
ਪਠਾਨਕੋਟ, 13 ਨਵੰਬਰ (ਪ.ਪ) – ਪੰਜਾਬ ਸਰਕਾਰ ਦੇ ਆਦੇਸ਼ਾ ਅਨੁਸਾਰ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪਠਾਨਕੋਟ ਅੰਦਰ ਪਸ਼ੂਆਂ ਦੇ ਆਧੁਨਿਕ ਇਲਾਜ ਅਤੇ ਸਾਂਭ ਸੰਭਾਲ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਪਸੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਜ਼ਿਲ੍ਹਾ ਪਠਾਨਕੋਟ ਅੰਦਰ 28 ਪਸ਼ੂ ਹਸਪਤਾਲਾਂ ਅਤੇ 23 ਡਿਸਪੈਂਸਰੀਆਂ ਵਿੱਚ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਾ. ਕੁਲਦੀਪ ਮਹਾਜਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਿਲ੍ਹੇ ਅੰਦਰ ਪਿਛਲੇ ਚਾਰ ਸਾਲਾਂ ਤੋਂ ਜਿਲ੍ਹਾ ਪੱਧਰੀ ਪਸ਼ੂ ਧੰਨ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ। ਜਿਸ ਵਿੱਚ ਦੁੱਧ ਚੁਆਈ ਮੁਕਾਬਲਿਆਂ ਤੋਂ ਇਲਾਵਾ ਹੋਰ ਵੀ ਪਸੂਆਂ ਦੇ ਰੋਚਕ ਮੁਕਾਬਲੇ ਕਰਵਾਏ ਜਾਂਦੇ ਹਨ।
ਡਾ. ਕੁਲਦੀਪ ਮਹਾਜਨ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸ਼ੂ ਧੰਨ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪਠਾਨਕੋਟ ਅੰਦਰ ਹੁਣ ਤੱਕ ਪਸ਼ੂ ਧੰਨ ਚੈਂਪੀਅਨਸ਼ਿੱਪ ਅਤੇ ਦੁੱਧ ਚੁਆਈ ਮੁਕਾਬਲਿਆਂ ਵਾਸਤੇ ਤਿੰਨ ਜ਼ਿਲ੍ਹਾ ਪੱਧਰੀ ਪਸ਼ੂ ਮੇਲੇ ਦਾਣਾ ਮੰਡੀ ਭੋਆ ਵਿਖੇ ਕਰਵਾਏ ਗਏ ਹਨ ਅਤੇ ਇੰਨ੍ਹਾਂ ਮੇਲਿਆਂ ਵਿੱਚ ਜੇਤੂ ਰਹਿਣ ਵਾਲੇ ਪਸ਼ੂ ਪਾਲਕਾਂ ਨੂੰ 15 ਲੱਖ ਰੁਪਏ ਦੇ ਨਕਦ ਇਨਾਮ ਵੀ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਜਿਲ੍ਹਾ ਪੱਧਰੀ ਪਸ਼ੂ ਧੰਨ ਚੈਂਪੀਅਨਸ਼ਿਪ-2015 ਮੁਕਾਬਲੇ 14 ਅਤੇ 15 ਨਵੰਬਰ ਨੂੰ ਪਿੰਡ ਝੰਜੇਲੀ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਹੁਣ ਤੱਕ 53068 ਬਿਮਾਰ ਜਾਨਵਰਾਂ ਦਾ ਇਲਾਜ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵਿੱਚ ਹੁਣ ਤੱਕ 28352 ਗਾਵਾਂ ਨੂੰ ਅਤੇ 9092 ਮੱਝਾਂ ਨੂੰ ਬਨਾਵਟੀ ਗਰਭਦਾਨ ਦੇ ਟੀਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਗਾਵਾਂ ਨੂੰ 210 ਵਿਦੇਸ਼ੀ ਨਸਲ ਦੇ ਟੀਕੇ ਲਗਾਏ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਸੰਭਾਵੀ ਹੜਾਂ ਦੌਰਾਨ ਲੱਗਣ ਵਾਲੀਆਂ ਗੱਲ ਘੋਟੂ ਬਿਮਾਰੀਆਂ ਦੀ ਰੋਕਥਾਮ ਲਈ 90000 ਗੱਲ ਘੋਟੂ ਦੀਆਂ ਖੁਰਾਕਾ ਪਸ਼ੂਆਂ ਨੂੰ ਲਗਾ ਦਿੱਤੀਆਂ ਗਈਆਂ ਹਨ ਅਤੇ 92645 ਪਸ਼ੂਆਂ ਨੂੰ ਮੁਹੰ ਖੋਰ ਬੀਮਾਰੀ ਤੋਂ ਬਚਾਉਣ ਲਈ ਫ੍ਰੀ ਖੁਰਾਕਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ 135 ਕੁਇੰਟਲ ਸਬਸਿਡੀ ਦਾ ਮਿਨਰਲ ਮਿਕਸਚਰ ਜ਼ਿਲ੍ਹਾ ਪਠਾਨਕੋਟ ਨੂੰ ਪ੍ਰਾਪਤ ਹੋਇਆ ਸੀ ਜੋ ਕਿ ਪਸ਼ੁ ਪਾਲਕਾਂ ਨੂੰ ਵੰਡਿਆ ਜਾ ਚੁੱਕਾ ਹੈ। ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਹਰੇਕ ਪਸ਼ੂ ਪਾਲਕ ਜਿਸ ਦਾ ਪਸ਼ੂ 15 ਕਿਲੋਗ੍ਰਾਮ ਤੋਂ ਵੱਧ ਦੁੱਧ ਦਿੰਦਾ ਹੈ, ਉਹ ਆਪਣੇ ਨਜ਼ਦੀਕੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਮੁਫ਼ਤ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ।
Punjab Post Daily Online Newspaper & Print Media