Friday, July 17, 2026

ਕੌਮ ਨੂੰ ਹੁਣ ਇਹ ਮਸਲੇ ਵਿਚਾਰਨੇ ਹੀ ਪੈਣਗੇ

PPN0911201506

ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ ਸੱਗੂ)- ਸਿੱਖਾਂ ਦੀਆਂ ਵਰਤਮਾਨ ਪ੍ਰਸਥਿਤੀਆਂ ‘ਤੇ ਵਿਚਾਰ ਵਟਾਂਦਰਾ ਕਰਨ ਲਈ ਚੀਫ਼ ਖਾਲਸਾ ਦੀਵਾਨ ਵਿਖੇ ਅਹੁਦੇਦਾਰਾਂ ਦੀ ਇਕੱਤਰਤਾ ਹੋਈ। ਇਸ ਸਬੰਧੀ ਜਾਰੀ ਬਿਆਨ ਵਿੱਚ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਇਕੱਤਰਤਾ ਦੌਰਾਨ ਇਹ ਵਿਚਾਰ ਹੋਇਆ ਕਿ ਚੀਫ਼ ਖਾਲਸਾ ਦੀਵਾਨ, ਸਿੱਖਾਂ ਦੀਆਂ ਵਰਤਮਾਨ ਪ੍ਰਸਥਿਤੀਆਂ ਤੇ ਇਸ ਵੇਲੇ ਚਲ ਰਹੀ ਸਿੱਧਾਂਤਕ ਤੇ ਵਿਹਾਰਕ ਵਿਚਾਰਧਾਰਕ ਬਹਿਸ ਦੇ ਪ੍ਰਸੰਗ ਵਿਚ, ਇਸ ਵਿਚਾਰ ਦਾ ਧਾਰਨੀ ਹੈ ਕਿ ਕੌਮ ਨੂੰ ਜਿਨ੍ਹਾਂ ਮਸਲਿਆਂ ਉੱਤੇ ਗੰਭੀਰ ਤੇ ਸਪੱਸ਼ਟ ਹੋਣ ਦੀ ਲੋੜ ਹੈ; ਉਨ੍ਹਾਂ ਮੁੱਦਿਆਂ ਉੱਤੇ ਹੁਣ ਵਿਚਾਰ ਹੋਣੀ ਲਾਜ਼ਮੀ ਹੈ ਤਾਂ ਜੋ ਇਸ ਸਿਲਸਿਲੇ ਵਿਚ ਸਮੁੱਚੀ ਤਸਵੀਰ ਸਪੱਸ਼ਟ ਹੋ ਸਕੇ। ਚੀਫ਼ ਖਾਲਸਾ ਦੀਵਾਨ ਦਾ ਵਿਚਾਰ ਹੈ ਕਿ ਸ੍ਰੀ ਅਕਾਲ ਤਖ਼ਤ, ਬਾਕੀ ਤਖ਼ਤ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਬਤ ਖਾਲਸਾ, ਕੌਮ ਦੀਆਂ ਮਹੱਤਵਪੂਰਨ ਸੰਸਥਾਵਾਂ ਹਨ। ਇਨ੍ਹਾਂ ਦੀ ਕਈ ਪੱਖਾਂ ‘ਤੇ ਦ੍ਰਿਸ਼ਟੀਆਂ ਤੋਂ ਇਤਿਹਾਸਕ ਮਹੱਤਤਾ ਤੇ ਫ਼ੈਸਲਾਕੁੰਨ ਭੂਮਿਕਾ ਹੈ।
ਉਨ੍ਹਾਂ ਕਿਹਾ ਕਿ ਅਹੁਦੇਦਾਰਾਂ ਦਾ ਮੰਨਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਵਰੋਸਾਇਆ ਤਖ਼ਤ ਹੈ ਅਤੇ ਇਸ ਤਖ਼ਤ ਉਤੇ ਸੁਭਾਇਮਾਨ ਹੋਣ ਵਾਲਾ ਵਿਅਕਤੀ ਸਾਡੇ ਸਾਰਿਆਂ ਲਈ ਸਨਮਾਨਯੋਗ ਹੈ ਜਿਵੇਂ ਈਸਾਈਆਂ ਵਿਚ ਪੋਪ ਸਭ ਤੋਂ ਮਹੱਤਵਪੂਰਨ ਹੈ, ਇਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਡੇ ਲਈ ਸਤਿਕਾਰਯੋਗ ਹਨ। ਉਨ੍ਹਾਂ ਨੇ ਕੌਮ ਨੂੰ ਅਗਵਾਈ ਦੇਣੀ ਹੈ। ਪਰ ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿਚ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਦੀਆਂ ਸੇਵਾਵਾਂ ਸੇਵਾ ਦੇ ਨੇਮਾਂ, ਅਹੁਦੇ ਦਾ ਸੇਵਾਕਾਲ, ਉਨ੍ਹਾਂ ਦੀ ਯੋਗਤਾ ਤੇ ਉਨ੍ਹਾਂ ਦੇ ਵਿਅਕਤੀਗਤ ਚਰਿਤਰ ਦਾ ਇਤਿਹਾਸ ਤੇ ਉਨ੍ਹਾਂ ਦੀ ਨਿਯੁਕਤੀ ਦੇ ਸੁਤੰਤਰ ਚਰਿਤਰ ਬਾਰੇ ਗੰਭੀਰਤਾ ਸਹਿਤ ਵਿਚਾਰ ਹੋਣੀ ਚਾਹੀਦੀ ਹੈ। ਜੋ ਅਧਿਕਾਰ ਤੇ ਸਹੂਲਤਾਂ ਪੋਪ ਨੂੰ ਹਨ; ਉਹ ਸਾਰੀਆਂ ਸਹੂਲਤਾਂ ਸਾਨੂੰ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਵੀ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਨੁਕਤਿਆਂ ਉੱਤੇ ਸੰਜੀਦਗੀ ਨਾਲ ਵਿਚਾਰ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕਿਸੇ ਕਿਸਮ ਦੇ ਵਿਵਾਦ ਦੀ ਧੁੰਦ ਨਾ ਰਹਿ ਜਾਏ।
ਇਹ ਵੀ ਵਿਚਾਰ ਹੋਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇਹੀਆਂ ਸੰਸਥਾਵਾਂ ਸਿੱਖਾਂ ਦੀ ਪਹਿਚਾਣ, ਪਰੰਪਰਾ, ਮਾਨ-ਸਨਮਾਨ, ਧਾਰਮਿਕ ਤੇ ਦਾਰਸ਼ਨਿਕ ਅਗਵਾਈ ਲਈ ਸਿੱਖਾਂ ਦੀਆਂ ਧਰੋਹਰ ਹਨ। ਸਾਡੇ ਵਡੇਰਿਆਂ ਨੇ ਮੋਰਚੇ ਲਾ ਕੇ, ਕੁਰਬਾਨੀਆਂ ਦੇ ਕੇ, ਜਾਨ, ਮਾਲ ਦਾ ਨੁਕਸਾਨ ਕਰਵਾ ਕੇ, ਨਿਰੰਤਰ ਲੜ ਕੇ, ਸ਼੍ਰੋਮਣੀ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਸਿੱਖਾਂ ਦੀ ਆਨ ਸ਼ਾਨ ਤੇ ਬਾਣ ਲਈ ਨਿਰੰਤਰ ਕੰਮ ਕੀਤਾ। ਗੁਰਦਵਾਰਿਆਂ ਦੀ ਸਾਂਭ-ਸੰਭਾਲ ਲਈ ਅਤੇ ਸੰਗਤਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਗੁਰਦਵਾਰਿਆਂ ਦੀ ਇਤਿਹਾਸਕਤਾ ਨੂੰ ਕਾਇਮ ਰਖਦਿਆਂ ਬੜਾ ਯਾਦਗਾਰੀ ਕੰਮ ਕੀਤਾ ਹੈ। ਸਕੂਲਾਂ, ਕਾਲਜਾਂ ਇੰਸਟੀਚਿਊਟਾਂ ਤੇ ਏਥੋਂ ਤਕ ਯੂਨੀਵਰਸਿਟੀ ਵੀ ਬਣਾਈ ਪਰ ਜਿਵੇਂ ਪਰਵਾਸੀ ਸਿੱਖ ਜੋ ਬਾਹਰਲੇ ਦੇਸ਼ਾਂ ਵਿੱਚ ਬੈਠੇ ਹਨ; ਉਹ ਵੀ ਸੋਚਦੇ ਹਨ ਕਿ ਸਿੱਖੀ ਕੇਵਲ ਭਾਰਤ ਵਿਚ ਹੀ ਤਾਂ ਨਹੀਂ ਹੈ; ਸਿੱਖ ਗਲੋਬ ਦੇ ਵੱਖ ਵੱਖ ਹਿੱਸਿਆਂ ਵਿਚ ਰਹਿ ਰਹੇ ਹਨ; ਇਸ ਲਈ ਉਨ੍ਹਾਂ ਨੂੰ ਵੀ ਇਸ ਜੱਥੇਬੰਦੀ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਬਾਹਰਲੇ ਸਿੱਖਾਂ ਦੀ ਇਹ ਮੰਗ ਦਰੁਸਤ ਪ੍ਰਤੀਤ ਹੁੰਦੀ ਹੈ ਪਰ ਇਸ ਸੋਧ ਲਈ ਪਾਰਲੀਮੈਂਟ ਦੀ ਮੰਜੂਰੀ ਲੈਣੀ ਪਵੇਗੀ। ਲਿਹਾਜ਼ਾ, ਅਜਿਹੇ ਨੁਕਤਿਆਂ ‘ਤੇ ਵਿਚਾਰ ਕਰਨ ਲਈ ਇਕ ਗੰਭੀਰ ਬੈਠਕ ਦੀ ਅਤਿਅੰਤ ਲੋੜ ਹੈ।
‘ਪੰਜ ਪਿਆਰਿਆਂ’ ਦੇ ਕਾਨਸੈਪਟ ‘ਤੇ ਵੀ ਇਤਿਹਾਸਕ ਤੇ ਦਾਰਸ਼ਨਿਕ ਦ੍ਰਿਸ਼ਟੀ ਤੋਂ ਵਿਚਾਰ ਕਰਦੇ ਹੋਏ; ਵਰਤਮਾਨ ਹਾਲਾਤਾਂ ਵਿਚ ਇਸ ਦੀ ਪ੍ਰਸੰਗਿਕਤਾ, ਪਰੰਪਰਾ ਤੇ ਪ੍ਰਭਾਵ ਬਾਰੇ ਵੀ ਵਿਚਾਰ ਹੋਣੀ ਲਾਜ਼ਮੀ ਹੈ ਤਾਂ ਜੋ ਇਸ ਦੇ ਸਿੱਧਾਂਤਕ ਤੇ ਵਿਉਹਾਰਕ ਪਹਿਲੂ ਨੂੰ ਵੀ ਵਿਚਾਰਿਆ ਜਾ ਸਕੇ।
ਸਰਬਤ ਖਾਲਸਾ ਬਲਾਉਣ ਬਾਰੇ ਇਹ ਕਿਹਾ ਗਿਆ ਇਸ ਦੀ ਇਤਿਹਾਸਕ ਲੋੜ ਤੇ ਵਰਤਮਾਨ ਪ੍ਰਸੰਗਿਕਤਾ ਦੇ ਹਵਾਲੇ ਨਾਲ, ਇਸ ਦੀ ਨੇਮ ਪ੍ਰਣਾਲੀ ਬਣਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਵਿਵਾਦ ਪੈਦਾ ਨਾ ਹੋਵੇ ਕਿਉਂਕਿ ਇਸ ਦਾ ਸੰਬੰਧ ਸਮੁੱਚੀ ਕੌਮ ਨਾਲ ਹੈ ਤੇ ਇਸ ਦੇ ਦੂਰ-ਰਸੀ ਇਤਿਹਾਸਕ ਸਿੱਟੇ ਨਿਕਲਦੇ ਹਨ; ਸਮੁੱਚੀ ਕੌਮ ਦਾ ਵਕਾਰ ਇਸ ਨਾਲ ਜੁੜਿਆ ਹੋਇਆ ਹੈ। ਇਸ ਬਾਰੇ ਦੀਰਘ ਵਿਚਾਰ ਹੋਣੀ ਚਾਹੀਦੀ ਹੈ। ਅਸੀਂ ਕਿਸੇ ਦੇ ਹੱਕ ਜਾਂ ਵਿਰੋਧ ਵਿਚ ਨਹੀਂ ਹਾਂ ਅਸੀਂ ਤਾਂ ਕੌਮੀ ਨੁਕਤਾ ਨਿਗਾਹ ਤੋਂ ਸੋਚਦੇ ਹਾਂ ਕਿ ਸਿੱਖਾਂ ਵਿਚ, ਕਿਸੇ ਮੁੱਦੇ ‘ਤੇ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ ਅਤੇ ਸਿੱਖ ਕੌਮ ਦਾ ਭਵਿੱਖ ਵਿਚ, ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਲਈ ਵਿਦਵਾਨਾਂ, ਸੰਤਾਂ, ਗੁਰੂ ਘਰ ਦੇ ਸੇਵਕਾਂ, ਧਾਰਮਿਕ ਸ਼ਾਸਤਰੀਆਂ ਤੇ ਬੁੱਧੀ ਜੀਵੀਆਂ ਨੂੰ ਦਸੰਬਰ ਦੇ ਮਹੀਨੇ ਅੰਤਰਰਾਸ਼ਟਰੀ-ਪੱਧਰ ਦੀ ਇਕ ਬੈਠਕ ਜੋ ਸੈਮੀਨਾਰ ਵੀ ਹੋ ਸਕਦੀ ਹੈ, ਬੁਲਾਉਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਨੁਕਤਿਆਂ ‘ਤੇ ਦੀਰਘ ਵਿਚਾਰ ਕੀਤੀ ਜਾਵੇ ਤੇ ਕੌਮ ਵਿਚ ਪੈਦਾ ਹੋਣ ਵਾਲੇ ਭੰਬਲ ਭੂਸਿਆਂ ਤੇ ਦੁਬਿਧਾਵਾਂ ਨੂੰ ਖਤਮ ਕੀਤਾ ਜਾ ਸਕੇ।
ਪ੍ਰਧਾਨ ਚੱਢਾ ਨੇ ਕਿਹਾ ਕਿ ਚੀਫ਼ ਖਾਲਸਾ ਦੀਵਾਨ, ਇਹ ਮਹਿਸੂਸ ਕਰਦਾ ਹੈ ਕਿ ਮਸਲਾ, ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦਾ ਹੋਵੇ, ਮਸਲਾ, ਸਿੰਘ ਸਾਹਿਬਾਨ ਦੀ ਭੂਮਿਕਾ ਦਾ ਹੋਵੇ, ਮਸਲਾ, ਸਰਬੱਤ ਖ਼ਾਲਸੇ ਦਾ ਹੋਵੇ ਜਾਂ ਸਿੱਖਾਂ ਦੀ ਹੋਂਦ, ਹਸਤੀ ਤੇ ਬਿਹਤਰੀ ਲਈ ਯੋਜਨਾਬੰਦੀ ਦਾ ਹੋਵੇ; ਅਸੀਂ ਹੁਣ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਵਿਚੋਂ ਗੁਜ਼ਰ ਰਹੇ ਹਾਂ ਇਸ ਲਈ ਸਾਨੂੰ ਪਰੰਪਰਾ ਤੇ ਆਧੁਨਿਕਤਾ ਦੇ ਹਵਾਲੇ ਨਾਲ, ਇਨ੍ਹਾਂ ਸਮੱਸਿਆਵਾਂ ਬਾਰੇ ਉਦਾਰ ਚਿੱਤ ਹੋ ਕੇ; ਬਿਨਾਂ ਪੱਖਪਾਤ ਦੇ ਅਜਿਹੀ ਸੰਤੁਲਿਤ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਜਿਸ ਰਾਹੀਂ ਅਸੀਂ ਕੌਮ ਦੀ ਬਿਹਤਰੀ ਲਈ, ਇਨ੍ਹਾਂ ਮਸਲਿਆਂ ਦਾ ਕੋਈ ਸਰਬ ਪ੍ਰਵਾਣਿਤ ਹੱਲ ਲੱਭ ਸਕੀਏ ਤਾਂ ਵਿਚਾਰਾਂ ਵਿਚ ਪਸਰੀ ਅਸਪੱਸ਼ਟਤਾ ਦੀ ਧੁੰਦ ਨੂੰ ਖਤਮ ਕਰ ਸਕੀਏ। ਇਸ ਲਈ ਵਿਦਵਾਨਾਂ ਤੇ ਪੰਥ ਹਿਤੈਸ਼ੀਆਂ ਦੀ ਇਕ ਅੰਤਰ-ਰਾਸ਼ਟਰੀ ਪੱਧਰ ਦੀ ਬੈਠਕ ਦੀ ਬਹੁਤ ਸਖ਼ਤ ਲੋੜ ਹੈ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply