Wednesday, September 30, 2026

ਸਿੱਖੀ ਨੂੰ ਬਚਾਣ ਵਿੱਚ ਬੀਬੀਆਂ ਪ੍ਰਭਾਵੀ ਭੂਮਿਕਾ ਨਿਭਾਅ ਸਕਦੀਆਂ ਹਨ- ਰਾਣਾ

PPN2312201510ਨਵੀਂ ਦਿੱਲੀ, 23 ਦਸੰਬਰ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਵੱਖ-ਵੱਖ ਬਾਣੀਆਂ ਦੀ ਭਾਵ-ਅਰਥਾਂ ਸਹਿਤ ਵਿਆਖਿਆ ਰਾਹੀਂ, ਉਨ੍ਹਾਂ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦੀ ਅਰੰਭੀ ਗਈ ਹੋਈ ਲੜੀ ਅਧੀਨ, ਬੀਤੇ ਦਿਨੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਜੋ ਲੜੀਵਾਰ ਕੱਥਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਅਰੰਭ ਕਰਵਾਈ ਗਈ ਸੀ, ਉਸਦੀ ਸਮਾਪਤੀ ਅੱਜ, ਬੁੱਧਵਾਰ 23 ਦਸੰਬਰ ਨੂੰ ਹੋਈ। ਇਸ ਮੌਕੇ ਤੇ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਗਿਆਨੀ ਕਿਸ਼ਨ ਸਿੰਘ (ਅੰਮ੍ਰਿਤਸਰ ਵਾਲਿਆਂ) ਨੂੰ ਸਿਰਪਾਉ ਦੀ ਬਖਸ਼ਸ਼ ਕਰ ਸਨਮਾਨਤ ਕੀਤਾ। ਸ. ਰਾਣਾ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਗਿਅਨੀ ਕਿਸ਼ਨ ਸਿੰਘ ਵਲੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਅਤੇ ਉਨ੍ਹਾਂ ਦੀ ਤੰਦਰੁਸਤੀ ਭਰੀ ਲੰਮੀ ਉਮਰ ਦੀ ਕਾਮਨਾ ਕੀਤੀ। ਸ. ਰਾਣਾ ਨੇ ਸਿੱਖ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਸਮੇਂ ਵਿੱਚ ਆਪਣੇ ਬਚਿਆਂ ਨੂੰ ਸਿੱਖੀ ਵਿਰਸੇ ਤੋਂ ਜਾਣੂ ਕਰਵਾ, ਉਸ ਨਾਲ ਜੋੜੀ ਰਖਣ ਵਿੱਚ ਉਨ੍ਹਾਂ ਦੀ ਭੂਮਿਕਾ ਬਹੁਤ ਹੀ ਮਹਤੱਵਪੂਰਣ ਅਤੇ ਪ੍ਰਸ਼ੰਸਾਯੋਗ ਰਹੀ ਹੈ, ਹੁਣ ਵੀ ਉਹ ਹੀ ਸਿੱਖੀ ਨੂੰ ਬਚਾਣ ਅਤੇ ਪ੍ਰਫੁਲਤ ਕਰਨ ਵਿੱਚ ਵਰਨਣਯੋਗ ਹਿੱਸਾ ਪਾ ਸਕਦੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਅਜ ਦੇ ਯੁਗ ਵਿੱਚ ਜਦਕਿ ਪਨੀਰੀ ਨੂੰ ਭਰਮਾ ਸਿੱਖੀ ਮਾਰਗ ਤੋਂ ਭਟਕਾਣ ਲਈ ਅਨੇਕਾਂ ਸ਼ਕਤੀਆਂ ਜੁਟੀਆਂ ਹੋਈਆਂ ਹਨ, ਸਿੱਖ ਬੀਬੀਆਂ ਹੀ ਕੌਮੀ ਪਨੀਰੀ ਨੂੰ ਗੁਮਰਾਹ ਹੋਣ ਤੋਂ ਬਚਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਵਿੱਚ ਮਾਤਾ ਗੁਜਰੀ ਜੀ ਦਾ ਜੀਵਨ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਵਿੱਚ ਸਹਾਇਕ ਹੋ ਸਕਦਾ ਹੈ। ਉਨ੍ਹਾਂ ਇਸ ਮੌਕੇ ਉਸ ਮੋਤੀ ਲਾਲ ਮਹਿਰਾ ਨੂੰ ਵੀ ਬੜੀ ਸ਼ਰਧਾ ਨਾਲ ਯਾਦ ਕੀਤਾ, ਜਿਸਦਾ ਪਰਿਵਾਰ, ਸਰਹੰਦ ਦੇ ਨਵਾਬ ਵਜ਼ੀਰ ਖਾਨ ਦੀ ਕੈਦ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ ਗਈ ਸੇਵਾ ਦੇ ਬਦਲੇ ਕੋਹਲੂ ਪੀੜ ਦਿੱਤਾ ਗਿਆ ਸੀ। ਸ. ਰਾਣਾ ਨੇ ਇਸ ਮੌਕੇ ਭਾਈ ਤਾਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ, ਭਾਈ ਮਨੀ ਸਿੰਘ ਜੀ ਆਦਿ ਸਹਿਤ ਅਨੇਕਾਂ ਸਿੱਖ ਸ਼ਹੀਦਾਂ ਨੂੰ ਯਾਦ ਕਰਦਿਆਂ ਅਜਿਹੇ ਲੋਕ ਗਾਇਕਾਂ, ਜੋ ਪੰਜਾਬੀ ਲੋਕ ਗੀਤਾਂ ਅਤੇ ਸਭਿਆਚਾਰ ਦੇ ਨਾਂ ਤੇ ਲਚਰ ਸਭਿਆਚਾਰ ਨੂੰ ਉਤਸਾਹਤ ਕਰਨ ਲਈ ਕੋਹਝ ਪ੍ਰੋਸ ਰਹੇ ਹਨ, ਨੂੰ ਲੰਮੇਂ ਹਥੀਂ ਲੈਂਦਿਆਂ, ਉਨ੍ਹਾਂ ਦੇ ਪ੍ਰਭਾਵ ਤੋਂ ਬਚਣ ਅਤੇ ਉਨ੍ਹਾਂ ਦਾ ਸਖਤ ਵਿਰੋਧ ਕਰਨ ਦੀ ਅਪੀਲ ਕੀਤੀ। ਇਸਦੇ ਨਾਲ ਹੀ ਉਨ੍ਹਾਂ ਲੋਕ ਗਾਇਕਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਉਹ ਸਿੱਖੀ ਦੀ ਗਲ ਕਰਦੇ ਹਨ ਤਾਂ ਉਹ ਆਪਣੇ ਸਰੂਪ ਅਤੇ ਆਚਰਣ ਵਲ ਵੀ ਝਾਤੀ ਮਾਰ ਲਿਆ ਕਰਨ, ਕਿਉਂਕਿ ਆਮ ਲੋਕਾਂ ਨੂੰ ਕਥਨ ਨਾਲੋਂ ਸਰੂਪ ਅਤੇ ਆਚਰਣ ਹੀ ਪ੍ਰਭਾਵਤ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply