Saturday, March 14, 2026

ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਸਾਥੀਆਂ ਸਮੇਤ ਘਰ ਪਰਤੇ

PPN2211201513

ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਬੇਅਦਬੀ ਮਾਮਲੇ ‘ਚ ਅਸਤੀਫਾ ਦੇਣ ਵਾਲੇ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਅਤੇ ਪੇਡਾ ਦੇ ਚੇਅਰਮੈਨ ਤੋਂ ਅਸਤੀਫਾ ਦੇਣ ਵਾਲੇ ਸ. ਉਪਕਾਰ ਸਿੰਘ ਸੰਧੂ ਸਾਥੀਆਂ ਸਮੇਤ ਪਾਰਟੀ ਵਿੱਚ ਮੁੜ ਸ਼ਾਮਲ ਹੋ ਗਏ ਹਨ।ਵਾਪਸੀ ਮੋਕੇ ਉਹਨਾ ਕਿਹਾ ਕਿ ਅਕਾਲੀ ਇਕ ਸਿਧਾਂਤਕ ਵਿਚਾਰਧਾਰਾ ਹੈ ਅਤੇ ਉਹ ਅਕਾਲੀ ਸਨ ਤੇ ਅਕਾਲੀ ਹੀ ਰਹਿਣਗੇ।ਆਪਣੇ ਅਸਤੀਫੇ ਸੰਬੰਧੀ ਉਹਨਾ ਕਿਹਾ ਕਿ ਆਮ ਸਿੱਖ ਵਜੋ ਵਾਪਰਨ ਵਾਲੀਆਂ ਸਿੱਖ ਵਿਰੋਧੀ ਘਟਨਾਵਾਂ ਦਾ ਰੋਸ ਸੀ, ਪਰ ਜਿਵੇਂ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਸਮੱਸਿਆ ਦੀ ਘੜੀ ਵਿੱਚ ਸਿੱਖ ਮੁੱਦਿਆਂ ਪ੍ਰਤੀ ਹਾਂ ਪੱਖੀ ਵਤੀਰਾ ਅਪਣਾਇਆ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖਾਂ ਦੇ ਹਿੱਤ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸੁਰੱਖਿਅਤ ਹਨ।
ਉਨਾਂ ਕਿਹਾ ਕਿ ਵਾਪਰੀਆਂ ਹਿਰਦੇਵੇਦਕ ਘਟਨਾਵਾਂ ਨੇ ਹਰੇਕ ਸਿੱਖ ਦੀਆਂ ਭਾਵਨਾਵਾਂ ਨੂੰ ਜਖਮੀ ਕੀਤਾ ਹੈ, ਪਰ ਅਜਿਹੇ ਹਾਲਾਤਾਂ ਵਿਚ ਕੁੱਝ ਸਿੱਖ ਵਿਰੋਧੀ ਤਾਕਤਾਂ ਆਪਣੇ ਨਿੱਜੀ ਮੁਫਾਦਾਂ ਲਈ ਲੋਕਾਂ ਦੀਆਂ ਭਾਵਨਾਵਾਂ ਭੜਕਾ ਰਹੀਆਂ ਹਨ।ਜਿੰਨਾਂ ‘ਤੇ ਸੰਵਿਧਾਨਿਕ ਢੰਗ ਨਾਲ ਹੀ ਲਗਾਮ ਲਗਾਈ ਜਾ ਸਕਦੀ ਹੈ।ਉਨਾਂ ਹੋਰ ਕਿਹਾ ਕਿ ਬੇਸ਼ੱਕ ਸੱਤਾ ਵਿਚ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾਂ ਘਟਨਾਵਾਂ ਲਈ, ਪਰ ਅੱਜ ਸ਼੍ਰੋਮਣੀ ਅਕਾਲੀ ਦਲ ਹੀ ਜਖਮਾਂ ‘ਤੇ ਮਰਹਮ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦ ਕਿ ਹੋਰ ਪਾਰਟੀਆਂ ਦੁਖਾਂਤਾਂ ਤੋਂ ਸਿਆਸੀ ਫਾਇਦਾ ਲੱਭ ਰਹੀਆਂ ਹਨ।ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਮਾਮਲੇ ਦੀ ਜਾਂਚ ਸੀ.ਬੀ.ਆਈ ਨੂੰ ਦੇਣ, ਬੇਦੋਸ਼ੇ ਨੋਜਵਾਨਾਂ ਦੀ ਤੁਰੰਤ ਰਿਹਾਈ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਆਰਥਿਕ ਤੇ ਮਾਨਸਿਕ ਮਦਦ, ਗੋਲੀ ਚਲਾਉਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਤਲ ਦਾ ਮਾਮਲਾ, ਬੇਅਦਬੀ ਦੇ ਦੋਸ਼ੀਆਂ ਲਈ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਆਦਿ ਕਦਮ ਚੁੱਕ ਕੇ ਆਪਣੀ ਪੰਥ ਪ੍ਰਸਤੀ ਦਾ ਸਬੂਤ ਦਿੱਤਾ ਹੈ। ਅਜਿਹੇ ਵਿੱਚ ਉਹ ਅਕਾਲੀ ਦਲ ਨਾਲ ਆਪਣੀ ਵਫਾਦਾਰੀ ਦੀ ਵਚਨਬੱਧਤਾ ਦੁਹਰਾਉਂਦੇ ਹਨ।
ਉਹਨਾ ਕਿਹਾ ਕਿ ਏਜੰਸੀਆਂ ਦੇ ਸਿੱਖ ਵਿਰੋਧੀ ਵਤੀਰੇ ਤੋਂ ਕੁੱਝ ਲੋਕਾਂ ਨੇ ਆਪਣੇ ਹਿੱਤ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੀ ਸਪੱਸ਼ਟ ਉਦਾਹਰਨ ਸਰਬੱਤ ਖਾਲਸਾ ਦੇ ਨਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਵਰਤਣ ਲਈ ਇਸ ਦੇ ਪ੍ਰਬੰਧਕਾਂ ਵਲੋ ਅਪਨਾਏ ਹੱਥਕੰਡਿਆਂ ਨੇ ਸਾਹਮਣੇ ਲੈ ਆਂਦੀ ਹੈ।ਉਨਾਂ ਕਿਹਾ ਕਿ ਸਿੱਖਾਂ ਲਈ ਮਾਰੂ ਰਹੀ ਕਾਂਗਰਸ ਦੇ ਇਸ ਵਿਚ ਦਖਲ ਅਤੇ ਪੁਸ਼ਤਪਨਾਹੀ ਤੋਂ ਕਾਂਗਰਸ ਦਾ ਦੋਗਲਾ ਚੇਹਰਾ ਵੀ ਖੁੱਲ ਕੇ ਸਾਹਮਣੇ ਆ ਗਿਆ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply