
ਅੰਮ੍ਰਿਤਸਰ, 26 ਨਵੰਬਰ (ਜਗਦੀਪ ਸਿੰਘ ਸੱਗੂ)- ਐਮ. ਪੀ ਅਡਾਪਟ ਸਕੀਮ ਤਹਿਤ ਗੋਦ ਲਏ ਗਏ ਪਿੰਡ ਧੌਲਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਜ਼ਿਲ੍ਹਾ ਖੇਡ ਦਫ਼ਤਰ ਵੱਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਐਥਲੈਟਿਕਸ, ਵਾਲੀਬਾਲ, ਕਬੱਡੀ ਆਦਿ ਦੇ ਜ਼ਿਲ੍ਹੇ ਭਰ ਵਿੱਚੋਂ 200 ਦੇ ਕਰੀਬ ਖਿਡਾਰੀਆਂ ਨੇ ਸ਼ਿਕਰਤ ਕੀਤੀ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਹਰਪਾਲਜੀਤ ਕੌਰ ਸੰਧੂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਕਿਹਾ ਕਿ ਪੇਂਡੂ ਖੇਡ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਇਹ ਉਪਰਾਲਾ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਹੈ, ਜਿਸ ਨਾਲ ਖਿਡਾਰੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਾਪਤ ਹੁੰਦੇ ਹਨ।
ਕਬੱਡੀ ਮੁਕਾਬਲਿਆਂ ਵਿਚ ਕਾਲ਼ਾ ਘਣੂੰਪੁਰ ਪਹਿਲੇ ਅਤੇ ਧੌਲਕਲਾਂ ਦੂਜੇ ਸਥਾਨ ‘ਤੇ ਰਿਹਾ। ਐਥਲੈਟਿਕਸ ਵਿਚ ਖੈਰਾਬਾਦ ਨੂੰ ਪਹਿਲਾ, ਧੌਲਕਲਾਂ ਨੂੰ ਦੂਸਰਾ ਅਤੇ ਕਾਲਾ ਘਣੂੰਪੁਰ ਨੂੰ ਤੀਜਾ ਸਥਾਨ ਮਿਲਿਆ। ਇਸੇ ਤਰ੍ਹਾਂ ਵਾਲੀਬਾਲ ਮੁਕਾਬਲਿਆਂ ਵਿਚ ਖੈਰਾਬਾਦ ਪਹਿਲੇ, ਧੌਲਕਲਾਂ ਦੂਜੇ ਅਤੇ ਕਾਲਾ ਘਣੂੰਪੁਰ ਤੀਜੇ ਸਥਾਨ ‘ਤੇ ਰਹੇ। ਇਸ ਮੌਕੇ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਗਰਾਊਂਡ ਸੁਪਰਵਾਈਜ਼ਰ ਮੁਖਤਾਰ ਮਸੀਹ, ਕਲਰਕ ਨੇਹਾ ਚਾਵਲਾ, ਹਰਪ੍ਰੀਤ ਕੌਰ, ਕੋਚ ਅਮਰੀਕ ਸਿੰਘ, ਇੰਦਰਵੀਰ ਸਿੰਘ, ਜਸਵੰਤ ਸਿੰਘ ਢਿੱਲੋਂ, ਮਿਸ ਨੀਤੂ, ਬਲਬੀਰ ਸਿੰਘ, ਕਰਮਜੀਤ ਸਿੰਘ, ਰੇਨੂੰ ਵਰਮਾ, ਰਜਨੀ ਸੈਣੀ, ਮਨਮਿੰਦਰ ਸਿੰਘ, ਮਨੋਹਰ ਸਿੰਘ, ਸ਼ਲਿੰਦਰ ਕੁਮਾਰ, ਅਮਿਤ ਕੁਮਾਰ, ਵਿਨੋਦ ਸਾਂਗਵਾਨ, ਸ਼ਮਸ਼ੇਰ ਸਿੰਘ ਬਹਾਦਰ ਤੋਂ ਇਲਾਵਾ ਮੇਜ਼ਬਾਨ ਸਕੂਲ ਦਾ ਸਟਾਫ ਤੇ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।
Punjab Post Daily Online Newspaper & Print Media