
ਬਟਾਲਾ, 7 ਦਸੰਬਰ (ਨਰਿੰਧਰ ਸਿੰਘ ਬਰਨਾਲ)- ਏਕਮ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਸਹਿਯੋਗ ਨਾਲ ਬਟਾਲਾ ‘ਚ ਤਿੰਨ ਰੋਜ਼ਾ ‘ਯੂਥ ਲੀਡਰਸ਼ਿਪ ਤੇ ਕਮਿਊਨਟੀ ਡਿਵੈੱਲਪਮੈਂਟ’ ਟਰੇਨਿੰਗ ਕੈਂਪ ਦੀ ਸ਼ੁਰੂ ਕੀਤੀ ਗਈ। ਬਟਾਲਾ ਦੇ ਨਿਊ ਹਰਨਾਮ ਨਗਰ ‘ਚ ਸ਼ੁਰੂ ਹੋਏ ਇਸ ਤਿੰਨ ਰੋਜ਼ਾ ਟਰੇਨਿੰਗ ਕੈਂਪ ਦਾ ਉਦਘਾਟਨ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ. ਬਿਕਰਮ ਸਿੰਘ ਗਿੱਲ ਵੱਲੋਂ ਕੀਤਾ ਗਿਆ।
ਟਰੇਨਿੰਗ ਕੈਂਪ ਦਾ ਉਦਘਾਟਨ ਕਰਨ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਜ਼ਿਲ੍ਹਾ ਕੋਆਰਡੀਨੇਟਰ ਸ. ਬਿਕਰਮ ਸਿੰਘ ਗਿੱਲ ਨੇ ਕਿਹਾ ਕਿ ਇਹ ਸਿਖਲਾਈ ਕੈਂਪ ਨੌਜਵਾਨਾਂ ‘ਚ ਛੁੱਪੀ ਹੋਈ ਪ੍ਰਤਿਬਾ ਨੂੰ ਨਿਖਾਰਨ ਦੇ ਨਾਲ ਉਨ੍ਹਾਂ ‘ਚ ਵੱਖ-ਵੱਖ ਸਮਾਜਿਕ ਸਰੋਕਾਰਾਂ ਪ੍ਰਤੀ ਚੇਤਨਤਾ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਜਿਥੇ ਸਵੱਛ ਭਾਰਤ ਅਭਿਆਨ ਤਹਿਤ ਸਫਾਈ ਕੈਂਪ ਲਗਾਇਆ ਜਾਵੇਗਾ ਉਥੇ ਨੌਜਵਾਨਾਂ ਵੱਲੋਂ ਸਮਾਜਿਕ ਸਮੱਸਿਆਵਾਂ ਬਾਰੇ ਖੁੱਲ ਕੇ ਵਿਚਾਰ ਚਰਚਾ ਕਰਨ ਦੇ ਨਾਲ ਉਨ੍ਹਾਂ ਦੇ ਠੋਸ ਹੱਲ ਲੱਭੇ ਜਾਣਗੇ। ਸ. ਗਿੱਲ ਨੇ ਏਕਮ ਐਜੂਕੇਸ਼ਨ ਸ਼ੋਸ਼ਲ ਵੈਲਫੇਅਰ ਸੁਸਾਇਟੀ ਨੂੰ ਇਸ ਟਰੇਨਿੰਗ ਕੈਂਪ ਦੀ ਵਧਾਈ ਦਿੰਦਿਆਂ ਕਿਹਾ ਕਿ ਸੁਸਾਇਟੀ ਦੇ ਇਸ ਉਪਰਾਲੇ ਨਾਲ ਇਲਾਕੇ ਦੇ ਨੌਜਵਾਨਾਂ ‘ਚ ਆਪਣੇ ਸਮਾਜ ਤੇ ਦੇਸ਼ ਸੇਵਾ ਪ੍ਰਤੀ ਚੇਤਨਤਾ ਪੈਦਾ ਹੋਵੇਗੀ ਅਤੇ ਨਿਸ਼ਚਿਤ ਤੌਰ ‘ਤੇ ਇਸ ਕੈਂਪ ‘ਚ ਨੌਜਵਾਨ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਿੱਖ ਸਕਣਗੇ। ਇਸ ਮੌਕੇ ਸ. ਗਿੱਲ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਤੇ ਯੋਜਨਾਵਾਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ।ਇਸ ਮੌਕੇ ਸਹਾਇਕ ਲੋਕ ਸੰਪਰਕ ਅਧਿਕਾਰੀ ਬਟਾਲਾ ਇੰਦਰਜੀਤ ਸਿੰਘ ਵੱਲੋਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਹਾਜ਼ਰ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਨਾਲ ਹੀ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਦੀਆਂ ਯੋਜਨਾਵਾਂ ਨੂੰ ਹੇਠਲੇ ਪੱਧਰ ‘ਤੇ ਲਾਗੂ ਕਰਨ ‘ਚ ਸਰਕਾਰ ਦਾ ਸਾਥ ਦੇਣ। ਇਸ ਮੌਕੇ ਏਕਮ ਐਜੂਕੇਸ਼ਨ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਆਪਣੀ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਵਜਿੰਦਰ ਸਿੰਘ ਡਡਿਆਲਾ ਨੱਤ, ਤੇਜਪ੍ਰਤਾਪ ਸਿੰਘ ਕਾਹਲੋਂ, ਸ. ਕਰਮ ਸਿੰਘ, ਪਾਰਸ ਜੁਲਕਾ, ਮੈਡਮ ਅਨੀਤਾ, ਸ. ਟਹਿਲ ਸਿੰਘ, ਅਮਰਜੀਤ ਕੌਰ, ਰਜਵੰਤ ਕੌਰ, ਕੰਵਲਜੀਤ ਕੌਰ, ਜਗਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਕੌਰ, ਅਨਮੋਲਪ੍ਰੀਤ ਸਿੰਘ, ਸਤਵੰਤ ਸਿੰਘ ਸਮੇਤ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ।
Punjab Post Daily Online Newspaper & Print Media