Wednesday, July 22, 2026

ਸਰਬੱਤ ਖਾਲਸਾ ਵਲੋਂ ਨਿਯੁੱਕਤ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬੰਦੀ ਛੋੜ ਦਿਵਸ ਮੌਕੇ ਸੰਦੇਸ਼ ਪੜ੍ਹਿਆ

PPN1111201503
ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ ਬਿਊਰੋ) ਚੱਬਾ ਵਿਖੇ ਸਰਬੱਤ ਖਾਲਸਾ ਵਲੋਂ ਨਿਯੁੱਕਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਈ ਜਗਤਾਰ ਸਿੰਘ ਹਾਵਾਰਾ ਦੀ ਰਿਹਾਈ ਤੱਕ ਕਾਰਜਕਾਰੀ ਜਥੇਦਾਰ ਬਣਾਏ ਗਏ ਭਾਈ ਧਿਆਨ ਸਿੰਘ ਮੰਡ ਨੇ ਬੰਦੀ ਛੋੜ ਦਿਵਸ ਮੌਕੇ ਪ੍ਰਚੱਲਤ ਰਵਾਇਤ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਖੜੇ ਹੋ ਕੇ ਕੌਮ ਦੇ ਨਾਮ ਆਪਣਾ ਪਹਿਲਾ ਸੰਦੇਸ਼ ਪੜ੍ਹਿਆ।ਬਾਅਦ ਦੁਪਿਹਰ ਸ਼ਾਮ ਨੂੰ ਭਾਈ ਧਿਆਨ ਸਿੰਘ ਮੰਡ, ਅਕਾਲੀ ਦਲ ਅੰਮ੍ਰਿਤਸਰ ਦੇ ਸ੍ਰ. ਜਸਕਰਨ ਸਿੰਘੱ ਕਾਹਨ ਸਿੰਘ ਵਾਲਾ, ਪ੍ਰੋ: ਮਹਿੰਦਰ ਪਾਲ ਸਿੰਘ, ਯੂਨਾਈਟਡ ਅਕਾਲੀ ਦਲ ਦੇ ਭਾਈ ਸਤਨਾਮ ਸਿੰਘ ਮਨਾਵਾ ਸਮੇਤ ਵੱਡੀ ਗਿਣਤੀ ਸੰਗਤਾਂ ਸਹਿਤ ਸ੍ਰੀ ਦਰਬਾਰ ਸਾਹਿਬ ਦੀ ਆਟਾ ਮੰਡੀ ਬਾਹੀ ਰਸਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖਲ ਹੋਏ ਅਤੇ ਸਿੱਧੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਜਾ ਖਲੋਤੇ।
ਆਪਣੇ ਸੰਦੇਸ਼ ਵਿੱਚ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ‘ਅੱਜ ਬੰਦੀ ਛੋੜ ਦਿਵਸ ਮੌਕੇ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਥਾਪਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਵਜੋਂ ਸਰਬੱਤ ਖਾਲਸਾ 2015 ਵਲੋਂ ਸੌਪੀ ਗਈ ਜਿੰਮੇਵਾਰੀ ਨਿਭਾਉਂਦਿਆਂ ਅੱਜ ਮਨ ਸ਼ਿਕਵੇ ਨਾਲ ਭਰਿਆ ਹੋਇਆ ਹੈ ਕਿ ਗੁਰੂ ਪੰਥ ਤਾਂ ਸਦੀਆਂ ਤੋਂ ਬਿਖੜੇ ਹਾਲਾਤ ਨਾਲ ਜੂਝਦਿਆਂ ਆਪਣਾ ਇਤਿਹਾਸਕ ਸਫਰ ਤੈਅ ਕਰਦਾ ਆਇਆ ਹੈ, ਪਰ ਅੱਜ ਪਹਿਲੀ ਵਾਰ ਹੈ ਕਿ ਅਖੌਤੀ ਪੰਥਕ ਸਰਕਾਰ ਦੇ ਦੌਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਸੁਰੱਖਿਅਤ ਨਹੀ ਹਨ।ਨਿੱਤ ਨਵੇਂ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।ਦੂਸਰੇ ਪਾਸੇ ਖਾਲਸਾ ਪੰਥ ਦੇ ਨੌਜਵਾਨ ਹੀਰੇ ਸ਼ਹੀਦੀਆਂ ਪਾ ਕੇ ਪੰਥ ਅਤੇ ਗ੍ਰੰਥ ਦੀ ਰੱਖਿਆ ਲਈ ਇਤਹਾਸ ਵਿੱਚ ਨਾਮ ਦਰਜ ਕਰਵਾ ਰਹੇ ਹਨ’।ਉਨ੍ਹਾ ਕਿਹਾ ਕਿ ਅੱਜ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ, ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਇੱਕ ਪਰਿਵਾਰ ਦੇ ਕੰਟਰੋਲ ਹੇਠ ਹੈ ਅਤੇ ਸਮੁੱਚੇ ਖਾਲਸਾ ਪੰਥ ਦੀਆਂ ਰਹੁ ਰੀਤਾਂ, ਮਰਿਆਦਾਵਾਂ ਅਤੇ ਸਿਧਾਤਾਂ ਦਾ ਘਾਣ ਕਰਦਿਆਂ ਪੰਜਾਬ ਨੂੰ ਵੱਖ ਵੱਖ ਮਾਫੀਆ ਦੀ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ ।ਉਨਾਂ ਕਿਹਾ ਕਿ ਪੰਥ ਦੀ ਅਜਾਦੀ ਵੱਲ ਵੱਧਦੇ ਹੋਏ ਕਦਮਾਂ ਦੇ ਪਹਿਲੇ ਪੜਾਅ ਵਜੋਂ ਮੌਜੂਦਾ ਸਰਕਾਰਾਂ ਦਾ ਸਮਾਜਿਕ ਬਾਈਕਾਟ ਕਰਨਾ ਸਮੇਂ ਦੀ ਲੋੜ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ, ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਨੂੰ ਪੰਥ ਦੀ ਚੜ੍ਹਦੀ ਕਲਾ ਵਾਲੀਆਂ ਸੰਸਥਾਵਾਂ ‘ਚ ਤਬਦੀਲ ਕਰਕੇ ਅਜਾਦੀ ਦੇ ਰਾਹ ਵੱਲ ਅੱਗੇ ਵਧਾਂਗੇ।
ਸੰਗਤ ਵਲੋਂ ਜੈਕਾਰਿਆਂ ਦੀ ਗੂੰਜ਼ ਨਾਲ ਭਰੇ ਹੁੰਗਾਰੇ ਦਰਮਿਆਨ ਕਾਰਜਕਾਰੀ ਜਥੇਦਾਰ ਨੇ ਕਿਹਾ ਕਿ ਮੁਗਲ ਬਾਦਸ਼ਾਹ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਦੇ ਨਾਲ 52 ਰਾਜਿਆਂ ਨੂੰ ਮੁਕਤ ਕਰਕੇ ਬੰਦੀ ਛੋੜ ਦਿਵਸ ਮੌਕੇ ਟਕਰਾਅ ਦੀ ਨੀਤੀ ਛੱਡਣ ਦਾ ਐਲਾਨ ਕੀਤਾ ਸੀ, ਪ੍ਰੰਤੂ ਅਖੌਤੀ ਪੰਥਕ ਸਰਕਾਰ ਪਰਕਾਸ਼ ਸਿੰਘ ਬਾਦਲ, ਬੰਦੀ ਛੋੜ ਦਿਵਸ ਮੌਕੇ ਤਖਤਾਂ ਦੇ ਜਥੇਦਾਰਾਂ, ਦਮਦਮੀ ਟਕਸਾਲ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਟਕਰਾਅ ਦੀ ਨੀਤੀ ਨੂੰ ਵਧਾ ਰਹੇ ਹਨ।
ਉਨ੍ਹਾਂ ਸਮੁੰਹ ਖਾਲਸਾ ਪੰਥ ਅਤੇ ਕੌਮ ਨੂੰ ਕਾਲੀ ਦਿਵਾਲੀ ਮਨਾਉਣ ਦਾ ਅਦੇਸ਼ ਦਿੱਤਾ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਝੰਡੇ ਹੇਠ ਇੱਕਤਰ ਹੋਣ ਲਈ ਕਿਹਾ ਤਾਂ ਜੋ ਕੌਮ ਅੱਜ ਦੇ ਬਿਖੜੇ ਪੈਂਡੇ ਵਿੱਚੋਂ ਆਪਣਾ ਰਾਹ ਤੈਅ ਕਰਕੇ ਕੌਮਾਂਤਰੀ ਭਾਈ ਚਾਰੇ ਵਿੱਚ ਆਪਣਾ ਮਾਣਮੱਤਾ ਸਥਾਨ ਪ੍ਰਾਪਤ ਕਰ ਸਕੇ।ਉਨ੍ਹਾਂ ਕਿਹਾ ਕਿ ਇਸ ਕੌਮੀ ਜੰਗ ਨੂੰ ਜਿੱਤ ਵਿੱਚ ਤਬਦੀਲ ਕਰਨ ਲਈ ਸਮੂੰਹ ਪੰਥ ਦੀ ਜਿੰਮੇਵਾਰੀ ਬਣਦੀ ਹੈ ਕਿ 2020 ਤੀਕ ਹਰ ਸਿੱਖ ਅੰਮ੍ਰਿਤਧਾਰੀ ਹੋਕੇ ਤਿਆਰ ਬਰ ਤਿਆਰ ਖਾਲਸਾ ਸੱਜ ਜਾਵੇ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply