Saturday, September 5, 2026

ਮਿਲਡੂਰਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

G. Santokh S 1

ਮਿਲਡੂਰਾ, 30 ਨਵੰਬਰ (ਬਿਊਰੋ)- ਆਸਟ੍ਰੇਲੀਆ ਦੀਆਂ ਤਿੰਨ ਸਟੇਟਾਂ ਦੇ ਕਿਨਾਰਿਆਂ ਉਪਰ ਸਥਿਤ ਟਾਊਨ, ਮਿਲਡੂਰਾ ਦੀਆਂ ਸੰਗਤਾਂ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ਼ ਮਨਾਇਆ। ਸ਼ਾਮ ਸਮੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ, ਸਿਡਨੀ ਤੋਂ ਉਚੇਚੇ ਤੌਰ ਤੇ ਆਏ ਹੋਏ ਪੰਥਕ ਵਿਦਵਾਨ ਗਿਆਨੀ ਸੰਤੋਖ ਸਿੰਘ ਨੇ ਗੁਰੂ ਸਾਹਿਬ ਜੀ ਦੇ ਆਗਮਨ ਸਮੇ ਦਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਜੀ ਨੇ ਸ੍ਰੀ ਗੁਰੂ ਨਾਨਾਕ ਸਾਹਿਬ ਜੀ ਵੱਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 595 ਉਪਰ ਅੰਕਤ, ਸੋਰਠਿ ਰਾਗ ਵਿਚ ਉਚਾਰੇ ਗਏ ਸ਼ਬਦ, “ਮਨ ਹਾਲੀ ਕਿਰਸਾਣੀ ਕਰਨੀ …..” ਅੰਦਰ ਦਰਸਾਏ ਗਏ ਸੰਸਾਰਕ ਚਾਰ ਕਿੱਤਿਆਂ ਬਾਰੇ, ਗੁਰੂ ਸ਼ਬਦ ਦੀ ਰੋਸ਼ਨੀ ਵਿਚ ਚਾਨਣਾ ਪਾਇਆ।ਸਿੱਖ ਇਤਿਹਾਸ ਵਿਚ ਵਰਣਿਤ ਸਾਖੀ ਦੇ ਪ੍ਰਸੰਗ ਵਿਚ ਇਹਨਾਂ ਕਿਤਿਆਂ ਬਾਰੇ ਸਰਲ ਬੋਲੀ ਵਿਚ ਸੰਗਤਾਂ ਨਾਲ਼ ਵਿਚਾਰਾਂ ਦੀ ਸਾਂਝ ਪਾਈ।
ਮਨੁੱਖ ਨੂੰ ਆਤਮਿਕ ਗਿਆਨ ਦੇਣ ਵਾਸਤੇ ਗੁਰਬਾਣੀ ਵਿਚ ਬੋਲੀ, ਸਾਹਿਤ, ਕਵਿਤਾ ਅਤੇ ਇਸ ਦੀ ਛੰਦ ਬੰਦੀ ਦੇ ਵੱਖ ਵੱਖ ਰੂਪ, ਮੁਹਾਵਰੇ, ਸ਼ਬਦਾਵਲੀ, ਅਲੰਕਾਰ ਆਦਿ ਸੰਸਾਰੀ ਵਰਤ ਕੇ, ਸਤਿਗੁਰਾਂ ਨੇ ਉਪਦੇਸ਼ ਨਿਰੰਕਾਰੀ ਬਖ਼ਸ਼ਿਆ ਹੈ।ਸਫ਼ਲ ਮਨੁੱਖ ਉਪਜੀਵਕਾ ਹਿੱਤ ਮੁੱਖ ਤੌਰ ‘ਤੇ ਚਾਰ ਕਿੱਤਿਆਂ ਵਿਚ ਕਿਰਤ ਕਰਿਆ ਕਰਦੇ ਸਨ ਤੇ ਹਨ: ਖੇਤੀ, ਹੱਟੀ, ਸੌਦਾਗਰੀ ਅਤੇ ਨੌਕਰੀ।ਸਤਿਗੁਰੂ ਜੀ ਨੇ ਇਹਨਾਂ ਨੂੰ ਸੰਸਾਰਕ ਮੁਹਾਵਰੇ ਵਜੋਂ ਵਰਤ ਕੇ, ਸਾਨੂੰ ਅਧਿਆਪਕ ਪੱਖ ਤੋਂ ਉਪਦੇਸ਼ ਫੁਰਮਾਇਆ ਹੈ।
ਇਸ ਇਲਾਕੇ ਵਿਚ ਸੰਗਤ ਵਧੇਰੇ ਕਰਕੇ ਨੌਜਵਾਨਾਂ ਦੀ ਹੈ, ਜੋ ਕਿ ਵੱਖ ਵੱਖ ਖੇਤੀ ਫਾਰਮਾਂ ਵਿਚ ਕਿਰਤ ਕਰਦੇ ਹਨ।ਏਥੇ ਥੋਹੜੇ ਹੀ ਪੱਕੇ ਤੌਰ ‘ਤੇ ਰਹਿਣ ਵਾਲ਼ੇ ਪਰਿਵਾਰਾਂ ਨੇ, ਇਹਨਾਂ ਕਿਰਤੀਆਂ ਦੇ ਸ਼ਰਧਾ ਭਰਪੂਰ ਸਹਿਯੋਗ ਨਾਲ, ਚੌਦਾਂ ਏਕੜ ਜਗ੍ਹਾ ਖ਼ਰੀਦ ਕੇ, ਗੁਰਦੁਆਰਾ ਸਾਹਿਬ ਉਸਾਰਨ ਦਾ ਉਦਮ ਆਰੰਭਿਆ ਹੈ।ਇਹ ਸਥਾਨ ਹਾਈਵੇ ਦੇ ਉਪਰ ਸੁਸ਼ੋਭਤ ਹੈ।ਇਸ ਸ਼ਾਹ ਰਾਹ ਰਾਹੀਂ ਸਿਡਨੀ, ਮੈਲਬਰਨ, ਐਡੀਲੇਡ, ਪਰਥ ਸਮੇਤ ਵੱਖ ਵੱਖ ਸਟੇਟਾਂ ਦੀਆਂ ਰਾਜਧਾਨੀਆਂ ਵਾਲ਼ੇੇ ਸ਼ਹਿਰਾਂ ਨੂੰ ਆਵਾਜਾਈ ਹੁੰਦੀ ਹੈ।ਇਹਨਾਂ ਵੱਡੇ ਸ਼ਹਿਰਾਂ ਤੋਂ ਇਲਾਵਾ ਛੋਟੇ ਟਾਊਨਾਂ, ਜਿਹਾ ਕਿ ਸ਼ੈਪਟਨ ਗ੍ਰਿਫ਼ਿਥ, ਰੈਨਮਾਰਕ, ਗਲੌਸਪ, ਬੇਕਰੀ ਆਦਿ ਵੀ ਰਸਤੇ ਉਪਰ ਪੈਂਦੇ ਹਨ, ਜਿਥੇ ਸਿੱਖ ਫ਼ਾਰਮਰ ਅਤੇ ਉਹਨਾਂ ਵਿਚ ਕੰਮ ਕਰਨ ਵਾਲ਼ੇ ਸਿੱਖ ਨੌਜਵਾਨ ਵਾਹਵਾ ਗਿਣਤੀ ਵਿਚ ਰਹਿੰਦੇ ਹਨ।ਇਸ ਰਾਹ ਉਪਰ ਸਿੱਖ ਨੌਜਾਵਨ ਟਰੱਕ ਡਰਾਈਵਰ ਵੀ ਵੱਡੀ ਗਿਣਤੀ ‘ਚ ਲੰਘਦੇ ਹਨ, ਜੇਹੜੇ ਬਹੁ ਲੰਮੇ ਰੂਟਾਂ ਉਪਰ ਚੱਲਦੇ ਹਨ। ਉਹਨਾਂ ਵਾਸਤੇ ਰਸਤੇ ਵਿਚ ਇਹ ਸਥਾਨ ਰੁਕਣ, ਆਰਾਮ, ਅਤੇ ਲੰਗਰ ਆਦਿ ਛਕਣ ਵਾਸਤੇ ਬੜਾ ਢੁਕਵਾਂ ਅਤੇ ਸਹਾਇਕ ਹੋਵੇਗਾ।ਅਜਿਹਾ ਕੁੱਝ ਵਿਚਾਰ ਕੇ ਹੀ ਸੰਗਤਾਂ ਨੇ ਇਸ ਸਥਾਨ ਦੀ ਚੋਣ ਕੀਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply