
ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਗੋਬਿੰਦ ਸਿੰਘ ਜੀ ਪਾਸੋਂ ਬਖਸ਼ਿਸ਼ ਵਿੱਚ ਮਿਲੇ ਗੰਗਾ ਸਾਗਰ ਦੇ ਸੰਬੰਧ ਵਿਚ ਸੰਪੂਰਨ ਜਾਣਕਾਰੀ ਰੰਗਦਾਰ ਤਸਵੀਰਾਂ ਸਹਿਤ ਸ਼ਰਧਾਲੂਆਂ ਨੂੰ ਉਪਲੱਬਧ ਕਰਵਾਉਣ ਲਈ ਪਿਛਲੀ ਸ਼ਾਮ ਰਾਇ ਅਜ਼ੀਜ਼ ਉੱਲਾ ਖ਼ਾਂ ਦੁਆਰਾ ਸਰੀ (ਵੇਂਨਕੁਵਰ) ਵਿੱਚ www.gurusgangasagar.com ਵੇਬਸਾਈਟ ਜਾਰੀ ਕੀਤੀ ਗਈ।ਰਾਇ ਅਜ਼ੀਜ਼ ਉੱਲਾ ਨੇ ਮੰਗਲਵਾਰ ਦੁਪਹਿਰ ਫੋਨ ‘ਤੇ ਇਹ ਜਾਣਕਾਰੀ ਆਪਣੇ ਮਿੱਤਰ ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਨੂੰ ਦਿੱਤੀ।
ਸ਼੍ਰੀ ਕੋਛੜ ਨੇ ਦੱਸਿਆ ਕਿ ਰਾਇ ਕੱਲਾ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਮੁਸਲਿਮ ਸ਼ਰਧਾਲੂਆਂ ਦੀ ਮੁਢਲੀ ਪੰਕਤੀ ਵਿਚ ਸਨਮਾਨ ਸਹਿਤ ਦਰਜ਼ ਹੈ।ਉਹਨਾਂ ਦੱਸਿਆ ਕਿ ਰਾਇ ਕੱਲਾ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਗੰਗਾ ਸਾਗਰ, ਲਕੜੀ ਦੀ ਰਹੇਲ (ਪੋਥੀ ਖੋਲ ਕੇ ਰੱਖਣ ਵਾਲਾ ਲਕੜੀ ਦਾ ਸਟੈਂਡ) ਅਤੇ ਇਕ ਖੜਗ ਬਖਸ਼ਿਸ਼ ਕੀਤਾ।ਸ਼੍ਰੀ ਕੋਛੜ ਦੇ ਅਨੁਸਾਰ ਲਕੜੀ ਦੀ ਰਹੇਲ ਜਿਸ ਦੀ ਹਾਲਤ ਕਾਫੀ ਖ਼ਸਤਾ ਸੀ, ਦੇਸ਼ ਦੀ ਵੰਡ ਦੇ ਦੌਰਾਨ ਲੁਪਤ ਹੋ ਗਈ ਅਤੇ ਗੁਰੂ ਸਾਹਿਬ ਵਲੋਂ ਮਿਲੀ ਤਲਵਾਰ ਇਸ ਪਰਿਵਾਰ ਦੀ ਮਾਰਫ਼ਤ ਇੰਗਲੈਂਡ ਦੀ ਮਹਾਰਾਣੀ ਪਾਸ ਭੇਜ ਦਿੱਤੀ ਗਈ, ਜਦੋਂਕਿ ਗੰਗਾ ਸਾਗਰ ਅੱਜ ਵੀ ਰਾਇ ਕੱਲਾ ਦੇ 9ਵੇਂ ਵੰਸ਼ਜ ਰਾਇ ਅਜ਼ੀਜ਼ ਉੱਲਾ ਖ਼ਾਂ (ਸਾਬਕਾ ਐਮ.ਪੀ ਪਾਕਿਸਤਾਨ) ਪਾਸ ਸੁਰਖਿਅਤ ਹੈ।
Punjab Post Daily Online Newspaper & Print Media