Sunday, April 26, 2026

ਭੈਣ ਵਿਮਲਾ ਡਾਂਗ ਦਾ ਜਨਮ ਦਿਨ ਬੱਚਿਆਂ ਨੂੰ ਤੋਹਫੇ ਵੰਡ ਕੇ ਮਨਾਇਆ

PPN2412201524

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ ਖੁਰਮਨੀਆ)- ਗਰੀਬਾਂ, ਮਜਲੂਮਾਂ, ਲੋੜਵੰਦਾਂ ਤੇ ਕੂੜੇ ਤਂੋ ਕਾਗਜ ਚੁੱਕਣ, ਫੈਕਟਰੀਆਂ ਵਿੱਚ ਨਿਗੂਣੀ ਤਨਖਾਹ ‘ਤੇ ਕੰਮ ਕਰਨ ਵਾਲੇ ਬੱਚਿਆਂ ਨੂੰ ਪੜਾਈ ਵੀ ਜਰੂਰੀ ਦਾਤ ਦੇਣ ਦਾ ਉਪਰਾਲਾ ਕਰਨ ਵਾਲੇ ਸਾਬਕਾ ਵਿਧਾਇਕ ਮਰਹੂਮ ਭੈਣ ਵਿਮਲਾ ਡਾਂਗ ਵੱਲੋ 1997 ਵਿੱਚ ਸ਼ੁਰੂ ਕੀਤੇ ਪੰਜਾਬ ਇਸਤਰੀ ਸਭਾ ਰਲੀਫ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਬਾਲ ਮਜਦੂਰ ਸਿੱਖਿਆ ਕੋਰਸ ਦੇ ਅੱਜ 18 ਸਾਲ ਵਿੱਚ ਦਾਖਲ ਹੋਣ ‘ਤੇ ਬੱਚਿਆਂ ਨੂੰ ਤੋਹਫੇ ਦਿੱਤੇ ਗਏ ਉਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕੀਤਾ ਗਿਆ।
ਭੈਣ ਵਿਮਲਾ ਡਾਂਗ ਦੇ ਜਨਮ ਦਿਨ ‘ਤੇ ਹਰ ਸਾਲ ਦੀ ਤਰਾਂ ਬਾਲ ਮਜਦੂਰ ਸਿੱਖਿਆ ਕੋਰਸ ਵਿੱਚ ਸ਼ਾਮਲ 20 ਬੱਚਿਆਂ ਨੂੰ ਤੋਹਫੇ ਦਿੱਤੇ ਗਏ ਅਤੇ ਉਹਨਾਂ ਨੂੰ ਭੈਣ ਜੀ ਦੇ ਜੀਵਨ ਸਬੰਧ ਜਾਣਕਾਰੀ ਦਿੱਤੀ।ਪੰਜਾਬ ਇਸਤਰੀ ਸਭਾ ਦੀ ਆਗੂ ਤੇ ਸਾਬਕਾ ਅਧਿਆਪਕ ਸ੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਭੈਣ ਜੀ ਨੇ ਇਹ ਉਪਰਾਲਾ ਉਸ ਵੇਲੇ ਕੀਤਾ ਸੀ ਜਦੋ ਉਹਨਾਂ ਨੇ ਗਲੀਆਂ, ਬਜ਼ਾਰਾਂ, ਰੂੜੀਆਂ ਅਤੇ ਹੋਰ ਗੰਦਗੀ ਦੇ ਢੇਰ ਤੋ ਕਾਗਜ ਤੋ ਹੋਰ ਵਸਤਾਂ ਚੁਣਦੇ ਵੇਖਿਆ ਤਾਂ ਉਹਨਾਂ ਦੇ ਦਿਲ ਵਿੱਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਦਰਦ ਉਠਿਆ। ਉਹਨਾਂ ਨੇ ਤੁਰੰਤ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਬੁਲਾ ਕੇ ਸਲਾਹ ਮਸ਼ਵਰਾ ਕੀਤਾ ਤੇ ਬੱਚਿਆਂ ਨੂੰ ਇਕੱਠਾ ਕਰਨ ਲਈ ਆਦੇਸ਼ ਜਾਰੀ ਕੀਤੇ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਤਾਂ ਮੁਸ਼ਕਲ ਇਹ ਆ ਰਹੀ ਸੀ ਕਿ ਬੱਚਿਆਂ ਦੇ ਮਾਪਿਆ ਨੂੰ ਪੜਾਈ ਲਈ ਤਿਆਰ ਕਰਨਾ ਤੇ ਫਿਰ ਜਿਥੇ ਬੱਚੇ ਕੰਮ ਕਰਦੇ ਸਨ, ਉਹਨਾਂ ਫੈਕਟਰੀਆਂਾ ਵਾਲਿਆ ਕੋਲੋ ਸਮਾਂ ਲੈਣਾ।ਉਹਨਾਂ ਦੱਸਿਆ ਕਿ ਸ਼ੁਰੂ ਸ਼ੁਰੂ ਵਿੱਚ ਭਾਰੀ ਦਿੱਕਤਾਂ ਆਈਆਂ ਪਰ ਸਹਿਜੇ ਸਹਿਜੇ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ ਦਾ ਇਹ ਪ੍ਰਵਾਹ ਰਾਸੇ ਪੈ ਗਿਆ। ਉਹਨਾਂ ਕਿਹਾ ਕਿ ਸੰਸਥਾ ਵੱਲੋ ਹਰ ਸਾਲ 20 ਬੱਚੇ ਲੈ ਜਾਂਦੇ ਹਨ ਤੇ ਉਹਨਾਂ ਦੀ ਪੜਾਈ ਲਿਖਾਈ ਦਾ ਸਾਰਾ ਖਰਚਾ ਸਾਰਾ ਕੀਤਾ ਜਾਂਦਾ ਹੈ।ਬੱਚਿਆਂ ਨੂੰ ਉਹਨਾਂ ਦੀ ਗਰਮ ਤੇ ਠੰਡੀ ਵਰਦੀ ਵੀ ਦਿੱਤੀ ਜਾਂਦੀ ਹੈ ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਪ੍ਰਿੰਸੀਪਲ ਨਿਰਮਲ ਸਿੰਘ ਨੇ ਕਿਹਾ ਕਿ ਵਿਦਿਆ ਦਾ ਦਾਨ ਸਭ ਤੋ ਉਪਰ ਦਾਨ ਹੈ ਜਿਸ ਦਾ ਕੋਈ ਮੁਕਾਬਲਾ ਨਹੀ ਹੈ। ਉਹਨਾਂ ਕਿਹਾ ਕਿ ਵਿਸ਼ੇਸ਼ ਕਰਕੇ ਬੱਚੀਆਂ ਨੂੰ ਵਿਦਿਆ ਦੀ ਸਖਤ ਲੋੜ ਹੈ। ਇਸੇ ਤਰਾਂ ਸਾਬਕਾ ਪ੍ਰਿੰਸੀਪਲ ਦਲੀਪ ਸਿੰਘ ਸੰਧੂ ਨੇ ਕਿਹਾ ਕਿ ਭੈਣ ਵਿਮਲਾ ਡਾਂਗ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਸਨ ਤੇ ਉਹ ਅਜਿਹੀਆ ਗਤੀਵਿਧੀਆਂ ਕਰਦੇ ਸਨ ਜਿਹਨਾਂ ਵੱਲ ਕਦੇ ਕਿਸੇ ਵੀ ਹੋਰ ਸੰਸਥਾ ਦਾ ਧਿਆਨ ਨਹੀ ਗਿਆ। ਉਹਨਾਂ ਕਿਹਾ ਕਿ ਭੈਣ ਜੀ ਦਾ ਕੀਤਾ ਉਪਰਾਲਾ ਅੱਜ ਉਹਨਾਂ ਦੀ ਯਾਦ ਨੂੰ ਹੀ ਤਾਜ਼ਾ ਨਹੀ ਕਰ ਰਿਹਾ ਸਗੋ ਵਿਦਿਆ ਲੈਣ ਵਾਲੇ ਬੱਚੇ ਵੀ ਜਿੰਦਗੀ ਭਰ ਉਹਨਾਂ ਨੂੰ ਆਪਣੇ ਚੇਤੇ ‘ਚ ਰੱਖਣਗੇ।ਉਹਨਾਂ ਕਿਹਾ ਕਿ ਅਜਿਹੀਆਂ ਮਹਾਨ ਸ਼ਖਸ਼ੀਅਤਾਂ ਇਸ ਦੁਨੀਆ ਵਿੱਚ ਕਦੇ ਕਦੇ ਹੀ ਆਉਦੀਆਂ ਹਨ।ਉੱਘੇ ਕਮਿਊਨਿਸਟ ਨੇਤਾ ਮਰਹੂਮ ਸੱਤਪਾਲ ਡਾਂਗ ਨਾਲ ਕਾਫੀ ਲੰਮਾ ਸਮਾਂ ਰਹੇ ਕਲਾਕਾਰ ਤੇ ਸਾਬਕਾ ਅਧਿਆਪਕ ਅਸ਼ੋਕ ਸਾਹਿਲ ਨੇ ਕਿਹਾ ਕਿ ਕਾਮਰੇਡ ਸੱਤਪਾਲ ਡਾਂਗ ਤੇ ਭੈਣ ਦੀ ਵਿਮਲਾ ਡਾਂਗ ਨੇ ਜੋ ਯੋਗਦਾਨ ਛੇਹਰਟਾ ਦੇ ਵਿਕਾਸ ਵਿੱਚ ਪਾਇਆ ਹੈ, ਉਹ ਕਦੇ ਵੀ ਕੋਈ ਆਗੂ ਨਹੀ ਪਾ ਸਕਦਾ।ਉਹਨਾਂ ਕਿਹਾ ਕਿ ਲੜਕੀਆ ਪਹਿਲਾਂ ਆਪਣੇ ਬਾਪ ਦਾ ਘਰ ਬਣਾਉਦੀਆਂ ਹਨ, ਫੇਰ ਸਹੁਰਾ ਘਰ ਸੰਭਾਲਦੀਆਂ ਹਨ ਤੇ ਬੁਢਾਪੇ ਵਿੱਚ ਪੁੱਤਾਂ ਪੁੱਤਰਾਂ ਤੇ ਧੀਆਂ ਧਿਆਣੀਆਂ ਦਾ ਸਹਾਰਾ ਬਣ ਕੇ ਵਿਚਰਦੀਆਂ ਹਨ। ਪਰ ਉਹਨਾਂ ਬਾਰੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ :-
”ਕੁੜੀਆ ਤੇ ਚਿੜੀਆਂ ਹੁੰਦੀਆਂ ਹਨ ਪਰ ਇਹਨਾਂ ਦੇ ਪਰ ਨਹੀ ਹੁੰਦੇ,
ਪੇਕੇ ਤੇ ਸਹੁਰੇ ਤਾਂ ਹੁੰਦੇ ਹਨ ਪਰ ਇਹਨਾਂ ਦੇ ਘਰ ਨਹੀ ਹੁੰਦੇ।
ਅਧਿਆਪਕ ਜਸਵੰਤ ਰਾਏ ਨੇ ਕਿਹਾ ਕਿ ਭੈਣ ਜੀ ਦੁਆਰਾ ਲਗਾਏ ਗਏ ਬੂਟੇ ਨੂੰ ਉਹ ਆਪਣੀ ਸਮੱਰਥਾ ਮੁਤਾਬਕ ਪਾਣੀ ਲਗਾ ਰਹੇ ਹਨ । ਉਹਨਾਂ ਕਿਹਾ ਕਿ ਹਰ ਮਹੀਨੇ ਪੰਜ ਹਜ਼ਾਰ ਰੁਪਏ ਖਰਚ ਕੀਤੇ ਜਾਂਦੇ ਹਨ ਤੇ ਇਸ ਤੋ ਵੱਧ ਸਮੱਰਥਾ ਨਹੀ ਹੈ ਪਰ ਉਹ ਵਾਅਦਾ ਕਰਦੇ ਹਨ ਕਿ ਭੈਣ ਜੀ ਦੁਆਰਾ ਲਗਾਏ ਇਸ ਬੂਟੇ ਨੂੰ ਸੁੱਕਣ ਨਹੀ ਦਿੱਤਾ ਜਾਵੇਗਾ। ਇਸਤਰੀ ਸਭਾ ਦੀ ਪੰਜਾਬ ਦੀ ਪ੍ਰਧਾਨ ਬੀਬੀ ਨਰਿੰਦਰਪਾਲ ਨੇ ਕਿਹਾ ਕਿ ਭੈਣ ਵਿਮਲਾ ਡਾਂਗ ਉਹਨਾਂ ਦੇ ਪ੍ਰੇਰਨਾ ਸਰੋਤ ਹਨ ਤੇ ਉਹ ਕਹਿੰਦੇ ਹੁੰਦੇ ਸਨ ਕਿ ਕਦੇ ਕੋਈ ਕੰਮ ਅਸੰਭਵ ਨਹੀ ਹੁੰਦਾ। ਇਸ ਸਮਾਗਮ ਵਿੱਚ ਸ੍ਰੀ ਸਤਿਆਪਾਲ ਗੁਪਤਾ, ਸੁਰਜੀਤ ਸਿੰਘ, ਵੀਪਬਰਿੰਦਰ ਕੌਰ, ਸਾਬਕਾ ਕੌਸਲਰ ਤੇ ਇਸਤਰੀ ਸਭਾ ਦੀ ਮੀਤ ਪ੍ਰਧਾਨ ਬੀਬੀ ਪਰਵੀਨ ਕੌਰ, ਬਲਦੇਵ ਰਾਜ, ਰਾਕੇਸ਼ ਕੁਮਾਰ, ਵਿਜੈ ਕੁਮਾਰ, ਪਵਨ ਕੁਮਾਰ ਤੋ ਇਲਾਵਾ ਹੋਰ ਕਈ ਲੋਕ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply