
ਅੰਮ੍ਰਿਤਸਰ, 24 ਨਵੰਬਰ (ਗੁਰਪ੍ਰੀਤ ਸਿੰਘ) – ਜਿਉਂ-ਜਿਉਂ ਧਰਤੀ ਤੇ ਕੂੜ-ਕੁਸੱਤ, ਅਧਰਮ ਅਤੇ ਪਾਪ ਦਾ ਪਸਾਰਾ ਹੁੰਦਾ ਹੈ ਤਿਉਂ-ਤਿਉਂ ਕੋਈ ਰੱਬੀ ਅਵਤਾਰ ਦੁਨੀਆਂ ਨੂੰ ਤਾਰਨ ਲਈ ਇਸ ਧਰਤੀ ਤੇ ਪ੍ਰਕਾਸ਼ਮਾਨ ਹੁੰਦਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਵੀ ਇਸੇ ਉਦੇਸ਼ ਦੀ ਪੂਰਤੀ ਲਈ ਹੋਇਆ।ਇਹ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਚੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੈ: ਅਵਤਾਰ ਸਿੰਘ ਨੇ ਕਿਹਾ ਹੈ ਕਿ ਸਿੱਖ ਧਰਮ ਦੇ ਬਾਨੀ, ਜਗਤ ਜਲੰਦੇ ਨੂੰ ਤਾਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਮਾਨ ਹੋਣਾ ਸਮੁੱਚੀ ਮਨੁੱਖਤਾ ਲਈ ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਵਡਮੁੱਲੀ ਅਗਵਾਈ ਦੇਣ ਵਾਲਾ ਹੈ।ਆਪ ਨੇ ਮਨੁੱਖ ਅੰਦਰੋਂ ਕੂੜ ਦੀ ਪਾਲ ਢਾਹ ਕੇ ਸੱਚ ਦਾ ਪਸਾਰਾ ਕੀਤਾ। ਆਪ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਸੁਖਦ ਅਤੇ ਅਨੰਦਮਈ ਜੀਵਨ ਜੀਉਣ ਦੀ ਸੇਧ ਮਿਲਦੀ ਹੈ ਤੇ ਪ੍ਰਾਣੀ ਮਾਤਰ ਦਾ ਭਲਾ ਹੁੰਦਾ ਹੈ।
ਉਨਾਂ ਇਸ ਮੁਬਾਰਕ ਮੌਕੇ ‘ਤੇ ਸਮੁੱਚੀ ਮਨੁੱਖਤਾ ਨੂੰ ਵਧਾਈ ਦੇਂਦਿਆਂ ਅਪੀਲ ਕੀਤੀ ਕਿ ਆਓ ‘ਜਗਤ ਗੁਰੂ ਬਾਬਾ’ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੇ ਚੱਲਦੇ ਹੋਏ ਆਪਣੇ ਅੰਦਰੋਂ ਹਉਮੈ, ਬੇਈਮਾਨੀ ਤੇ ਝੂਠ ਦਾ ਤਿਆਗ ਕਰੀਏ।ਨਸ਼ਿਆਂ ਦੀਆਂ ਅਲਾਮਤਾਂ ਨੂੰ ਤਿਆਗੀਏ, ਇਸਤਰੀ ਜਾਤੀ ਦਾ ਸਤਿਕਾਰ ਕਰੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗ ਕੇ ਲੋਕ ਸੁਖੀਏ ਤੇ ਪ੍ਰਲੋਕ ਸੁਹੇਲੇ ਹੋਈਏ।
Punjab Post Daily Online Newspaper & Print Media