
ਨਵੀਂ ਦਿੱਲੀ, 15 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੇਡਾਂ ਨੂੰ ਉਤਸਾਹਿਤ ਕਰਨ ਵਾਸਤੇ ਸ਼ੁਰੂ ਕੀਤੀ ਗਈ ਨੀਤੀਆਂ ਦਾ ਅਸਰ ਹੁਣ ਕੌਮੀ ਖੇਡ ਮੁਕਾਬਲਿਆਂ ਵਿੱਚ ਵੀ ਨਜ਼ਰ ਆਉਣ ਲਗ ਪਿਆ ਹੈ। ਐਥਲੈਟਿਕਸ, ਫੁਟਬਾਲ, ਬਾੱਲੀਬਾਲ ਤੋਂ ਬਾਅਦ ਹੁਣ ਕਮੇਟੀ ਦੇ ਸਕੂਲਾਂ ਦੇ ਬੱਚੇ ਮਹਾਰਾਸ਼ਟਰ ਦੇ ਮਲਿਕਾਪੁਰ ਵਿੱਖੇ ਹੋ ਰਹੇ ਕੌਮੀ ਖੇਡ ਮੁਕਾਬਲਿਆਂ ਵਿੱਚ ਰੱਸਾਕਸੀ ਪ੍ਰਤਿਯੋਗਿਤਾ ਵਿੱਚ ਆਪਣੇ ਜੌਹਰ ਵਿਖਾਉਣਗੇ। ਕਮੇਟੀ ਦੇ ਸਪਰੋਟਸ ਡਾਇਰੈਕਟਰ ਸਵਰਣਜੀਤ ਸਿੰਘ ਬਰਾੜ ਨੇ ਇਸ ਪ੍ਰਤਿਯੋਗਿਤਾ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ 17 ਬੱਚਿਆਂ ਦੀ ਟੀਮ ਜਿਸ ਵਿੱਚ 8 ਲੜਕੀਆਂ ਤੇ 9 ਲੜਕੇ ਸ਼ਾਮਿਲ ਹਨ ਦੇ ਭੇਜਣ ਦੀ ਜਾਣਕਾਰੀ ਦਿੱਤੀ।
ਸਕੂਲਾਂ ਦੇ ਬੱਚਿਆਂ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਖੇਡ ਭਾਵਨਾ ਨਾਲ ਜੋੜਨ ਦੀ ਬੀਤੇ 2 ਵਰ੍ਹੇ ਪਹਿਲੇ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਬੱਚਿਆਂ ਦੇ ਨਾਲ ਹੀ ਉਨ੍ਹਾਂ ਦੇ ਮਾਂ-ਪਿਓ ਵੱਲੋਂ ਹੁੰਗਾਰਾ ਦਿੰਦੇ ਹੋਏ ਦਿੱਲੀ ਤੋਂ ਬਾਹਰ ਖੇਡਣ ਲਈ ਬੱਚਿਆਂ ਨੂੰ ਜਾਉਣ ਦੀ ਖੁਲ੍ਹੇ ਦਿਲਾਂ ਨਾਲ ਦਿੱਤੀ ਜਾ ਰਹੀ ਮਨਜ਼ੂਰੀ ਨੂੰ ਬਰਾੜ ਨੇ ਕਮੇਟੀ ਦੀ ਖੇਡ ਮੁਹਿੰਮ ਦੇ ਭਵਿੱਖ ਵਾਸਤੇ ਉਸਾਰੂ ਪੱਖ ਦਸਿਆ। ਇਸ ਮੌਕੇ ਡਿਪਟੀ ਡਾਇਰੈਕਟਰ ਸਪੋਰਟਸ ਗੁਰਵਿੰਦਰ ਸਿੰਘ ਸੈਣੀ, ਖੇਡ ਸਲਾਹਕਾਰ ਸੁਰਿੰਦਰ ਸਿੰਘ ਬਿੰਦਰਾ ਅਤੇ ਅਮਰਜੋਤ ਸਿੰਘ ਬਰਾੜ ਮੌਜ਼ੂਦ ਸਨ। ਮੁੰਡਿਆਂ ਦੀ ਟੀਮ ਦੇ ਕੋਚ ਵੱਜੋਂ ਫਰਹਾਦ ਅੱਲੀ ਅਤੇ ਲੜਕੀਆਂ ਦੀ ਟੀਮ ਦੇ ਕੋਚ ਵੱਜੋਂ ਮਨਵਿੰਦਰ ਕੌਰ ਨਾਲ ਗਏ ਹਨ।
Punjab Post Daily Online Newspaper & Print Media