ਬਠਿੰਡਾ, 16 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਸਿੱਖ ਪ੍ਰਚਾਰਕਾਂ ਦੀ ਮੀਟਿੰਗ ਹੋਈ ਜਿਸ ਵਿਚ ਪਿਛਲੇ ਦਿਨੀ ਦੀਆਂ ਘਟਨਾਵਾਂ ‘ਤੇ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਨੇ ਅਗਲੀ ਰਣਨੀਤੀ ਤਹਿ ਕਰਨ ਦਾ ਵਿਚਾਰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ ਕਿਉਕਿ ਉਨ੍ਹਾਂ ਕਿਹਾ ਕਿ ਕੁਝ ਪ੍ਰਚਾਰਕ ਮੀਟਿੰਗ ਵਿਚ ਪਹੁੰਚ ਨਹੀ ਸਕੇ, ਉਨ੍ਹਾਂ ਜੋ ਵਿਚਾਰ ਕੀਤੀ ਉਹ ਇਸ ਪ੍ਰਕਾਰ ਕਿ 25 ਅਕਤੂਬਰ ਨੂੰ ਬਰਗਾੜੀ ਵਿਖੇ ਸ਼ਹੀਦਾਂ ਦੇ ਭੋਗ ਸਮੇਂ ਐਲਾਨ ਕੀਤੇ ਪ੍ਰੋਗਰਾਮ ਮੁਤਾਬਿਕ ਮੁੱਖ ਤੌਰ ‘ਤੇ ਤਿੰਨ ਮੰਗਾਂ (1) ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ (2) ਪੰਜਾਬ ਪੁਲਿਸ ਵੱਲੋਂ ਗਲਤ ਤੌਰ ‘ਤੇ ਫੜੇ ਗਏ ਸਿੱਖ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ (3) ਪਿੰਡ ਬਹਿਬਲ ਵਿਖੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ/ਮੁਲਾਜ਼ਮਾਂ ‘ਤੇ ਬਾਈ ਨੇਮ ਧਾਰਾ 302 ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀਆਂ ਮੰਗਾਂ ਮੰਨਣ ਲਈ ਪੰਜਾਬ ਸਰਕਾਰ ਨੂੰ 15 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਜਿਸ ਉਪ੍ਰੰਤ ਮਤਾ ਨੰ: 9 ਮੁਤਾਬਿਕ ਘਿਰਾਓ ਕਰਨ ਦਾ ਪ੍ਰੋਗਰਾਮ ਸੀ। ਇਸ ਮੀਟਿੰਗ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਦਲੇਰ ਸਿੰਘ ਖੇੜੀ ਵਾਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਘੇਰਾਬੰਦੀ ਕੀਤੇ ਜਾਣ ਕਰਕੇ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਬਾਕੀ ਪ੍ਰਚਾਰਕਾਂ ਨੇ ਵੀਚਾਰ ਕਰਦਿਆਂ ਕਿਹਾ ਕਿ ਇਨ੍ਹਾਂ ਮੰਗਾਂ ਵਿੱਚੋਂ ਮੰਗ ਨੰਬਰ (1) ਭਾਵ ਬੇਅਦਬੀ ਵਾਲਾ ਮਾਮਲਾ ਅਜੇ ਹੱਲ ਨਹੀਂ ਹੋਇਆ। (2) ਨਜਾਇਜ਼ ਤੌਰ ‘ਤੇ ਫੜੇ ਗਏ ਭਾਈ ਰੁਪਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੇ ਬੇਕਸੂਰ ਦੱਸ ਕੇ ਛੱਡ ਦਿੱਤਾ ਹੈ। ਤੀਸਰੀ ਮੰਗ ਸਬੰਧੀ ਪੁਲਿਸ ਵੱਲੋਂ ਐੱਫ ਆਈ ਆਰ ਨੰ: 130 ਮਿਤੀ 21.10.2015 ਜਿਹੜੀ ਕਿ ਪਹਿਲਾਂ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜਨਤਕ ਕਰਨ ਤੋਂ ਰੋਕੀ ਗਈ ਸੀ; ਉਸ ਦੀ ਕਾਪੀ ਮਿਲ ਗਈ ਹੈ; ਜਿਸ ਵਿੱਚ ਚਰਨਜੀਤ ਸ਼ਰਮਾ ਮੁਕਾਮੀ ਐੱਸ.ਐੱਸ.ਪੀ ਮੋਗਾ ਅਤੇ ਉਸ ਦੀ ਪੁਲਿਸ ਪਾਰਟੀ ਵਿਰੁੱਧ ਧਾਰਾ 302 ਅਧੀਨ ਬਾਈ ਨੇਮ ਕੇਸ ਦਰਜ ਕੀਤਾ ਹੋਇਆ ਹੈ।ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਦੱਸਿਆ ਕਿ ਐੱਫ ਆਈ ਆਰ ਨੰ: 130 ਮਿਤੀ 21.10.2015 ‘ਤੇ ਕਾਨੂੰਨੀ ਕਾਰਵਾਈ ਕਰਾਉਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕੁਝ ਸਿੰਘਾਂ ਨੇ ਕਿੰਤੂ ਪ੍ਰੰਤੂ ਕੀਤਾ ਕਿ ਜੋ ਸਰਬੱਤ ਖਾਲਸਾ ਬਲਾਉਣ ‘ਤੇ ਜਥੇਦਾਰ ਥਾਪੇ ਗੲ ਉਨ੍ਹਾਂ ਦਾ ਜ਼ਿਕਰ ਤੱਕ ਨਹੀ ਕੀਤਾ ਗਿਆ ਕਿ ਉਨ੍ਹਾਂ ਨੂੰ ਛੜਾਉਣ ਬਾਰੇ ਅਗਲੀ ਰਣਨੀਤੀ ਕੀ ਤਿਆਰ ਕੀਤੀ ਜਾ ਰਹੀ ਹੈ। ਪਰ ਅਗਲੀ ਰਣਨੀਤੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਦਲੇਰ ਸਿੰਘ ਦੀ ਘੇਰਾਬੰਦੀ ਖਤਮ ਕਰਨ ਉਪ੍ਰੰਤ ਸੰਘਰਸ਼ ਵਿੱਚ ਸ਼ਾਮਲ ਸਾਰੇ ਪ੍ਰਚਾਰਕਾਂ ਦੀ ਸਾਂਝੀ ਮੀਟਿੰਗ ਵਿੱਚ ਹੀ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਭਾਈ ਪੰਥਪ੍ਰੀਤ ਸਿੰਘ, ਭਾਈ ਸੁਖਜੀਤ ਸਿੰਘ ਖੋਸਾ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਸਤਨਾਮ ਸਿੰਘ ਚੰਦੜ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਨਿਰਮਲ ਸਿੰਘ ਧੂੜਕੋਟ, ਆਦਿਕ ਸ਼ਾਮਲ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media