ ਮਾਧਿਅਮ ਦੇ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ।ਅਹਿੀ ਪ੍ਰਵਿਰਤੀ ਸਾਡੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਤੋਂ ਦੂਰ ਲਿਜਾ ਰਹੀ ਹੈ ਅਤੇ ਵੱਡੇ ਹੋ ਕੇ ਇਹੀ ਬੱਚੇ ਪੰਜਾਬੀ ਤੋਂ ਦੂਰ ਹੋ ਰਹੇ ਹਨ।ਉਨਾਂ ਨੇ ਬੱਚਿਆਂ ਨੂੰ ਪੰਜਾਬੀ ਦੀਆਂ ਮਿਆਰੀ ਕਿਤਾਬਾਂ ਪੜਣ ਲਈ ਵੀ ਪ੍ਰੇਰਿਤ ਕੀਤਾ।
ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਪੰਜਾਬੀ ਸਭਿਆਚਾਰ ਬਾਰੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ‘ਗੀਤ ਸੰਗੀਤ’ ਦੀ ਭਾਵਪੂਰਕ ਪੇਸ਼ਕਾਰੀ ਕੀਤੀ ਗਈ। 3 ਤੋਂ 22 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੇ ਪੰਜਾਬੀ ਵਿਰਸੇ ਨਾਲ ਸਬੰਧਤ ਸਾਜ਼ ਜਿਵੇਂ ਛੱਜ, ਛੈਣੇ, ਢੱਡ, ਢੋਲ, ਢੋਲਕੀ ਤੇ ਬਹੁਤ ਸਾਰੇ ਤੰਤੀ ਸਾਜ਼ਾਂ ‘ਤੇ ਅਧਾਰਿਤ ਆਰਕੈਸਟਰਾ ਪੇਸ਼ ਕੀਤਾ।ਜਦਕਿ ਲੋਕ ਗੀਤ, ਸੂਫੀ ਗਾਇਣ, ਕਵੀਸ਼ਰੀ, ਕਵਾਲੀ ਕੀਮਾ ਮਲਕੀ, ਦੁੱਲਾ ਭੱਟੀ ਅਤੇ ਸ਼ੋ੍ਰਮਣੀ ਕਵੀ ਸੁਰਜੀਤ ਪਾਤਰ ਦੀ ਗਜ਼ਲ ‘ਤੇ ਅਧਾਰਿਤ ਛਾਇਆ ਚਿੱਤਰ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਪ੍ਰਬੰਧਕੀ ਕਮੇਟੀ ਵੱਲੋਂ ਸ਼੍ਰੀ ਅਨਿਲ ਜੋਸ਼ੀ ਨੂੰ ਸ਼ਾਲ ਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਸੰਸਥਾ ਨਾਲ 40 ਸਾਲਾਂ ਤੋਂ ਜੁੜੇ ਕਾਰੀਗਰ ਰਜਿੰਦਰ ਸਿੰਘ ਨੂੰ ਵੀ ਵਡਮੁੱਲੀਆਂ ਸੇਵਾਵਾਂ ਬਦਲੇ ਸਨਮਾਨ ਚਿੰਨ ਭੇਟ ਕੀਤਾ ਗਿਆ।  ਇਸ ਪ੍ਰੋਗਰਾਮ ਵਿੱਚ ਹਾਜ਼ਰ ਅਹਿਮ ਸ਼ਖਸ਼ੀਅਤਾਂ ਵਿੱਚ ਸ. ਦੀਵਾਨ ਸਿੰਘ, ਮੋਹਿੰਦਰਜੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਕਹਾਣੀਕਾਰ ਦੀਪ ਦਵਿੰਦਰ ਸਿੰਘ, ਜਸਵਿੰਦਰ ਸਿੰਘ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਮਨਜੀਤ ਸਿੰਘ ਭੋਮਾ, ਸਰਦਾਰਨੀ ਸਵਰਨ ਕੌਰ, ਸ੍ਰੀਮਤੀ ਨਰਿੰਦਰਜੀਤ ਕੌਰ, ਸ਼੍ਰੀਮਤੀ ਅਰਵਿੰਦਰ ਕੌਰ, ਸ੍ਰ. ਡੀ. ਬੀ ਸਿੰਘ, ਸਤਿੰਦਰ ਸਿੰਘ ਵੀ ਸ਼ਾਮਲ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply