Monday, July 8, 2024

ਪਸ਼ੂ ਮੇਲੇ ਲਗਾਉਣਾ ਰਾਜ ਵਿਚ ਪਸ਼ੂ ਧਨ ਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨਾ-ਰਣੀਕੇ

PPN1212201507

ਅੰਮ੍ਰਿਤਸਰ, 12 ਦਸੰੰਬਰ (ਗੁਰਚਰਨ ਸਿੰਘ)-ਪਸ਼ੂ ਧਨ ਦਾ ਪੰਜਾਬ ਦੀ ਆਰਥਿਕਤਾ ਵਿਚ ਬਹੁਤ ਵੱਡਾ ਯੋਗਦਾਨ ਹੈ ਅਤੇ ਪੰਜਾਬ ਭਰ ਵਿਚ ਪਸ਼ੂ ਪਾਲਣ ਵਿਭਾਗ ਵੱਲੋਂ ਕਰਵਾਏ ਜਾ ਰਹੇ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਪਸ਼ੂ ਧਨ ਮੇਲੇ ਅਤੇ ਦੁੱਧ ਚੁਆਈ ਮੁਕਾਬਲਿਆਂ ਦਾ ਮੁੱਖ ਮੰਤਵ ਰਾਜ ਵਿਚ ਕਿਸਾਨਾਂ ਨੂੰ ਪਸ਼ੂ ਧਨ ਦੇ ਨਾਲ-ਨਾਲ ਖੇਤੀ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਰਾਜ ਦੇ ਲੋਕਾਂ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ। ਇਹ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇ ਸਥਾਨਕ ਵੱਲਾ ਮੰਡੀ ਵਿਖੇ ਵਿਖੇ ਦੋ-ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂ ਧਨ ਮੇਲੇ ਅਤੇ ਦੁੱਧ ਚੁਆਈ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।
ਸ. ਰਣੀਕੇ ਨੇ ਕਿਹਾ ਕਿ ਸਾਡੀਆਂ ਰਵਾਇਤੀ ਫਸਲਾਂ ਕਣਕ ਅਤੇ ਝੋਨਾ ਹੁਣ ਲਾਹੇਵੰਦ ਨਹੀਂ ਰਹੀਆਂ ਜਿਸ ਕਾਰਨ ਰਾਜ ਦੇ ਕਿਸਾਨਾਂ ਨੂੰ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਰਵਾਇਤੀ ਫਸਲਾਂ ਦੀ ਬਜਾਏ ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦੇ ਅਤੇ ਫਸਲੀ ਵਿਭਿੰਨਤਾ ਅਪਣਾਉਣੀ ਪਵੇਗੀ, ਜਿਸ ਨਾਲ ਉਹ ਘੱਟ ਖਰਚ ਕਰਕੇ ਵੱਧ ਆਮਦਨ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੇਅਰੀ ਤੇ ਹੋਰ ਖੇਤੀ ਸਹਾਇਕ ਧੰਦਿਆਂ ਨੂੰ ਉਭਾਰਨ ਲਈ ਵੱਡੀ ਪੱਧਰ ‘ਤੇ ਲਾਹੇਵੰਦ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਸ਼ੂ ਮੇਲਿਆਂ ਵਿਚ ਜਿਥੇ ਵਧੀਆ ਨਸਲ ਦੇ ਪਸ਼ੂ ਵੇਖਣ ਨੂੰ ਮਿਲਦੇ ਹਨ ਉਥੇ ਮੁਕਾਬਲੇ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਇਸ ਮੌਕੇ ਉਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ 5.50 ਲੱਖ ਰੁਪਏ ਦੇ ਨਕਦ ਇਨਾਮ ਤਕਸੀਮ ਕੀਤੇ। ਪੂਰੇ ਮੇਲੇ ਦੌਰਾਨ ਸੱਭਿਆਚਾਰਕ ਵੰਨਗੀਆਂ ਪੇਸ਼ ਕਰਨ ਵਾਲੀ ਵੀਰ ਅਭਿਮੰਨਿਊ ਗੁਰੂਕੁਲ ਸੰਸਥਾ ਨੂੰ ਉਨ੍ਹਾਂ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਸ. ਐਚ. ਐਸ ਸੰਧਾ, ਮੁੱਖ ਮੰਤਰੀ ਦੇ ਸਲਾਹਕਾਰ ਡਾ. ਉੱਪਲ ਅਤੇ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਸ. ਸਵਰਨ ਸਿੰਘ ਹਰੀਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਲਗਾਏ ਜਾ ਰਹੇ ਪਸ਼ੂ ਮੇਲੇ, ਪਸ਼ੂ ਪਾਲਕਾਂ ਅਤੇ ਕਿਸਾਨਾਂ ਲਈ ਬੇਹੱਦ ਸਹਾਈ ਹੋ ਰਹੇ ਹਨ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਅੰਮ੍ਰਿzਤਸਰ ਡਾ. ਪਵਨ ਕੁਮਾਰ ਮਲਹੋਤਰਾ ਨੇ ਇਸ ਮੌਕੇ ਦੱਸਿਆ ਕਿ ਇਸ ਦੋ-ਰੋਜ਼ਾ ਪਸ਼ੂ ਧਨ ਮੇਲੇ ਵਿਚ 2000 ਤੋਂ ਵੱਧ ਪਸ਼ੂਆਂ ਨੇ ਵੱਖ-ਵੱਖ ਵਰਗਾਂ ਦੇ 53 ਮੁਕਾਬਲਿਆਂ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਸੂਰਾਂ ਆਦਿ ਦੀਆਂ ਵੱਖ-ਵੱਖ ਨਸਲਾਂ ਦੇ ਦਿਲ ਖਿੱਚਵੇਂ ਮੁਕਾਬਲਿਆਂ ਤੋਂ ਇਲਾਵਾ ਨੁੱਕਰਾ ਅਤੇ ਮਾਰਵਾੜੀ ਨਸਲ ਦੇ ਘੋੜੇ-ਘੋੜੀਆਂ, ਦੇਸੀ ਮੁਰਗੇ-ਬਤਖ਼ਾਂ ਅਤੇ ਟਰਕੀ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਮੇਲੇ ਵਿਚ ਵਿਲੱਖਣ ਨਸਲਾਂ ਦੇ ਕੁੱਤਿਆਂ ਦੇ ਮੁਕਾਬਲੇ ਵੀ ਖਿੱਚ ਦਾ ਕੇਂਦਰ ਬਣੇ ਰਹੇ। ਇਸੇ ਤਰ੍ਹਾਂ ਮੱਝਾਂ, ਗਾਵਾਂ ਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਵੀ ਕਰਵਾਏ ਗਏ। ਜੱਜਾਂ ਵਿਚ ਖਾਲਸਾ ਕਾਲਜ ਆਫ ਵੈਟਨਰੀ ਕਾਲਜ ਅੰਮ੍ਰਿਤਸਰ, ਫ਼ੌਜ ਦੇ ਆਰ ਵੀ ਸੀ ਮਾਹਿਰ ਅਤੇ ਦੂਜੇ ਜ਼ਿਲ੍ਹਿਆਂ ਤੋਂ ਵਿਭਾਗ ਦੇ ਮਾਹਿਰ ਸ਼ਾਮਿਲ ਸਨ।
ਨਤੀਜਿਆਂ ਅਨੁਸਾਰ ਮੁਰਹਾ ਮੱਝ ਦਾ ਪਹਿਲਾ ਇਨਾਮ ਗੁਰਜੰਟ ਸਿੰਘ ਵਾਸੀ ਨੂਰਪੁਰ, ਨੀਲੀ ਰਾਵੀ ਮੱਝ ਦਾ ਭੁਪਿੰਦਰ ਸਿੰਘ ਵਾਸੀ ਰਾਚੋਵਾਲ, ਐਚ. ਐਫ ਗਾਂ ਦਾ ਰਜਿੰਦਰ ਸਿੰਘ ਵਾਸੀ ਬੁਟਾਰੀ, ਜਰਸੀ ਗਾਂ ਦਾ ਸਰਤਾਜ ਡੇਅਰੀ ਫਾਰਮ ਮਹਿਤਾ, ਨੁੱਕਰੀ ਘੋੜੀ ਦਾ ਹਰਜੀਤ ਸਿੰਘ ਵਾਸੀ ਬਲਬਾਵਾ ਅਤੇ ਸਾਹੀਵਾਲ ਗਾਂ ਦਾ ਗੁਰਦੇਵ ਸਿੰਘ ਵਾਸੀ ਮਨੋਹਰ ਕਲਾਂ ਨੂੰ ਮਿਲਿਆ। ਇਨ੍ਹਾਂ ਨੂੰ 10-10 ਹਜ਼ਾਰ ਰੁਪਏ ਨਕਦ ਦਿੱਤੇ ਗਏ। ਇਸੇ ਤਰ੍ਹਾਂ ਸਤਨਾਮ ਸਿੰਘ ਵਾਸੀ ਬੁਲਾਰਾ ਦੀ ਮੁਰਹਾ ਮੱਝ, ਗੁਰਲਾਲ ਸਿੰਘ ਖੱਬੇ ਰਾਜਪੂਤਾ ਦੀ ਨੀਲੀ ਰਾਵੀ, ਸੁਖਵਿੰਦਰ ਸਿੰਘ ਰਾਜਾਸਾਂਸੀ ਦੇ ਮੁਰਹੇ ਕੱਟੇ, ਅਤੇ ਜੁਗਰਾਜ ਸਿੰਘ ਵਾਸੀ ਸੁਲਤਾਨਵਿੰਡ ਦੀ ਨੀਲੀ ਰਾਵੀ ਨੂੰ 5-5 ਹਜ਼ਾਰ ਰੁਪਏ ਦੇ ਇਨਾਮ ਮਿਲੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply