
ਸੰਦੌੜ, 16 ਨਵੰਬਰ (ਹਰਮਿੰਦਰ ਸਿੰਘ ਭੱਟ)- ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਵੱਲੋਂ ਜਿਲ੍ਹਾ ਸੰਗਰੂਰ ਜੂਨੀਅਰ ਅਤੇ ਸੀਨੀਅਰ ਚੈਂਪੀਅਨਸ਼ਿਪ ਡਾ.ਜਾਕਿਰ ਹੁਸੈਨ ਸਟੇਡੀਅਮ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਦੇ ਲਗਭਗ 80 ਪਹਿਲਵਾਨਾਂ ਨੇ ਭਾਗ ਲਿਆ। ਚੈਪੀਅਨਸ਼ਿਪ ਦਾ ਉਦਘਾਟਨ ਸ.ਗੁਰਪ੍ਰੀਤ ਸਿੰਘ ਸਿਕੰਦ ਡੀ.ਐਸ.ਪੀ ਮਾਲੇਰਕੋਟਲਾ ਕਮ ਆਰਗੇਨਾਈਜਿੰਗ ਦੁਆਰਾ ਝੰਡੇ ਦੀ ਰਸਮ ਅਦਾ ਕਰਕੇ ਅਤੇ ਸ਼ਾਂਤੀ ਦਾ ਪ੍ਰਤੀਕ ਕਬੂਤਰ ਛੱਡਕੇ ਕੀਤਾ ਗਿਆ। ਸ.ਸਿਕੰਦ ਵੱਲੋਂ ਪਹਿਲਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹਨ। ਮਾਲੇਰਕੋਟਲਾ ਸ਼ਹਿਰ ਕੁਸ਼ਤੀਆਂ, ਫੁੱਟਬਾਲ ਅਤੇ ਬੈਡਮਿੰਟਨ ਦਾ ਘਰ ਹਨ। ਇਸ ਜੂਨੀਅਰ ਚੈਪੀਅਨਸ਼ਿਪ ਵਿੱਚ ਉਵੈਸ ਅਲੀ (50 ਕਿਲੋ), ਸਾਹਿਲ (55 ਕਿਲੋ), ਬਿੱਟੂ ਸਿੰਘ (60 ਕਿਲੋ), ਮੁਹੰਮਦ ਫਿਰੋਜ (66 ਕਿਲੋ), ਅਬਦੁਲ ਰਹਿਮਾਨ (74 ਕਿਲੋ), ਮੁਹੰਮਦ ਦਿਲਸ਼ਾਦ (84 ਕਿਲੋ), ਮੁਹੰਮਦ ਅਸ਼ਰਫ (96 ਕਿਲੋ), ਆਸਿਫ (120 ਕਿਲੋ) ਨੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਆਤਿਫ (57 ਕਿਲੋ), ਅਨਸ (61 ਕਿਲੋ), ਮੁਹੰਮਦ ਸੁਬਹਾਨ (65 ਕਿਲੋ), ਮੁਹੰਮਦ ਰਿਜਵਾਨ (70 ਕਿਲੋ), ਨਰੇਸ਼ ਕੁਮਾਰ (74 ਕਿਲੋ), ਜਾਹਿਦ ਪ੍ਰਵੇਜ (86 ਕਿਲੋ), ਅਮਜਦ ਅਲੀ (97 ਕਿਲੋ), ਮੁਹੰਮਦ ਇਮਰਾਨ (125 ਕਿਲੋ), ਨੇ ਸੋਨੇ ਦਾ ਤਗਮਾ ਜਿੱਤਿਆ। ਇਸ ਚੈਪੀਅਨਸ਼ਿਪ ਦੇ ਮੁੱਖ ਮਹਿਮਾਨ ਸ਼੍ਰੀ ਰਾਜ ਸਿੰਘ (ਦਿੱਲੀ ਵਾਲੇ) ਦਰੋਨਾਚਾਰੀਆ ਐਵਾਰਡੀ ਅੰਤਰ ਰਾਸ਼ਟਰੀ ਕੋਚ, ਸਕੱਤਰ ਏਸ਼ੀਅਨ ਕੁਸ਼ਤੀ ਸੰਸਥਾ ਅਤੇ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ ਪ੍ਰਧਾਨ ਪੰਜਾਬ ਕੁਸ਼ਤੀ ਸੰਸਥਾ ਵਿਸ਼ੇਸ਼ ਤੌਰ ਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਸ਼੍ਰੀ ਰਾਜ ਸਿੰਘ ਨੇ ਜਿੱਥੇ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਨੂੰ ਕਾਮਯਾਬੀ ਲਈ ਮੁਬਾਰਕਬਾਦ ਪੇਸ਼ ਕੀਤੀ, ਉੱਥੇ ਹੀ ਪਹਿਲਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਸ.ਕਰਤਾਰ ਸਿੰਘ ਪਹਿਲਵਾਨ ਨੇ ਪਹਿਲਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਲੇਰਕੋਟਲਾ ਦੀ ਧਰਤੀ ਜਿੱਥੋਂ ਹਮੇਸ਼ਾ ਸੱਚ ਦੀ ਅਵਾਜ਼ ਉੱਠੀ ਹੈ, ਉਸ ਧਰਤੀ ਨੇ ਬਹੁਤ ਵਧੀਆ ਪਹਿਲਵਾਨ ਵੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਨੂੰ ਮਿੱਟੀ ਦਾ ਕੁਸ਼ਤੀ ਛੱਡ ਕੇ ਮੇਟ ਦੀ ਕੁਸ਼ਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਚੈਪੀਅਨਸ਼ਿਪ ਦੀ ਕਾਮਯਾਬੀ ਲਈ ਜਮਾਲ ਦੀਨ ਸਾਬਕਾ ਕੋਂਸਲਰ, ਡਾਚਾ ਸਪੋਰਟਸ, ਰਿਹਬਰ ਸਪੋਰਟਸ, ਆਸਰਾ ਫਾਇਨੈਂਸ ਕੰਪਨੀ, ਅਵਤਾਰ ਤਾਰੀ, ਚੋਧਰੀ ਖੁਸ਼ੀ ਮੁਹੰਮਦ ਪੋਪਾ, ਡਾ.ਮੁਹੰਮਦ ਰਮਜ਼ਾਨ, ਮੁਹੰਮਦ ਨਜ਼ੀਰ ਕੋਂਸਲਰ, ਮੁਹੰਮਦ ਅਨਵਰ ਕੋਂਸਲਰ ਨੇ ਭਰਪੂਰ ਸਹਿਯੋਗ ਦਿੱਤਾ। ਸੰਸਥਾ ਦੇ ਪ੍ਰਧਾਨ ਮੁਹੰਮਦ ਖਾਲਿਦ ਥਿੰਦ, ਸਕੱਤਰ ਮੁਹੰਮਦ ਇਰਫਾਨ ਅੰਜੁਮ, ਅਤੇ ਮੈਂਬਰਜ਼ ਵੱਲੋਂ ਚੈਪੀਅਨਸ਼ਿਪ ਦੀ ਕਾਮਯਾਬੀ ਲਈ ਸ.ਗੁਰਪ੍ਰੀਤ ਸਿੰਘ ਸਿਕੰਦ ਡੀ.ਐਸ.ਪੀ ਮਾਲੇਰਕੋਟਲਾ, ਸ਼੍ਰੀ ਰਾਜ ਸਿੰਘ, ਪਦਮ ਸ਼੍ਰੀ ਕਰਤਾਰ ਸਿੰਘ, ਸਮੂਹ ਪਹਿਲਵਾਨਾਂ ਅਤੇ ਆਮ ਜਨਤਾ ਦੇ ਸਹਿਯੋਗ ਲਈ ਧੰਨਵਾਦ ਕੀਤਾ।
Punjab Post Daily Online Newspaper & Print Media