Sunday, August 30, 2026

ਬੰਦੀ ਛੋੜ ਦਿਵਸ ਮੌਕੇ ਜਥੇਦਾਰ ਗਿ: ਗੁਰਬਚਨ ਸਿੰਘ ਦੇ ਸਿੱਖ ਪੰਥ ਦੇ ਨਾਮ ਸੰਦੇਸ਼ ਦੌਰਾਨ ਨਾਅਰੇਬਾਜ਼ੀ

PPN1111201501 PPN1111201502

ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਮੱਦੇਨਜ਼ਰ, ਪੰਜ ਪਿਆਰਿਆਂ ਵਲੋਂ ਸੇਵਾ ਮੁਕਤ ਕੀਤੇ ਜਾਣ ਦੇ ਸੁਣਾਏ ਆਦੇਸ਼ ਅਤੇ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਚੱਲਦਿਆਂ ਵੀ ਗਿਆਨੀ ਗੁਰਬਚਨ ਸਿੰਘ ਵਲੋਂ ਬੰਦੀ ਛੋੜ ਦਿਵਸ ‘ਤੇ ਪੰਥ ਦੇ ਨਾਮ ਸੰਦੇਸ਼ ਪੜ੍ਹਿਆ ਗਿਆ।ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਦਰਸ਼ਨੀ ਡਿਓੜੀ ਦੀ ਫਸੀਲ਼ ਤੋਂ ਕੌਮ ਦੇ ਨਾਮ ਸੰਦੇਸ਼ ਪੜਣ ਤੋਂ ਪਹਿਲਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸੰਗਤ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ।
ਗਿਆਨੀ ਗੁਰਬਚਨ ਸਿੰਘ ਨੇ ਜਿਓਂ ਹੀ ਪੰਥ ਦੇ ਨਾਮ ਸੰਦੇਸ਼ ਪੜਣਾ ਜਾਰੀ ਕੀਤਾ ਤਾਂ ਸ੍ਰੀ ਅਕਾਲ ਤਖਤ ਸਾਹਮਣੇ ਪਹਿਲਾਂ ਤੋਂ ਹੀ ਮੌਜੂਦ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਥੇਦਾਰ ਦੇ ਖਿਲਾਫ ਅਤੇ ਸਰਬਤ ਖਾਲਸਾ ਵਲੋਂ ਨਵੇਂ ਨਿਯੁੱਕਤ ਕੀਤੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਹੱਕ ਵਿੱਚ ਜੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਜਥੇਦਾਰ ਗੋ ਬੈਕ ਦੇ ਨਾਅਰੇ ਲਾਏ।ਇਸ ਸਮੇਂ ਇੱਕ ਨੌਜਵਾਨ ਦਰਸ਼ਨੀ ਡਿਓੜੀ ਦੇ ਨਵੀਨੀਕਰਨ ਲਾਈ ਲਗਾਈ ਗਈ ਗੋਅ ‘ਤੇ ਚੜ ਗਿਆ ਅਤੇ ਦਰਸ਼ਨੀ ਡਿਓੜੀ ਦੀ ਖਿੜਕੀ ਖੌਲਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਇਸ ਵਿੱਚ ਨਾਕਾਮ ਰਹਿਣ ‘ਤੇ ਉਹ ਆਪ ਹੀ ਹੇਠਾਂ ਉਤਰ ਆਇਆ ਜਿਸ ਨੂੰ ਸੰਗਤਾਂ ਨੇ ਕਾਬੂ ਕਰ ਲਿਆ।ਲੇਕਿਨ ਜਿੰਨਾਂ ਚਿਰ ਤੱਕ ਗਿਆਨੀ ਗੁਰਬਚਨ ਸਿੰਘ ਸੰਦੇਸ਼ ਪੜਦੇ ਰਹੇ, ਉਨਾਂ ਚਿਰ ਤੱਕ ਨਾਅਰੇਬਾਜ਼ੀ ਜਾਰੀ ਰਹੀ।ਸੰਦੇਸ਼ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਤੇ ਜਥੇ. ਅਵਤਾਰ ਸਿੰਘ ਟਾਸਕ ਫੋਰਸ ਦੀ ਸੁਰੱਖਿਆ ਵਿੱਚ ਦਰਸ਼ਨੀ ਡਿਓੜੀ ਤੋਂ ਵਾਪਸ ਆਏ ਤਾਂ ਉਨਾਂ ਦਾ ਵਿਰੋਧ ਫਿਰ ਵੀ ਜਾਰੀ ਰਿਹਾ।ਦਲ ਖਾਲਸਾ, ਪੰਚ ਪ੍ਰਧਾਨੀ, ਸਿੱਖ ਯੂਥ ਆਫ ਪੰਜਾਬ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਤੇ ਵਰਕਰਾਂ ਨੇ ਜੇਬਾਂ ਵਿੱਚ ਪਾਈਆਂ ਕਾਲੀਆਂ ਝੰਡੀਆਂ ਕੱਢ ਕੇ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ।ਗਿਆਨੀ ਗੁਰਬਚਨ ਸਿੰਘ ਖਿਲਾਫ ਇਹ ਵਿਰੋਧ ਤੇ ਨਾਅਰੇਬਜ਼ੀ ਕੋਈ ਅੱਧਾ ਘੰਟਾ ਜਾਰੀ ਰਹੀ।
ਜਿਕਰਯੋਗ ਹੈ ਕਿ ਭਾਈ ਧਿਆਨ ਸਿੰਘ ਮੰਡ ਦੀ ਸ੍ਰੀ ਹਰਿਮੰਦਰ ਸਾਹਿਬ ਆਮਦ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਗਿਆਨੀ ਗੁਰਬਚਨ ਸਿੰਘ ਖਿਲਾਫ ਰੋਦ ਪ੍ਰਗਟਾਉਣ ਦੇ ਸ਼ੰਕੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ  ਮੁਲਾਜ਼ਮ ਤੇ ਟਾਸਕ ਫੋਰਸ ਤਾਇਨਾਤ ਕਰਕੇ ਆਪਣੇ ਤੌਰ ‘ਤੇ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਕੀਤੇ ਗਏ ਸਨ।ਦੂਸਰੇ ਪਾਸੇ ਪੁਲਿਸ ਵਲੋਂ ਵੀ ਸਾਦਾ ਕੱਪੜਿਆਂ ਵਿੱਚ ਸੂਹੀਆ ਤੇ ਹੋਰ ਮੁਲਾਜ਼ਮ ਵੀ ਪ੍ਰਕਰਮਾ ਵਿੱਚ ਮੌਜੂਦ ਸਨ, ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਅਤੇ ਤੇ ਘੰਟਾ ਘਰ ਬਾਹੀ ਵਾਲੇ ਪਾਸੇ ਪਲਾਜ਼ਾ ‘ਤੇ ਵੀ ਵੱਡੀ ਵਰਦੀਧਾਰੀ ਪੁਲਿਸ, ਰੈਿਪਡ ਐਕਸ਼ਨ ਫੋਰਸ ਅਤੇ ਨੀਮ ਫੌਜ ਦੀ ਮਹਿਲਾ ਵਿੰਗ ਦੇ ਮੁਲਾਜ਼ਮ ਤਾਇਨਾਤ ਸਨ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply