Thursday, March 12, 2026

ਖਾਲਸਾ ਕਾਲਜ ਨਰਸਿੰਗ ਨੇ ਵਿੱਦਿਅਕ ਸੈਸ਼ਨ ਆਰੰਭਤਾ ਮੌਕੇ ਕਰਵਾਇਆ ‘ਅਰਦਾਸ ਦਿਵਸ’

PPN1311201510

ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ਵਿੱਦਿਅਕ ਸੈਸ਼ਨ ਦੇ ਆਰੰਭ ਹੋਣ ਦੀ ਖੁਸ਼ੀ ਵਿੱਚ ਅਕਾਲ ਪੁਰਖ ਤੋਂ ਬੇਅੰਤ ਅਸੀਸਾਂ ਲੈਣ ਲਈ ‘ਆਰੰਭਿਕ ਅਰਦਾਸ ਦਿਵਸ’ ਮਨਾਇਆ ਗਿਆ। ਇਸ ਮੌਕੇ ਕਾਲਜ ਵਿੱਚ ਆਰੰਭ ਹੋਏ ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਵਿਦਿਆਰਥਣਾਂ ਅਤੇ ਸਟਾਫ਼ ਦੁਆਰਾ ਸ਼ਬਦ ਕੀਰਤਨ ਗਾਇਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਵਾਉਣ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਸਮਾਜ ਸੇਵਾ ਵਿੱਚ ਨਿਪੁੰਨਤਾ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਵਿੱਦਿਆ ਦੇ ਖ਼ੇਤਰ ਵਿੱਚ ਭ੍ਰਿਸ਼ਟਾਚਾਰ ਪੈਦਾ ਹੋ ਰਿਹਾ ਹੈ, ਕਈ ਅਜਿਹੇ ਸਕੂਲ, ਕਾਲਜ ਜਿੱਥੇ ਵੱਡੀਆਂ-ਵੱਡੀਆਂ ਰਕਮਾਂ ਲੈ ਕੇ ਦਾਖਲੇ ਕਰ ਲਏ ਜਾਂਦੇ ਹਨ ਅਤੇ ਪ੍ਰੀਖਿਆ ਵਿੱਚ ਅੰਕਾਂ ਦੀ ਗਿਣਤੀ ਜਿਆਦਾ ਪਰ ਵਿੱਦਿਅਕ ਤੇ ਲਿਆਕਤ ਪੱਖੋਂ ਕਮਜ਼ੋਰ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਆਫ਼ ਨਰਸਿੰਗ ਜਿੱਥੇ ਸ਼ਹਿਰੋਂ ਬਾਹਰ ਤੋਂ ਆਉਂਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਬਲੀਅਤ ‘ਤੇ ਚੋਣ ਕਰਦੀ ਹੈ, ਉਥੇ ਇਹ ਸਰਹੱਦੀ ਖ਼ੇਤਰ ਦੇ ਵਿਦਿਆਰਥੀਆਂ ਦੀਆਂ ਹਰੇਕ ਸਹੂਲਤ ਲਈ ਤੱਤਪਰ ਹੈ।
ਸ: ਛੀਨਾ ਨੇ ਕਿਹਾ ਕਿ ਜਿੱਥੇ ਡਾਕਟਰ ਮਰੀਜ ਦਾ ਇਲਾਜ ਕਰਕੇ ਆਪਣਾ ਫ਼ਰਜ ਪੂਰਾ ਕਰਦਾ ਹੈ, ਉਥੇ ਮਰੀਜਾਂ ਦੀ ਦੇਖਭਾਲ ਤੇ ਉਨ੍ਹਾਂ ਦੀ ਤੰਦਰੁਸਤੀ ਵਿੱਚ ਉਨ੍ਹਾਂ ਦਾ ਵੱਡਾ ਸਹਿਯੋਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰੰਪਰਾ ਮੁਤਾਬਕ ਸਮੂਹ ਵਿੱਦਿਅਕ ਅਦਾਰਿਆਂ ਵਿੱਚ ‘ਆਰੰਭਿਕ ਅਰਦਾਸ ਦਿਵਸ’ ਕਰਵਾਏ ਜਾਂਦੇ ਹਨ ਤਾਂ ਕਿ ਵਿਦਿਆਰਥੀ ਰਵਾਇਤੀ ਵਿੱਦਿਆ ਤੋਂ ਇਲਾਵਾ ਧਾਰਮਿਕ ਪੜ੍ਹਾਈ ਨਾਲ ਵੀ ਜੁੜ ਸਕੇ।
ਕਾਲਜ ਪ੍ਰਿੰਸੀਪਲ ਡਾ. ਨੀਲਮ ਹੰਸ ਨੇ ਮੁੱਖ ਅਤੇ ਹੋਰ ਮਹਿਮਾਨਾਂ ਦਾ ਕਾਲਜ ਦੇ ਵਿਹੜੇ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਕੀਰਤਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸ: ਛੀਨਾ ਨੇ ਪ੍ਰਿੰ: ਡਾ. ਹੰਸ ਨਾਲ ਮਿਲਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਸੁਖਦੇਵ ਸਿੰਘ ਅਬਦਾਲ, ਡਾ. ਇੰਦਰਜੀਤ ਸਿੰਘ ਗੋਗੋਆਣੀ ਸਮੇਤ ਅਧਿਆਪਕ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply