Saturday, April 25, 2026

”ਗੁਰੂ ਨਾਨਕ ਬਾਣੀ : ਆਧੁਨਿਕ ਚੁਣੌਤੀਆਂ ਤੇ ਸਮਾਧਾਨ” ਦੋ-ਰੋਜ਼ਾ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 20 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਦੋ-ਰੋਜ਼ਾ ਸੈਮੀਨਾਰ ”ਗੁਰੂ ਨਾਨਕ ਬਾਣੀ : ਆਧੁਨਿਕ ਚੁਣੌਤੀਆਂ ਤੇ ਸਮਾਧਾਨ” 19-20 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਸੰਬੰਧ ਵਿਚ ਕਰਵਾਇਆ ਗਿਆ।ਇਸ ਸੈਮੀਨਾਰ ਦਾ ਉਦਘਾਟਨ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਕਿਹਾ ਕਿ ਵਰਤਮਾਨ ਸਮੱਸਿਆਵਾਂ ਦਾ ਹੱਲ ਹਿੰਸਕ ਪ੍ਰਤੀਕਿਰਿਆ ਨਹੀਂ ਬਲਕਿ ਸੰਵਾਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਗਿਆਨ ਦੀਆਂ ਉਪਲਬਧੀਆਂ ਦੀ ਸੁਯੋਗ ਤਰੀਕੇ ਨਾਲ ਵਰਤੋਂ, ਸਮਾਜਿਕ ਅਸਮਾਨਤਾ, ਅੰਧ-ਵਿਸ਼ਵਾਸ ਨੂੰ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਦੁਆਰਾ ਦੱਸੇ ਸਾਦਾ ਅਤੇ ਯਥਾਰਥ ਪੂਰਵਕ ਜੀਵਨ ਜੀਉਣ ਤੇ ਜੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ਨੂੰ ਵੀ ਧਿਆਨ ਵਿਚ ਲਿਆਂਦਾ ਕਿ ਅਕਾਦਮਿਕ ਪੱਧਰ ਤੇ ਯੂਨੀਵਰਸਿਟੀਆਂ ਵਿਚ ਚਲ ਰਹੇ ਸਿੱਖ ਅਧਿਐਨ ਨਾਲ ਸੰਬੰਧਿਤ ਵਿਭਾਗਾਂ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਤੇ ਸੰਦੇਸ਼ ਰਾਹੀਂ ਸਮਾਧਾਨ ਲਈ ਦਿਸ਼ਾ-ਨਿਰਦੇਸ਼ ਦੇਣ।
ਪ੍ਰੋ. ਸਰਬਜਿੰਦਰ ਸਿੰਘ, ਚੇਅਰਮੈਨ, ਭਾਈ ਗੁਰਦਾਸ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਗਲੋਬਲੀਕਰਨ ਨੇ ਖੜੋਤ ਸਭਿਆਚਾਰ ਪੈਦਾ ਕਰ ਦਿਤਾ ਹੈ, ਜਿਸ ਕਰਕੇ ਭਾਵਨਾਤਮਕ ਸਾਂਝ ਖ਼ਤਮ ਹੋ ਰਹੀ ਹੈ। ਉਨ੍ਹਾਂ ਨੇ ਵਰਤਮਾਨ ਦੀਆਂ ਚੁਣੌਤੀਆਂ ਦੇ ਹਲ ਲਈ ਬਾਣੀ ਨੂੰ ਸਮਝਣ, ਪੁਨਰ-ਵਿਆਖਿਆ ਅਤੇ ਸੰਵਾਦ ਵਿਧੀ ਦੀ ਲੋੜ ਤੇ ਜੋਰ ਦਿੱਤਾ।
ਉਘੇ ਸਿੱਖ ਚਿੰਤਕ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਐਮਰੀਟਸ ਪ੍ਰੋ. ਰਤਨ ਸਿੰਘ ਜੱਗੀ ਨੇ ਪ੍ਰਧਾਨਗੀ ਭਾਸ਼ਣ ਵਿਚ ਗੁਰੂ ਸਾਹਿਬ ਦੀ ਬਾਣੀ ਨੂੁੰ ਸਮਝਣ, ਸ਼ੁਭ ਕਰਮਾਂ ਅਤੇ ਸੰਵਾਦ ਵਿਧੀ ਦੁਆਰਾ ਚੁਣੌਤੀਆਂ ਦੇ ਸਮਾਧਾਨ ਬਾਰੇ ਅਜੋਕੇ ਯੁਗ ਦੀ ਲੋੜ ਵਲ ਧਿਆਨ ਦਿਵਾਇਆ। ਉਨ੍ਹਾਂ ਅਨੁਸਾਰ ਗੁਰੂ ਸਾਹਿਬ ਦੇ ਮੁਖ ਉਪਦੇਸ਼ ਅਨੁਸਾਰ ਸੱਚਾ ਇਨਸਾਨ ਬਣਨ ਦੀ ਲੋੜ ਹੈ। ਪ੍ਰੋ. ਬਲਕਾਰ ਸਿੰਘ, ਪ੍ਰੋ. ਰਾਜਿੰਦਰ ਕੌਰ ਰੋਹੀ, ਪ੍ਰੋ. ਬਲਵੰਤ ਸਿੰਘ ਢਿੱਲੋਂ, ਪ੍ਰੋ. ਜੋਧ ਸਿੰਘ ਨੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ। ਕਰੀਬ ਤਿੰਨ ਦਰਜਨ ਪੇਪਰ ਪ੍ਰਾਪਤ ਹੋਏ ਜਿਨ੍ਹਾਂ ਦੀ ਪ੍ਰੋਸੀਡਿੰਗ ਵਾਈਸ ਚਾਂਸਲਰ ਸਾਹਿਬ ਨੇ ਰੀਲੀਜ਼ ਕੀਤੀ। ਦਿੱਲੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਵਿਭਾਗ, ਹਿਸਟਰੀ ਵਿਭਾਗ ਅਤੇ ਪੱਤਰ-ਵਿਹਾਰ ਵਿਭਾਗ, ਦੇਸ਼ ਭਗਤ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਦਲਵਿੰਦਰ ਸਿੰਘ ਗਰੇਵਾਲ, ਸ੍ਰੀ ਗੁਰੂ ਗ੍ਰੰਥ ਸਟਡੀਜ਼ ਕੇਂਦਰ ਦੇ ਪ੍ਰੋਫੈਸਰ ਸਾਹਿਬਾਨ, ਗੁਰੂ ਨਾਨਕ ਅਧਿਐਨ ਵਿਭਾਗ ਦੇ ਸਾਰੇ ਫੈਕਲਟੀ ਮੈਂਬਰਜ਼ ਤੇ ਹੋਰ ਕਈ ਕਾਲਜਾਂ ਤੋਂ ਉਪਰੋਕਤ ਸੈਮੀਨਾਰ ਵਿਚ ਪਰਚੇ ਪ੍ਰਸਤੁਤ ਕੀਤੇ ਗਏ।
ਸੈਮੀਨਾਰ ਦੇ ਸਮਾਪਤੀ ਸਮਾਰੋਹ ਵਿਚ ਡਾ. ਰਘੁਬੀਰ ਸਿੰਘ ਬੈਂਸ ਨੇ ਵਿਸ਼ੇਸ਼ ਲੈਕਚਰ ਵਿਚ ਸਲਾਈਡ ਸ਼ੋਅ ਰਾਹੀਂ ਨਸ਼ਾ, ਭਰੂਣ ਹੱਤਿਆ, ਘਰੇਲੂ ਹਿੰਸਾ ਆਦਿ ਸਮਾਜਿਕ ਕੁਰੀਤੀਆਂ ਬਾਰੇ ਵਿਦਿਆਰਥੀਆਂ ਨੂੰ ਚੇਤੰਨ ਕਰਵਾਉਂਦੇ ਹੋਏ ਇਨ੍ਹਾਂ ਤੋਂ ਬਚਣ ਲਈ ਗੁਰਬਾਣੀ ਅਨੁਸਾਰ ਦਰਸਾਏ ਮਾਰਗ ਤੇ ਚੱਲਣ ਲਈ ਕਿਹਾ। ਸਿੰਘ ਸਾਹਿਬਾਨ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਨੇਕ-ਸੰਗਤਿ ਅਤੇ ਉਚ ਆਚਰਣ ਦੇ ਧਾਰਨੀ ਹੋਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਅੰਮ੍ਰਿਤਸਰ ਦੇ ਡੀ.ਆਈ.ਜੀ. ਸ. ਰੁਪਿੰਦਰ ਸਿੰਘ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਹੱਲ ਲਈ ਵਿਅਕਤੀ ਨੂੰ ਕਾਨੂੰਨ ਦੀ ਕਦਰ ਕਰਨ ਦੇ ਨਾਲ ਸਮਾਜਿਕ ਅਤੇ ਨੈਤਿਕ ਮੁੱਲਾਂ ਨੂੰ ਅਪਣਾਉਣਾ ਵੀ ਜਰੂਰੀ ਹੈ, ਜਿਸ ਲਈ ਪਰਿਵਾਰ ਵਿਚ ਔਰਤ ਦਾ ਰੋਲ ਅਹਿਮ ਹੈ।  ਸਾਰ ਰੂਪ ਵਿਚ ਵਿਦਵਾਨਾਂ ਨੇ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਦੇ ਸਮਾਧਾਨ ਲਈ ਗੁਰੂ ਨਾਨਕ ਬਾਣੀ ਦੇ ਸੰਦੇਸ਼ ਨੁੂੰ ਸਮਝਣ ਤੇ ਜੋਰ ਦਿੱਤਾ। ਚੁਣੌਤੀਆਂ ਨੂੰ ਨਾਕਾਰਾਤਮਕ ਦ੍ਰਿਸ਼ਟੀਕੋਣ ਤੋਂ ਵੇਖਣ ਦੀ ਬਜਾਇ ਉਨ੍ਹਾਂ ਨੂੰ ਨਵੇ ਵਿਕਾਸ, ਨਵੀਂ ਚੇਤਨਾ ਦੇ ਆਗਾਜ਼ ਪ੍ਰਵਾਨ ਕਰਕੇ ਸਾਕਾਰਾਤਮਕ ਦ੍ਰਿਸ਼ਟੀਕੋਣ ਤੋਂ ਵੇਖਣ ਦੀ ਲੋੜ ਹੈ।ਵਿਭਾਗ ਦੇ ਮੁਖੀ ਪ੍ਰੋ. ਸ਼ਸ਼ੀ ਬਾਲਾ ਨੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸੈਮੀਨਾਰ ਨੂੰ ਆਯੋਜਿਤ ਕਰਨ ਦੇ ਮੰਤਵ ਅਤੇ ਪ੍ਰਾਪਤੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਡਾ. ਮਨਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply