Sunday, April 26, 2026

ਉਸਾਰੀ ਕਿਰਤੀ ਵੀ 60 ਸਾਲ ਦੀ ਉਮਰ ਤੋਂ ਬਾਅਦ ਲੈ ਸਕਣਗੇ ਪੈਨਸ਼ਨ

ਬਟਾਲਾ, 16 ਨਵੰਬਰ (ਨਰਿੰਦਰ ਸਿੰਘ ਬਰਨਾਲ)- ਵੱਖ-ਵੱਖ ਨਿਰਮਾਣ ਕਾਰਜਾਂ ‘ਚ ਲੱਗੇ ਉਸਾਰੀ ਕਿਰਤੀ ਵੀ ਹੁਣ 60 ਸਾਲ ਦੀ ਉਮਰ ਤੋਂ ਬਾਅਦ 5000 ਤੋਂ 20000 ਰੁਪਏ ਸਲਾਨਾ ਪੈਨਸ਼ਨ ਲੈ ਸਕਦੇ ਹਨ।ਪੰਜਾਬ ਸਰਕਾਰ ਵੱਲੋਂ ਇਹ ਪੈਨਸ਼ਨ ਯੋਜਨਾ ਉਨ੍ਹਾਂ ਉਸਾਰੀ ਮਜਦੂਰਾਂ ਲਈ ਸ਼ੁਰੂ ਕੀਤੀ ਹੈ ਜੋ ਪੰਜਾਬ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਪੰਜੀਕ੍ਰਿਤ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ੍ਰੀ ਸੌਰਵ ਅਰੋੜਾ ਨੇ ਦੱਸਿਆ ਕਿ ਪੈਨਸ਼ਨ ਯੋਜਨਾ ਦਾ ਲਾਭ ਲੈਣ ਲਈ ਉਸਾਰੀ ਕਿਰਤੀ ਪੰਜਾਬ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਪੰਜੀਕ੍ਰਿਤ ਜਰੂਰ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀ ਨੂੰ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਅਤੇ ਘੱਟੋ-ਘੱਟ 5 ਸਾਲ ਬੋਰਡ ਦੀ ਮੈਂਬਰਸ਼ਿਪ ਪੂਰੀ ਹੋਣ ‘ਤੇ ਘੱਟੋ-ਘੱਟ 5000 ਰੁਪਏ ਦੀ ਸਲਾਨਾ ਪੈਨਸ਼ਨ ਦਿੱਤੀ ਜਾਵੇਗੀ। ਇਸਤੋਂ ਇਲਾਵਾ ਹਰ ਇੱਕ ਸਾਲ ਦੀ ਮੈਂਬਰਸ਼ਿਪ ਦਾ ਵਾਧਾ ਹੋਣ ‘ਤੇ ਇੱਕ-ਇੱਕ ਹਜ਼ਾਰ ਰੁਪਏ ਵਧਾਉਂਦੇ ਹੋਏ 20 ਸਾਲ ਦੀ ਮੈਂਬਰਸ਼ਿਪ ਉਪਰੰਤ ਵੱਧ ਤੋਂ ਵੱਧ 20000 ਰੁਪਏ ਪ੍ਰਤੀ ਸਾਲ ਪੈਨਸ਼ਨ ਦਿੱਤੀ ਜਾਵੇਗੀ। ਇਸ ਪੈਨਸ਼ਨ ਯੋਜਨਾ ਲਈ ਪੰਜਾਬ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਜੀਵਨ ਬੀਮਾਂ ਨਿਗਮ ਵਿੱਚ 110 ਕਰੋੜ ਰੁਪਏ ਦਾ ਕਾਰਪਸ ਤਿਆਰ ਕੀਤਾ ਗਿਆ ਹੈ।
ਐੱਸ.ਡੀ.ਐੱਮ. ਸ੍ਰੀ ਸੌਰਵ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਲਈ ਮੁਫਤ ਮੈਡੀਕਲ ਸਹਾਇਤਾ ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਉਸਾਰੀ ਮਜਦੂਰ ਦੇ ਪਰਿਵਾਰ ਦੇ ਮੈਂਬਰਾਂ ਨੂੰ 50,000 ਰੁਪਏ ਪ੍ਰਤੀ ਸਾਲ ਮੁਫਤ ਇਲਾਜ ਸਹੂਲਤ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਪੰਜੀਕ੍ਰਿਤ ਉਸਾਰੀ ਕਿਰਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਰਨਲ ਸਰਜਰੀ ਲਈ 20000 ਰੁਪਏ, ਐਨਕਾਂ ਲਗਾਉਣ ਲਈ 800 ਰੁਪਏ, ਦੰਦ ਲਗਾਉਣ ਲਈ 5000 ਰੁਪਏ ਅਤੇ ਸੁਣਨ ਯੰਤਰ ਲਗਾਉਣ ਲਈ 6000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਉੱਚ ਸਿੱਖਿਆ ਤੱਕ 2800 ਰੁਪਏ ਤੋਂ 58000 ਰੁਪਏ ਤੱਕ ਵਜ਼ੀਫਾ ਦਿੱਤਾ ਜਾਂਦਾ ਹੈ। ਰਾਜ ਸਰਕਾਰ ਵੱਲੋਂ ਉਸਾਰੀ ਕਿਰਤੀ ਦੇ ਬੱਚਿਆਂ ਨੂੰ ਸਕੂਲ ਆਉਣ-ਜਾਣ ਲਈ ਮੁਫਤ ਸਾਈਕਲ ਦੇਣ ਦੀ ਯੋਜਨਾ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ ਉਸਾਰੀ ਕ੍ਰਿਤੀਆਂ ਦੀਆਂ ਲੜਕੀਆਂ ਦੇ ਵਿਆਹ ਸਮੇਂ 31000 ਰੁਪਏ ਸ਼ਗਨ ਸਕੀਮ ਦਿੱਤੀ ਜਾਂਦੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਉਪਰੋਕਤ ਭਲਾਈ ਯੋਜਨਾ ਤੋਂ ਇਲਾਵਾ ਸੂਬਾ ਸਰਕਾਰ ਨੇ ਬੋਰਡ ਦੇ ਪੰਜੀਕ੍ਰਿਤ ਉਸਾਰੀ ਕਾਮਿਆਂ ਲਈ ਵੱਖ-ਵੱਖ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ ਅਤੇ ਉਸਾਰੀ ਕਿਰਤੀ ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰ ‘ਚ ਪਹੁੰਚ ਕਰਕੇ ਬੋਰਡ ਦੀ ਮੈਂਬਰਸ਼ਿਪ ਲੈ ਕੇ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਉਠਾ ਸਕਦੇ ਹਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply