ਦੇਸ਼-ਵਿਦੇਸ਼ ਤੋਂ ਕਈ ਨਾਮਵਰ ਸਹਿਪਾਠੀ ਪੁੱਜਣਗੇ- ਪ੍ਰਿੰ: ਡਾ. ਮਹਿਲ ਸਿੰਘ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਖੁਰਮਣੀਆ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਦਿਨ ਐਤਵਾਰ 29 ਨਵੰਬਰ ਨੂੰ ਹੋਣ ਜਾ ਰਹੀ ਸਾਬਕਾ ਵਿਦਿਆਰਥੀਆਂ ਦੀ ‘ਐਲੂਮਨੀ ਮੀਟ-2015’ ਦੌਰਾਨ ਦੇਸ਼-ਵਿਦੇਸ਼ ਤੋਂ ਸਾਬਕਾ ਵਿਦਿਆਰਥੀ ਇਕੱਠੇ ਹੋ ਕੇ ਆਪਣੇ ਵਿਦਿਆਰਥੀ ਜੀਵਨ ਦੀਆਂ ਅਭੁੱਲ ਸੁਨਿਹਰੀ ਯਾਦਾਂ ਤਾਜ਼ੀਆਂ ਕਰਨਗੇ।ਇਸ ਦਾ ਉਦਘਾਟਨ ਸਵੇਰੇ 10:00 ਵਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸਤਿਆਜੀਤ ਸਿੰਘ ਮਜੀਠੀਆ ਕਰਨਗੇ।ਇਹ ਜਾਣਕਾਰੀ ਅੱਜ ਮੈਨੇਜ਼ਮੈਂਟ ਦਫ਼ਤਰ ਵਿਖੇ ਮੀਟਿੰਗ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਮੌਜ਼ੂਦਗੀ ਵਿੱਚ ਦਿੱਤੀ।
ਸ: ਛੀਨਾ ਨੇ ਕਿਹਾ ਕਿ ਖ਼ਾਲਸਾ ਕਾਲਜ, ਅੰਮ੍ਰਿਤਸਰ 125 ਸਾਲ ਪੁਰਾਣੀ ਸਿਰਮੌਰ ਇਤਿਹਾਸਕ ਸੰਸਥਾ ਹੈ, ਜਿਸ ਨੂੰ ਵਿਰਸਾਤੀ ਅਤੇ ਖੁਦ ਮੁਖਤਿਆਰ ਦਾ ਦਰਜਾ ਹਾਸਲ ਹੈ ਤੇ ਜਿੱਥੋਂ ਹਜ਼ਾਰਾਂ ਹੀ ਵਿਦਿਆਰਥੀ ਵਿੱਦਿਆ ਪ੍ਰਾਪਤ ਕਰਕੇ ਦੇਸ਼-ਵਿਦੇਸ਼ ਵਿੱਚ ਬਹੁਤ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ।ਉਨ੍ਹਾਂ ਦੱਸਿਆ ਕਿ ਮੀਟ ਦੌਰਾਨ 500 ਤੋਂ ਵਧੇਰੇ ਸਾਬਕਾ ਵਿਦਿਆਰਥੀਆਂ ਦੀ ਪਹੁੰਚਣ ਦੀ ਆਸ ਹੈ, ਜੋ ਕਿ ਪੂਰਾ ਦਿਨ ਚਲਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਕਾਲਜ ਕੈਂਪਸ ਵਿਖੇ ਆਯੋਜਿਤ ਕੀਤੇ ਜਾ ਰਹੇ ਮੇਲੇ ਦਾ ਆਨੰਦ ਮਾਣਨਗੇ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਮਿਲਨੀ ਦਾ ਮੁੱਖ ਮੰਤਵ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਵੇਲੇ ਦੀ ਅਭੁੱਲ ਯਾਦਾਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ।ਉਨ੍ਹਾਂ ਕਿਹਾ ਕਿ ਇਸ ਸੰਬੰਧੀ ਦੇਸ਼-ਵਿਦੇਸ਼ ਵਿੱਚ ਵੱਸ ਰਹੇ ਤੇ ਉੱਚ ਅਹੁੱਦਿਆਂ ‘ਤੇ ਬਿਰਾਜਮਾਨ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਨਿਯਮਤ ਸੱਦਾ ਭੇਜਿਆ ਗਿਆ ਸੀ।ਮੀਟ ਵਿੱਚ ਡਾ. ਖੇਮ ਸਿੰਘ ਗਿੱਲ ਸਾਬਕਾ ਵੀ. ਸੀ. ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਡਾ. ਦਲਜੀਤ ਸਿੰਘ ਨਾਮਵਰ ਆਈ-ਸਰਜਨ, ਸ: ਬਿਸ਼ਨ ਸਿੰਘ ਬੇਦੀ ਸਾਬਕਾ ਕ੍ਰਿਕਟਰ, ਸ: ਕਰਤਾਰ ਸਿੰਘ ਪਹਿਲਵਾਨ, ਸ੍ਰੀ ਪ੍ਰਵੀਨ ਕੁਮਾਰ ਫਿਲਮੀ ਕਲਾਕਾਰ, ਗਾਇਕ ਅਮਰਿੰਦਰ ਗਿੱਲ, ਲਖਵਿੰਦਰ ਵਡਾਲੀ, ਰਣਜੀਤ ਬਾਵਾ, ਨਾਟਕਕਾਰ ਆਤਮਜੀਤ, ਕੇਵਲ ਧਾਲੀਵਾਲ, ਸਰਦਾਰਜੀਤ ਬਾਵਾ ਤੇ ਅਨੀਤਾ ਦੇਵਗਨ ਆਦਿ ਸਖ਼ਸ਼ੀਅਤਾਂ ਸ਼ਿਰਕਤ ਕਰ ਰਹੀਆਂ ਹਨ।
ਦੁਪਹਿਰ ਤੱਕ ਚੱਲਣ ਵਾਲੀ ਇਸ ਮੀਟ ਵਿੱਚ ਵੱਖ-ਵੱਖ ਬੁਲਾਰਿਆਂ ਦੇ ਭਾਸ਼ਣ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਨੂੰ ਨੇਪਰੇ ਚਾੜ੍ਹਨ ਲਈ ਪ੍ਰੋਫੈਸਰਾਂ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ। ਇਸ ਮੌਕੇ ਕੌਂਸਲ ਦੇ ਚਾਂਸਲਰ ਸ: ਰਾਜਮਹਿੰਦਰ ਸਿੰਘ ਮਜੀਠਾ, ਮੀਤ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ, ਰੈਕਟਰ ਸ: ਲਖਬੀਰ ਸਿੰਘ ਲੋਧੀਨੰਗਲ ਆਦਿ ਤੋਂ ਇਲਾਵਾ ਅਹਿਮ ਸਖ਼ਸ਼ੀਅਤਾਂ ਮੌਜ਼ੂਦ ਹੋਣਗੀਆਂ।
Punjab Post Daily Online Newspaper & Print Media
