ਅੰਮ੍ਰਿਤਸਰ, 22 ਦਸੰਬਰ ( ਗੁਰਚਰਨ ਸਿੰਘ)- ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਰਾਤ ਦਾ ਤਾਪਮਾਨ ਕਾਫੀ ਨੀਵਾਂ ਰਹਿਣ ਕਾਰਨ ਠੰਢ ਵਧ ਗਈ ਹੈ ਅਤੇ ਕੋਹਰਾ ਵੀ ਪੈ ਰਿਹਾ ਹੈ, ਜਿਸ ਨਾਲ ਬਾਗਬਾਨੀ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਨੂੰ ਠੰਢ ਤੋਂ ਬਚਾਅ ਲਈ ਢੁਕਵੇਂ ਉਪਰਾਲੇ ਕਰਨੇ ਚਾਹੀਦੇ ਹਨ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮ੍ਰਿਤਸਰ ਸ. ਬਾਜ ਸਿੰਘ ਨੇ ਦੱਸਿਆ ਕਿ ਬਾਗਬਾਨੀ ਫ਼ਸਲਾਂ, ਜਿਵੇਂ ਕਿ ਆਲੂ, ਬੈਂਗਣ, ਮਟਰ, ਟਮਾਟਰ, ਵੱਲਾਂ ਵਾਲੀਆਂ ਸਬਜ਼ੀਆਂ ਆਦਿ ਅਤੇ ਅਮਰੂਦ, ਅੰਬ, ਲੀਚੀ, ਪਪੀਤਾ, ਨਿੰਬੂ ਜਾਤੀ ਬਾਗ ਅਤੇ ਗੇਂਦਾ, ਗਲੈਡੀਓਲਸ ਅਤੇ ਗੁਲਾਬ ਆਦਿ ਫੁੱਲ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਚਾਅ ਵਾਸਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਲੋਅ-ਟਨਲ (ਪਲਾਸਟਿਕ ਸ਼ੀਟ) ਵਿਚ ਲੱਗੀਆਂ ਸਬਜ਼ੀਆਂ ਦੀ ਟਨਲ ਦੀ ਸ਼ੀਟ ਸ਼ਾਮ ਵੇਲੇ ਚੰਗੀ ਤਰ੍ਹਾਂ ਚੈੱਕ ਕਰਕੇ ਠੀਕ ਰੱਖਣ, ਪੋਲੀ ਹਾਊਸਾਂ ਵਿਚ ਕਰਾਸ ਵੈਂਟੀਲੇਸ਼ਨ ਦੀ ਸ਼ੀਟ ਸ਼ਾਮ ਨੂੰ ਥੱਲੇ ਰੱਖਣੀ ਹੈ ਤਾਂ ਜੋ ਕਿਸੇ ਵੀ ਪਾਸਿਓਂ ਹਵਾ ਦਾ ਦਾਖ਼ਲਾ ਪੋਲੀ ਹਾਊਸ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਸਬਜ਼ੀਆਂ, ਬਾਗਾਂ, ਫੁੱਲਾਂ ਆਦਿ ਨੂੰ ਥੋੜ੍ਹੇ-ਥੋੜ੍ਹੇ ਵਕਫੇ ਬਾਅਦ ਹਲਕਾ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਅੰਬਰ, ਅਮਰੂਦ, ਪਪੀਤਾ, ਲੀਚੀ ਆਦਿ ਫਲਾਂ ਦੇ ਛੋਟੇ ਬੂਟਿਆਂ ਨੂੰ ਠੰਢ ਤੋਂ ਬਚਾਉਣ ਲਈ ਉੱਤਰ ਅਤੇ ਪੱਛਮ ਵਾਲੇ ਪਾਸੇ ਸਰਕੰਡੇ ਦੀਆਂ ਝੁੱਗੀਆਂ ਬਣਾ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਵਧਾਨੀਆਂ ਵਰਤ ਕੇ ਕਿਸਾਨ ਕਾਫੀ ਹੱਦ ਤੱਕ ਆਪਣੀਆਂ ਇਨ੍ਹਾਂ ਫ਼ਸਲਾਂ ਨੂੰ ਠੰਢ ਤੋਂ ਬਚਾਅ ਸਕਦੇ ਹਨ। ਉਨ੍ਹਾਂ ਇਹ ਵੀ ਸਲਾਹ ਦਿੱਤੀ ਹੈ ਕਿ ਪਤਝੜ ਰੁੱਤ ਦੇ ਬਾਗ, ਜਿਵੇਂ ਨਾਖ, ਆੜੂ, ਅਲੂਚਾ, ਅੰਗੂਰ, ਅਨਾਰ ਆਦਿ ਨੂੰ ਇਸ ਸਮੇਂ ਬਿਲਕੁਲ ਪਾਣੀ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਨ੍ਹਾਂ ਫਲ਼ਦਾਰ ਬਾਗਾਂ ਲਈ ਠੰਢ ਲਾਹੇਵੰਦ ਹੈ ਅਤੇ ਇਸ ਨਾਲ ਇਨ੍ਹਾਂ ਫਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media