ਅੰਮ੍ਰਿਤਸਰ, 23 ਦਸੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਮੁਫ਼ਤ ਵਾਈ-ਵਾਈ ਦੀ ਸੁਵਿਧਾ ਅੱਜ ਸ਼ੁਰੂ ਹੋ ਗਈ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵੱਲੋਂ ਕੀਤਾ ਗਿਆ। ਇਸ ਮੌਕੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਏਅਰਪੋਰਟ ਡਾਇਰੈਕਟਰ, ਅੰਮ੍ਰਿਤਸਰ ਸ੍ਰੀ ਵੈਂਕਟੇਸ਼ਵਰ ਰਾਓ, ਸੀ. ਐਸ. ਐਫ ਕਮਾਂਡੈਂਟ ਸ੍ਰੀ ਵਿਸ਼ਾਲ ਦੂਬੇ, ਕਨੈਕਸ਼ਨ ਦੇ ਫਾਊਂਡਰ ਸ੍ਰੀ ਨਿਖਿਲ ਅਗਰਵਾਲ, ਕੋ-ਫਾਊਂਡਰ ਸ੍ਰੀਮਤੀ ਪਾਇਲ ਅਗਰਵਾਲ, ਸ੍ਰੀ ਅਖਿਲ ਕਨੋਜੀਆ, ਜ਼ਿਲ੍ਹਾ ਟੂਰਿਜ਼ਮ ਅਫ਼ਸਰ ਸ. ਬਲਰਾਜ ਸਿੰਘ ਤੋਂ ਇਲਾਵਾ ਹਵਾਈ ਅੱਡੇ ਦਾ ਸਟਾਫ, ਯਾਤਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਸ੍ਰੀ ਰਵੀ ਭਗਤ ਨੇ ਇਸ ਸੁਵਿਧਾ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਸੁਵਿਧਾ ਦੇ ਸ਼ੁਰੂ ਹੋੋਣ ਨਾਲ ਵਿਦੇਸ਼ੀ ਸੈਲਾਨੀਆਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਵਲ ਸਥਾਨਕ ਯਾਤਰੀਆਂ ਨੂੰ ਹੀ ਇਹ ਸੁਵਿਧਾ ਉਪਲਬਧ ਸੀ ਅਤੇ ਅੰਤਰਰਾਸ਼ਟਰੀ ਯਾਤਰੀ ਇਸ ਸਹੂਲਤ ਤੋਂ ਵਾਂਝੇ ਸਨ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਨਾ ਮਿਲਣ ਕਾਰਨ ਸਟੇ ਆਵਰ ਦੌਰਾਨ ਅੰਤਰਰਾਸ਼ਟਰੀ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦਕਿ ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਹਵਾਈ ਯਾਤਰਾ ਕਰਨ ਵਾਲੇ ਯਾਤਰੀ ਇਸ ਮੁਫ਼ਤ ਸੁਵਿਧਾ ਦਾ ਭਰਪੂਰ ਆਨੰਦ ਲੈਂਦੇ ਸਨ। ਸ੍ਰੀ ਭਗਤ ਨੇ ਕਿਹਾ ਕਿ ਇਸ ਹਵਾਈ ਅੱਡੇ ‘ਤੇ ਹਰੇਕ ਮਹੀਨੇ ਕਰੀਬ 25000 ਅੰਤਰਰਾਸ਼ਟਰੀ ਯਾਤਰੀ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਟੂੁਰਿਜ਼ਮ ਵੱਲੋਂ ਇਸ ਪਹਿਲ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਡਾਇਰੈਕਟਰ ਸ੍ਰੀ ਵੈਂਕਟੇਸ਼ਵਰ ਰਾਓ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਵਧਾਈ ਦਿੱਤੀ। ਇਸ ਮੌਕੇ ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਵੈਂਕਟੇਸ਼ਵਰ ਰਾਓ ਨੇ ਕਿਹਾ ਕਿ ਉਨ੍ਹਾਂ ਨੇ ਇਥੇ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਅੰਤਰਰਾਸ਼ਟਰੀ ਯਾਤਰੀਆਂ ਲਈ ਵੀ ਮੁਫ਼ਤ ਵਾਈਫਾਈ ਸੁਵਿਧਾ ਦੇਣ ਲਈ ਯੋਜਨਾ ਤਿਆਰ ਕੀਤੀ ਸੀ, ਜਿਸ ਨੂੰ ਏਅਰਪੋਰਟ ਅਥਾਰਟੀ ਆਫ ਇੰਡੀਆ ਤੋਂ ਮਨਜ਼ੂਰੀ ਤੋਂ ਬਾਅਦ ਅੰਤਿਮ ਰੂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸਦੇ ਲਈ ਕਨੈਕਸ਼ਨ ਇਨਫਾਰਮੈਟਿਕਸ ਪ੍ਰਾਈਵੇਟ ਲਿਮਟਿਡ ਦੇ ਨਾਲ ਕਰਾਰ ਕੀਤਾ ਗਿਆ, ਜਿਸ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਹਵਾਈ ਅੱਡੇ ‘ਤੇ ਅਜਿਹਾ ਜਾਲ ਵਿਛਾ ਦਿੱਤਾ ਕਿ ਉਹ ਜਹਾਜ਼ ਤੋਂ ਉਤਰਦਿਆਂ ਹੀ ਹਵਾਈ ਅੱਡੇ ‘ਤੇ 30 ਮਿੰਟ ਲਈ ਵਾਈਫਾਈ ਪ੍ਰਣਾਲੀ ਨਾਲ ਆਪਣੇ ਦੋਸਤਾਂ-ਰਿਸ਼ਤੇਦਾਰਾਂ ਨਾਲ ਜੁੜੇ ਰਹਿ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਥੇ ਭਾਰਤੀ ਮੋਬਾਇਲ ਨੰਬਰਾਂ ‘ਤੇ ਵੀ ਵਾਈਫਾਈ ਸਹੂਲਤ ਉਪਲਬਧ ਸੀ ਪਰੰਤੂ ਅੱਜ ਤੋਂ ਇਹ ਅੰਤਰਰਾਸ਼ਟਰੀ ਮੋਬਾਇਲ ਨੰਬਰਾਂ ‘ਤੇ ਵੀ ਮਿਲਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਨੈਕਸ਼ਨ ਦੇ ਬਾਨੀ ਸ੍ਰੀ ਨਿਖਿਲ ਅਗਰਵਾਲ ਨੇ ਦੱਸਿਆ ਕਿ ਇਹ ਇਕ ਆਸਾਨ ਸਿਸਟਮ ਹੈ, ਜਿਸ ਨਾਲ ਵਿਦੇਸ਼ਾਂ ਵਿਚੋਂ ਇਥੇ ਪਹੁੰਚਣ ਵਾਲੇ ਸੈਲਾਨੀ ਆਸਾਨੀ ਨਾਲ ਅਪਡੇਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਨੈਕਸ਼ਨ ਐਪ ਐਂਡਰੌਇਡ ਅਤੇ ਐਪਲ ਸਟੋਰ ‘ਤੇ ਮੁਫ਼ਤ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਉਹ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਹੀ ਜੰਮਪਲ ਹਨ ਅਤੇ ਆਪਣੇ ਹੀ ਸ਼ਹਿਰ ਲਈ ਇਹ ਸੇਵਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਨੂੰ ਅਸਲ ਵਿਚ ਇਕ ਅੰਤਰਰਾਸ਼ਟਰੀ ਸ਼ਹਿਰ ਬਣਿਆ ਵੇਖਣਾ ਚਾਹੁੰਦੇ ਹਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media