Friday, March 6, 2026

ਦੀਵਾਲੀ ਮੌਕੇ ਲੋਕ ਆਤਿਸ਼ਬਾਜ਼ੀ ਤੇ ਮਿਲਾਵਟੀ ਮਿਠਾਈਆਂ ਦੀ ਵਰਤੋਂ ਨਾ ਕਰਨ – ਤਰਕਸ਼ੀਲ ਸੁਸਾਇਟੀ

ਅੰਮ੍ਰਿਤਸਰ, 10 ਨਵੰਬਰ (ਪ.ਪ)- ਤਰਕਸ਼ੀਲ ਸੁਸਾਇਟੀ ਦੀ ਪੰਜਾਬ ਨੇ ਸਮਾਜ ਦੇ ਸਮੂਹ ਵਰਗਾਂ ਦੇ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਆਤਿਸ਼ਬਾਜੀ ਅਤੇ ਮਿਲਾਵਟੀ ਮਿਠਾਈਆਂ ਦੀ ਵਰਤੋਂ ਨਾ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ ਤਾਂ ਕਿ ਇਸ ਨਾਲ ਸਿਹਤ ਦੇ ਹੋਣ ਵਾਲੇ ਨੁਕਸਾਨ, ਫਜੂਲਖਰਚੀ ਅਤੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ।  ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਦੇ ਆਗੂਆਂ ਸੁਮੀਤ ਸਿੰਘ, ਅਮਰਜੀਤ ਸਿੰਘ, ਧਰਵਿੰਦਰ ਕੋਹਾਲੀ ਅਤੇ ਬਲਦੇਵ ਰਾਜ ਵੇਰਕਾ ਨੇ ਇਕ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਕਿ ਦੀਵਾਲੀ ਮੌਕੇ ਆਤਿਸ਼ਬਾਜੀ ਚਲਾਉਣ ਨਾਲ ਜਿਥੇ ਜ਼ਹਿਰੀਲੀਆਂ ਗੈਸਾਂ ਦਾ ਪ੍ਰਦੂਸ਼ਣ ਫੈਲਦਾ ਹੈ, ਉਥੇ ਹੀ ਮਿਲਾਵਟੀ ਮਿਠਾਈਆਂ ਖਾਣ ਨਾਲ ਕੈਂਸਰ, ਦਮਾ, ਫੇਫੜੇ ਅਤੇ ਚਮੜੀ ਦੀਆਂ ਗੰਭੀਰ ਬਿਮਾਰੀਆਂ ਵੀ ਫੈਲਦੀਆਂ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਗਰੀਬ ਤੇ ਪਿਛੜੇ ਵਰਗ ਦੇ ਕਰੋੜਾਂ ਲੋਕ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਕਾਰਨ ਸਿਖਿਆ, ਸਿਹਤ ਰੁਜ਼ਗਾਰ, ਬਿਜਲੀ ਤੇ ਸਾਫ ਪਾਣੀ ਦੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਪਰ ਇਸ ਦੇ ਉਲਟ ਦੀਵਾਲੀ ਦੀ ਇਕੋ ਰਾਤ ਮੌਕੇ ਕਰੋੜਾਂ ਰੁਪਏ ਦੀ ਆਤਿਸ਼ਬਾਜੀ ਜਲਾ ਕੇ ਅਤੇ ਕਰੋੜਾਂ ਯੂਨਿਟ ਕੀਮਤੀ ਬਿਜਲੀ ਦੀ ਫਜੂਲ ਖਰਚੀ ਕਰਕੇ ਦੇਸ਼ ਦੀ ਆਰਥਿਕਤਾ ਨੂੰ ਬਹੁਤ ਵੱਡਾ ਨੁਕਸਾਨ ਪੁਚਾਇਆ ਜਾ ਰਿਹਾ ਹੈ, ਜੋ ਕਿ ਵਿਕਾਸ ਵਿਰੋਧੀ ਅਤੇ ਗੈਰ ਮਨੁੱਖੀ ਵਰਤਾਰਾ ਹੈ।
ਤਰਕਸ਼ੀਲ ਆਗੂਆਂ ਨੇ ਲੋਕਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੀਵਾਲੀ ਵਾਲੇ ਦਿਨ ਰੂੜੀਪਵਾਦੀ ਰਵਾਇਤਾਂ, ਆਤਿਸ਼ਬਾਜੀ ਅਤੇ ਮਿਲਾਵਟੀ ਮਿਠਾਈਆਂ ਉਤੇ ਫਜੂਲ ਖਰਚੀ ਕਰਨ ਦੀ ਥਾਂ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ, ਵਧੇਰੇ ਰੁਖ਼ ਲਾਉਣ, ਖੂਨਦਾਨ ਅਤੇ ਅੱਖਾਂ ਦਾਨ ਕਰਨ ਅਤੇ ਤੋਹਫਿਆਂ ਦੀ ਥਾਂ ਸਿਹਤਮੰਤ ਸਾਹਿਤ ਦੇ ਆਦਾਨ ਪ੍ਰਦਾਨ ਕਰਨ ਸਬੰਧੀ ਲੋਕ ਪੱਖੀ ਕਾਰਜ ਕੀਤੇ ਜਾਣੇ ਚਾਹੀਦੇ ਹਨ।  ਤਰਕਸ਼ੀਲ ਆਗੂਆਂ ਨੇ ਸਮਾਜ ਦੇ ਸਮੂਹ ਲੇਖਕਾਂ, ਬੁਧੀਜੀਵੀਆਂ, ਸਮਾਜ, ਸ਼ਾਸਤਰੀਆਂ ਤੋਂ ਇਲਾਵਾ ਸਮੁੱਚੇ ਮੀਡੀਏ ਨੂੰ ਇਸ ਸਬੰਧੀ ਸਮਾਜ ਵਿਚ ਵਿਗਿਆਨਕ ਸੋਚ ਪ੍ਰਫੁਲਿਤ ਕਰਨ ਅਤੇ ਠੋਸ ਲੋਕ ਪੱਖੀ ਪਹਿਲ ਕਦਮੀਆਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤਰਕਸ਼ੀਲ ਵਰਿੰਦਰ ਕੌਰ, ਮਾਸਟਰ ਕੁਲਜੀਤ ਵੇਰਕਾ, ਬਲਵੰਤ ਸਿੰਘ ਝੰਗੀ, ਸੁਖਮੀਤ ਸਿੰਘ, ਰਾਜ ਕੁਮਾਰ ਵੇਰਕਾ, ਮੇਜਰ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply