
ਪਠਾਨਕੋਟ, 12 ਦਸੰਬਰ (ਪ.ਪ)- ਲੋਕਾਂ ਦੇ ਵੱਖ ਵੱਖ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦਾ ਨਿਪਟਾਰਾ ਆਪਸੀ ਰਾਜੀਨਾਮੇ ਰਾਹੀਂ ਕਰਨ ਲਈ ਅੱਜ ਕੋਰਟ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਜਿਸ ਦਾ ਉਦਘਾਟਨ ਸ਼੍ਰੀ ਬੀ.ਐਸ. ਸੰਧੂ ਜਿਲ੍ਹਾ ਤੇ ਸ਼ੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨੋਕਟ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਸਾਰੇ ਤਰ੍ਹਾਂ ਦੇ ਵੱਖ ਵੱਖ ਕੇਸਾਂ ਫੌਜਦਾਰੀ, ਦਿਵਾਨੀ, ਮਾਲ ਵਿਭਾਗ ਨਾਲ ਸਬੰਧਤ, ਜੰਗਲਾਤ, ਐਕਸੀਡੰਟ ਕੇਸ, ਲੈਂਡ ਐਕੂਜੀਸ਼ਨ, ਝਗੜਿਆਂ, ਸੁਵਿਧਾ ਦੀ ਸਰਵਿਸ ਨਾਲ ਸਬੰਧਤ, ਐਕਸਾਇਜ ਵਿਭਾਗ, ਚਲਾਨ ਕੇਸ ਆਦਿ ਨਾਲ ਸਬੰਧਤ 19747 ਕੇਸ ਲਗਾਏ। ਜਿੰਨ੍ਹਾਂ ਵਿਚੋਂ 17315 ਕੇਸਾਂ ਦਾ ਨਿਪਟਾਰਾ ਆਪਸੀ ਸਮਝੋਤੇ/ਰਾਜੀਨਾਮੇ ਰਾਹੀਂ ਕੀਤਾ ਗਿਆ।
ਜਿਲ੍ਹਾ ਤੇ ਸ਼ੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਵੱਖ ਵੱਖ ਲੋਕ ਅਦਾਲਤਾਂ ਦੇ 16 ਬੈਂਚ ਲਗਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਦੌਰਾਨ ਲਗਭਗ 21 ਕਰੋੜ 32 ਲੱਖ 21 ਹਜਾਰ 144 ਰੁਪਏ ਦੀ ਰੀਕਵਰੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਲਗਾਉਣ ਦਾ ਮੁੱਖ ਮਕਸਦ ਲੋਕਾਂ ਦੇ ਵੱਖ ਵੱਖ ਕੇਸਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕਰਵਾਉਣਾ ਹੈ। ਜਿਸ ਨਾਲ ਲੋਕਾਂ ਨੂੰ ਜਲਦੀ ਅਤੇ ਸਸਤਾ ਨਿਆਂ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਦੋਨੇ ਧਿਰ ਜਿੱਤ ਕੇ ਜਾਂਦੇ ਹਨ ਅਤੇ ਦੋਨਾਂ ਧਿਰਾਂ ਵਿਚਕਾਰ ਆਪਸੀ ਪਿਆਰ ਤੇ ਭਾਈਚਾਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਵਿੱਚ ਕਰਵਾਏ ਫੈਸਲਿਆਂ ਸਬੰਧੀ ਅਪੀਲ ਅੱਗੇ ਕਿਸੇ ਵੀ ਉੱਚ ਨਿਆਲੇ ਵਿੱਚ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇੰਨ੍ਹਾਂ ਲੋਕ ਅਦਾਲਤਾਂ ਵਿੱਚ ਆਪਣੇ ਕੇਸ ਨਹੀਂ ਲਗਾਉਂਦੇ ਹਨ ਅਤੇ ਦੂਸਰੀ ਅਦਾਲਤਾ ਵਿੱਚ ਆਪਣੇ ਕੇਸ ਲੰਬਿਤ ਰੱਖਦੇ ਹਨ, ਉਨ੍ਹਾਂ ਦਾ ਸਮਾਂ ਬਰਬਾਦ ਹੁੰਦਾ ਰਹਿੰਦਾ ਹੈ, ਉਨ੍ਹਾਂ ਨੂੰ ਆਪਣਾ ਇਹ ਸਮਾਂ ਬਚਾ ਕੇ ਦੇਸ਼ ਦੀ ਤਰੱਕੀ ਲਈ ਹੋਰ ਕੰਮਾਂ ਵਿੱਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਲਗਾਈ ਜਾਂਦੀਆਂ ਨੈਸ਼ਨਲ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਅਸ਼ੀਸ਼ ਅਬਰੋਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਸਨ। ਇਸ ਮੌਕੇ ਸ੍ਰੀ ਅਜੇ ਡਡਵਾਲ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਨੇ ਲੋਕ ਅਦਾਲਤਾਂ ਲਗਾਉਣ ਲਈ ਨਿਆਂ ਪਾਲਿਕਾ ਦੀ ਪ੍ਰਸੰਸਾ ਕੀਤੀ।
Punjab Post Daily Online Newspaper & Print Media