ਅੱਜ 16 ਨਵੰਬਰ ਨੂੰ ਭੋਗ ਤੇ ਵਿਸ਼ੇਸ਼
ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ ਸੱਗੂ) ਬੀਤੇ ਦਿਨੀ ਇਸ ਫਾਨੀ ਦੁਨੀਆ ਤੋਂ ਚਲਣਾ ਕਰ ਗਏ ਕਾਮਰੇਡ ਬਸੰਤ ਲਾਲ ਦਾ ਜਨਮ ਬਸੰਤ ਪੰਚਮੀ ਵਾਲੇ ਦਿਨ 21 ਜਨਵਰੀ 1942 ਵਿੱਚ ਪਿਤਾ ਮੁਨਸ਼ੀ ਰਾਮ ਤੇ ਮਾਤਾ ਪ੍ਰਕਾਸ ਕੌਰ ਦੇ ਗ੍ਰਹਿ ਵਿਖੇ ਹੋਇਆ।ਪਿਤਾ ਵੀ ਗਰੀਬ ਮਜਦੂਰ ਸਨ, ਜਿਸ ਕਾਰਨ ਕਾਮਰੇਡ ਬਸੰਤ ਲਾਲ ਉਚ ਵਿੱਦਿਆ ਹਾਸਲ ਨਹੀਂ ਕਰ ਸਕੇ।ਪਰ ਮਜਦੂਰੀ ਦਾ ਕੰਮ ਕਰਦਿਆਂ ਕਾਮਰੇਡ ਬਸੰਤ ਲਾਲ ਨੇ ਮਜਦੂਰ ਜਮਾਤ ਨੂੰ ਸਮਝਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਡੱਟ ਕੇ ਪਹਿਰਾ ਦਿੰਦਿਆਂ ਮਜਦੂਰ ਜਮਾਤ ਦੀ ਅਗਵਾਈ ਕਰਦੀ ਟਰੇਡ ਯੂਨੀਅਨ ‘ਸੀਟੂ’ ਜਥੇਬੰਦੀ ਨਾਲ ਜੁੜੇ ਤੇ ਸੀਪੀਆਈ ਐਮ ਦੇ ਮੈਂਬਰ ਬਣ ਕੇ ਮਜਦੂਰ ਜਮਾਤ ਲਈ ਅਨੇਕਾਂ ਸੰਘਰਸ਼ ਲੜਦਿਆਂ ਜਿੱਤਾਂ ਪ੍ਰਾਪਤ ਕੀਤੀਆਂ।ਐਮਰਜੈਂਸੀ ਵੇਲੇ ਵੀ ਉਹ ਰੂਪੋਸ਼ ਰਹਿ ਕੇ ਮਜਦੂਰ ਜਮਾਤ ਦੇ ਹੱਕਾਂ ਲਈ ਲੜਦੇ ਰਹੇ ਅਤੇ ਅਨੇਕਾਂ ਵਾਰ ਜੇਲ੍ਹ ਗਏ।1992 ਵਿਚ ਪਾਰਟੀ ਵਲੋੋਂ ਸਿਵਲ-ਨਾ-ਫੁਰਮਾਨੀ ਲਹਿਰ ਦੌਰਾਨ ਮੋਹਰੀ ਰੋਲ ਅਦਾ ਕੀਤਾ ਅਤੇ 2008 ਵਿਚ ਵੀ ਕਿਸਾਨਾਂ ਦੇ ਜੇਲ੍ਹ ਭਰੋ ਅੰਦੋਲਨ ਦੌਰਾਨ ਉਹ 3 ਦਿਨ ਜੇਲ੍ਹ ਅੰਦਰ ਰਹੇ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਅਵਾਜ ਬੁਲੰਦ ਕੀਤੀ।2014 ਦੌਰਾਨ ਕੁਝ ਪਾਰਟੀ ਆਗੂਆਂ ਦੀ ਮਤਲਬਪ੍ਰਸਤੀ ਤੇ ਮੌਕਾਪ੍ਰਸਤੀ ਤੋਂ ਨਰਾਜ਼ ਹੋ ਕੇ ਪਾਰਟੀ ਛੱਡ ਦਿੱਤੀ, ਪਰ ਮਜਦੂਰਾਂ ਦਾ ਸਾਥ ਨਹੀਂ ਛੱਡਿਆ ਤੇ ਮਜਦੂਰਾਂ ਦੇ ਹੱਕਾਂ ਦੀ ਲੜਾਈ ਲੜਦੇ ਰਹੇ।ਜਦੋਂ ਕੋਈ ਮਜਦੂਰ ਜਾਂ ਲੋੜਵੰਦ ਉਨ੍ਹਾਂ ਦੇ ਗ੍ਰਹਿ ਵਿਖੇ ਮਦਦ ਦੀ ਉਮੀਦ ਲੈ ਕੇ ਆਉਂਦਾ ਤਾਂ ਉਹ ਤੁਰੰਤ ਉਨ੍ਹਾਂ ਦਾ ਕੰਮ ਕਰਵਾਉਣ ਲਈ ਉਨ੍ਹਾਂ ਨਾਲ ਤੁਰ ਪੈਂਦੇ। ਕਾਮਰੇਡ ਬਸੰਤ ਲਾਲ ਨੇ ਬਿਨਾਂ ਕਿਸੇ ਲਾਲਚ ਦੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਜੀਵਨ ਲੇਖੇ ਲਾਇਆ। ਕਾਮਰੇਡ ਬਸੰਤ ਲਾਲ ਨਮਿਤ ਸ਼ਰਧਾਂਜਲੀ ਸਮਾਗਮ ਅੱਜ 16 ਨਵੰਬਰ ਸੋਮਵਾਰ ਨੂੰ ਮੇਘ ਭਵਨ ਜੰਝ ਘਰ ਵੱਡਾ ਹਰੀਪੁਰਾ ਅੰਮ੍ਰਿਤਸਰ ਵਿਖੇ ਹੋਵੇਗਾ।ਇਸ ਮੌਕੇ ਉਨ੍ਹਾਂ ਨੂੰ ਵੱਖ-ਵੱਖ ਧਾਰਮਿਕ, ਰਾਜਸੀ, ਸਮਾਜ ਸੇਵੀ ਅਤੇ ਹੋਰ ਆਗੂ ਨਿੱਘੀਆਂ ਸ਼ਰਧਾਂਜਲੀਆਂ ਭੇਟ ਕਰਨਗੇ।
Punjab Post Daily Online Newspaper & Print Media
