Saturday, September 5, 2026

ਬਾਲ ਮਜ਼ਦੂਰੀ ਖਾਤਮਾ ਸਪਤਾਹ 16 ਤੋਂ 22 ਨਵੰਬਰ ਤੱਕ – ਡਿਪਟੀ ਕਮਿਸ਼ਨਰ

ਬਠਿੰਡਾ, 14 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਜ਼ਿਲ੍ਹੇ ਭਰ ਵਿੱਚ ਬਾਲ ਮਜ਼ਦੂਰੀ ਖਾਤਮਾ ਸਪਤਾਹ 16 ਤੋਂ 22 ਨਵੰਬਰ 2015 ਤੱਕ ਮਨਾਉਣ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਨੇ ਦੱਸਿਆ ਕਿ ਪੰਜਾਬ ਸਟੇਟ ਐਕਸ਼ਨ ਪਲਾਨ ਫਾਰ ਟੋਟਲ ਐਬੋਲਿਸ਼ਨ ਆਫ਼ ਚਾਈਲਡ ਲੇਬਰ ਮੁਤਾਬਿਕ ਕਾਰਵਾਈ ਕਰਦੇ ਹੋਏ ਖਤਰਨਾਕ ਕਿੱਤਿਆਂ ਤੇ ਪ੍ਰੋਸੈਸਿਜ ਅਤੇ ਗੈਰ ਖਤਰਨਾਕ ਕਿੱਤਿਆਂ ਤੇ ਪ੍ਰੋਸੈਸਿੰਗ ਅਦੀਰਿਆਂ ਵਿਚ ਅਚਨਚੇਤ ਛਾਪੇ ਮਾਰਨ, ਲੱਭੇ ਗਏ ਬਾਲ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਕਿਰਤ, ਪੁਲਿਸ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ, ਸਕੂਲ ਸਿੱਖਿਆ, ਸਿਹਤ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਸਬ ਡਵੀਜਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਹਫਤੇ ਦੌਰਾਨ ਚੈਕਿੰਗ ਕਰਨਗੀਆਂ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਵੇਗੀ, ਚਾਹੇ ਉਹ ਕਿਸੇ ਵੀ ਕਾਰੋਬਾਰ ਵਿੱਚ ਕੰਮ ਕਰਦੇ ਹੋਣ। ਦੋਸ਼ੀ ਪਾਏ ਗਏ ਵਿਅਕਤੀਆਂ ਨੂੰ ਘੱਟ ਤੋ ਘੱਟ 10 ਹਜਾਰ ਜੁਰਮਾਨਾ, 2 ਸਾਲ ਦੀ ਕੈਦ ਜਾਂ ਦੋਵੇਂ ਸਜ਼ਾਵਾਂ ਇਕੱਠੀਆਂ ਹੋ ਸਕਦੀਆਂ ਹਨ ਅਤੇ ਨਾਲ ਹੀ ਦੋਸ਼ੀ ਵਿਅਕਤੀ ਪਾਸੋਂ 20 ਹਜਾਰ ਰੁਪਏ ਪ੍ਰਤੀ ਬਾਲ ਮਜ਼ਦੂਰ ਰਿਕਵਰੀ ਕਰਕੇ ਜਿਲ੍ਹਾ ਬਾਲ ਮਜ਼ਦੂਰ ਭਲਾਈ ਅਤੇ ਪੁਨਰਵਾਸ ਫੰਡ ਵਿਚ ਜਮ੍ਹਾ ਕਰਵਾਇਆ ਜਾਵੇਗਾ। ਇਸ ਵਾਰ ਘਰੇਲੂ ਕੰਮਾਂ ਲਈ ਕੰਮਾਂ ਤੇ 14 ਸਾਲ ਤੋ ਘੱਟ ਉਮਰ ਦੇ ਮਜ਼ਦੂਰਾਂ ਨੂੰ ਲਗਾਉਣ ਵਾਲੇ ਵਿਅਕਤੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਸਹਾਇਕ ਕਿਰਤ ਕਮਿਸ਼ਨਰ ਸ ਗੁਰਬੰਤ ਸਿੰਘ ਬਰਾੜ ਨੇ ਦੱਸਿਆ ਕਿ ਬਾਲ ਮਜ਼ਦੂਰੀ (ਮਨਾਹੀ ਤੇ ਨਿਯੰਤਰਣ) ਐਕਟ 1986 ਦੀ ਧਾਰਾ 3, ਪੰਜਾਬ ਫੈਕਟ੍ਰੀਜ਼ ਐਕਟ 1948 ਦੀ ਧਾਰਾ 67 ਅਤੇ ਪੰਜਾਬ ਦੁਕਾਨਾਂ ਤੇ ਵਪਾਰਕ ਅਦਾਰੇ ਐਕਟ 1958 ਦੀ ਧਾਰਾ 29 ਅਧੀਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੀ ਮੁਕੰਮਲ ਮਨਾਹੀ ਹੈ।ਜੇਕਰ ਕੋਈ ਵਿਅਕਤੀ ਕਿਸੇ ਮਜ਼ਦੂਰ ਤੋਂ ਬੰਧੂਆ ਮਜ਼ਦੂਰੀ ਕਰਵਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਬੰਧੂਆ ਮਜ਼ਦੂਰੀ ਰੋਕਥਾਮ ਐਕਟ 1976 ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਐਕਟ ਮੁਤਾਬਕ ਦੋਸ਼ੀ ਵਿਅਕਤੀ ਨੂੰ 3 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਮਜ਼ਦੂਰ ਨੂੰ ਬੰਧੂਆ ਬਣਾ ਕੇ ਕੰਮ ਲੈਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਵੇ ਤਾਂ ਉਹ ਤੁਰੰਤ ਸਬੰਧਤ ਸਬ ਡਵੀਜ਼ਨ ਦੇ ਐਸ.ਡੀ.ਐਮ. ਨੂੰ ਸੂਚਿਤ ਕਰਨ ਤਾਂ ਜੋ ਤੁਰੰਤ ਉਨ੍ਹਾਂ ਨੂੰ ਛੁਡਵਾ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਇੰਤਜ਼ਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦਫ਼ਤਰ ਸਹਾਇਕ ਕਿਰਤ ਕਮਿਸ਼ਨਰ, ਬਠਿੰਡਾ ਵਿਖੇ ਚਾਈਲਡ ਹੈਲਪ ਲਾਈਨ ਟੈਲੀਫ਼ੋਨ ਨੰ: 0164-2211287 ‘ਤੇ ਸਥਾਪਤ ਕੀਤੀ ਗਈ ਹੈ। ਜ਼ਿਲ੍ਹੇ ਦੀਆਂ ਬਾਲ ਮਜ਼ਦੂਰੀ ਸਬੰਧੀ ਸ਼ਿਕਾਇਤਾਂ ਇਸ ਹੈਲਪ ਲਾਈਨ ਨੰਬਰ ਤੇ ਵੀ ਪ੍ਰਾਪਤ ਕੀਤੀਆਂ ਜਾਣਗੀਆਂ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply