
ਪੱਟੀ, 26 ਨਵੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲ)- ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਸੰਸਥਾਵਾਂ ਨਾਲ ਸਬੰਧਤ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਗੌਰਵਦੀਪ ਸਿੰਘ ਜਿਸ ਨੇ ਸਕੂਲ ਦੀ ਪ੍ਰਿੰਸੀਪਲ ਵੱਲੋਂ ਦੇਰੀ ਨਾਲ ਆਉਣ ਕਾਰਨ ਸਾਰੇ ਸਕੂਲ ਸਾਹਮਣੇ ਬੇਇੱਜ਼ਤੀ ਕਰਨ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ ਸੀ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ ਥਾਣਾ ਪੱਟੀ ਦੀ ਪੁਲਸ ਨੇ ਮ੍ਰਿਤਕ ਵਿਦਿਆਰਥੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਸਕੂਲ ਦੀ ਪ੍ਰਿੰਸੀਪਲ ਮ੍ਰਿਦੁਲਾ ਭਾਰਦਵਾਜ ਵਿਰੁੱਧ ਪਰਚਾ ਦਰਜ ਕਰ ਲਿਆ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੁਖਚੈਨ ਸਿੰਘ ਪੁੱਤਰ ਸੁਰਜਨ ਸਿੰਘ ਕੌਮ ਜੱਟ ਵਾਸੀ ਚੂਸਲੇਵੜ ਨੇ ਦੱਸਿਆ ਕਿ ਉਸ ਦਾ ਲੜਕਾ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਾਰਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਬੀਤੀ 20 ਨਵੰਬਰ ਨੂੰ ਉਹ ਸਕੂਲ ਗਿਆ ਤਾਂ ਸਕੂਲ ਅੰਦਰ ਉਸ ਦੀ ਪ੍ਰਿੰਸੀਪਲ ਮ੍ਰਿਦੁਲਾ ਭਾਰਦਵਾਜ ਨੇ ਉਸ ਦੀ ਸਾਰੇ ਸਕੂਲ ਸਾਹਮਣੇ ਬੇਇੱਜ਼ਤੀ ਕੀਤੀ, ਚਪੇੜਾਂ ਮਾਰੀਆਂ ਅਤੇ ਧੱਕੇ ਦੇ ਕੇ ਸਕੂਲ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਕਿਹਾ ਕਿ ਜੇਕਰ ਤੇਰੇ ਵਿੱਚ ਥੋੜ੍ਹੀ ਜਿਹੀ ਵੀ ਅਣਖ ਹੈ ਤਾਂ ਕੁੱਝ ਖਾ ਕੇ ਮਰ ਜਾ।ਜਿਸ ‘ਤੇ ਮੇਰੇ ਲੜਕੇ ਨੇ ਇਸ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਜ਼ਹਿਰੀਲੀ ਦਵਾਈ ਪੀ ਲਈ।ਮੇਰੇ ਚਾਚੇ ਦੇ ਪੁੱਤਰ ਅਵਤਾਰ ਸਿੰਘ ਨੇ ਬਜਾਰ ਵਿੱਚ ਗੌਰਵਦੀਪ ਸਿੰਘ ਨੂੰ ਦੇਖਿਆ ਤਾਂ ਗੌਰਵਦੀਪ ਨੇ ਉਸ ਨੂੰ ਦੱਸਿਆ ਕਿ ਉਸਨੇ ਜ਼ਹਿਰੀਲੀ ਦਵਾਈ ਪੀ ਲਈ ਹੈ, ਜਿਸਨੂੰ ਉਹ ਇਲਾਜ ਲਈ ਸਿਵਲ ਹਸਪਤਾਲ ਪੱਟੀ ਲੈ ਆਇਆ ਅਤੇ ਮੈਨੂੰ ਸੂਚਿਤ ਕੀਤਾ।ਪਰ ਹਸਪਤਾਲ ਵਿੱਚ ਇਲਾਜ ਦੀਆਂ ਪੂਰੀਆਂ ਸਹੂਲਤਾਂ ਨਾ ਹੋਣ ਕਾਰਨ ਅਸੀਂ ਗੌਰਵਦੀਪ ਸਿੰਘ ਨੂੰ ਬਾਬਾ ਬਿਧੀ ਚੰਦ ਛੀਨਾ ਮਲਟੀਸਪੈਸ਼ਲਿਟੀ ਹਸਪਤਾਲ ਚੂਸਲੇਵੜ ਮੋੜ ਵਿਖੇ ਦਾਖਲ ਕਰਵਾ ਦਿੱਤਾ ਪਰ 25 ਨਵੰਬਰ ਨੂੰ ਤੜਕੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹੋਲੀ ਹਾਰਟ ਹਸਪਤਾਲ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਸ ਨੇ ਦੱਸਿਆ ਕਿ ਪ੍ਰਿੰਸੀਪਲ ਮ੍ਰਿਦੁਲਾ ਭਾਰਦਵਾਜ ਪਹਿਲਾਂ ਵੀ ਸਾਡੇ ਸਾਹਮਣੇ ਹੀ ਬੇਟੇ ਨੂੰ ਬੇਇੱਜਤ ਕਰਦੀ ਸੀ, ਪਰ ਬੇਟੇ ਦੇ ਉੱਜਵਲ ਭਵਿੱਖ ਦੀ ਚਿੰਤਾ ਕਰਦਿਆਂ ਅਸੀਂ ਬੇਇੱਜਤੀ ਨੂੰ ਸਹਾਰਦੇ ਰਹੇ।ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਥਾਣਾ ਪੱਟੀ ਦੀ ਪੁਲਸ ਨੇ ਸਕੂਲ ਦੀ ਪ੍ਰਿੰਸੀਪਲ ਮ੍ਰਿਦੁਲਾ ਭਾਰਦਵਾਜ ਦੇ ਵਿਰੁੱਧ ਧਾਰਾ 306 ਤਹਿਤ ਪਰਚਾ ਨੰਬਰ 323 ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਪ ਦਿੱਤੀ।ਗੌਰਵਦੀਪ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਚੂਸਲੇਵੜ ਵਿਖੇ ਕਰ ਦਿੱਤਾ ਗਿਆ।ਇਸ ਮੌਕੇ ‘ਤੇ ਪਰਿਵਾਰ ਵਾਲਿਆਂ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ.ਜੀ.ਪੀ.ਸੀ., ਹਰਮਿੰਦਰ ਸਿੰਘ ਗਿੱਲ, ਭੋਲਾ ਸਿੰਘ ਸ਼ਕਰੀ, ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਹਰਪ੍ਰੀਤ ਸਿੰਘ ਪੱਟੀ, ਸਤਨਾਮ ਸਿੰਘ ਸੇਖੋਂ, ਦਲਬੀਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸਿੱਧੂ, ਡਾ. ਛੀਨਾ, ਦਿਲਬਾਗ ਸਿੰਘ, ਵਜੀਰ ਸਿੰਘ ਪਾਰਸ, ਸੁਖਬੀਰ ਸਿੰਘ, ਕੇਵਲ ਸਿੰਘ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਅਤੇ ਇਲਾਕੇ ਦੇ ਪੰਚ ਸਰਪੰਚ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Punjab Post Daily Online Newspaper & Print Media