
ਬਟਾਲਾ, 29 ਦਸੰਬਰ (ਨਰਿੰਦਰ ਸਿੰਘ ਬਰਨਾਲ)- ਬਟਾਲਾ ਵਾਸੀਆਂ ਲਈ ਸਾਲ 2015 ਵਿਕਾਸ ਦੇ ਪੱਖ ਤੋਂ ਬਹੁਤ ਅਹਿਮ ਹੋ ਨਿਬੜਿਆ ਹੈ ਅਤੇ ਲੋਕ ਇਸ ਵਰ੍ਹ੍ਹੇ ਨੂੰ ਵਿਕਾਸ ਦੇ ਵਰ੍ਹੇ ਵਜੋਂ ਯਾਦ ਕਰਨਗੇ। ਇਸ ਵਰ੍ਹੇ ‘ਚ ਪੰਜਾਬ ਸਰਕਾਰ ਵੱਲੋਂ ਜਿਥੇ ਬਟਾਲਾ ਅਤੇ ਇਸਦੇ ਆਸ-ਪਾਸ ਇਲਾਕਿਆਂ ‘ਚ ਨਵੇਂ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਉਥੇ ਕੁਝ ਵੱਡੇ ਪ੍ਰੋਜੈਕਟ ਪੂਰੇ ਵੀ ਹੋਏ ਹਨ ਜਿਨਾਂ ਦਾ ਲੋਕਾਂ ਨੂੰ ਵੱਡਾ ਲਾਭ ਮਿਲਿਆ ਹੈ।
ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਬਟਾਲਾ
ਬਟਾਲਾ ਵਾਸੀ ਅਤੇ ਪੂਰੀ ਦੁਨੀਆਂ ‘ਚ ਰਹਿੰਦੇ ਪੰਜਾਬੀ ਮਾਂ ਨੂੰ ਪਿਆਰ ਕਰਨ ਵਾਲੇ ਸਾਲ 2015 ਨੂੰ ਹਮੇਸ਼ਾਂ ਇਸ ਗੱਲ ਲਈ ਵੀ ਯਾਦ ਰੱਖਣਗੇ ਕਿ ਇਸ ਸਾਲ ਬਿਰਹਾ ਦੇ ਸੁਲਤਾਨ ਦੀ ਬਟਾਲਾ ‘ਚ ਬਣੀ ਯਾਦਗਾਰ ਨੂੰ ਪੰਜਾਬ ਸਰਕਾਰ ਨੇ 2 ਕਰੋੜ ਰੁਪਏ ਖਰਚ ਕੇ ਆਧੁਨਿਕ ਆਡੀਟੋਰੀਅਮ ਦਾ ਰੂਪ ਦਿੱਤਾ ਸੀ। ਪੰਜਾਬ ਸਰਕਾਰ ਵੱਲੋਂ ਮੁੜ ਸੁਰਜੀਤ ਕੀਤੀ ਗਈ ਸ਼ਿਵ ਦੀ ਯਾਦਗਾਰ ਇਹ ਆਡੀਟੋਰੀਅਮ ਸਾਹਿਤਾਕਾਰਾਂ ਦਾ ‘ਮੱਕਾ’ ਬਣੇਗੀ। ਨਵੇਂ ਵਰ੍ਹੇ ਦੇ ਚੜ੍ਹਦਿਆਂ ਹੀ 2 ਜਨਵਰੀ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸ਼ਿਵ ਕੁਮਾਰ ਬਟਾਲਵੀ ਦੀ ਯਾਦਗਾਰ ਨੂੰ ਪੰਜਾਬੀਆਂ ਦੇ ਸਮਰਪਿਤ ਕਰਨਗੇ। ਬਟਾਲਾ ਵਾਸੀਆਂ ਤੇ ਸਾਹਿਤਕਾਰਾਂ ‘ਚ ਸ਼ਿਵ ਕੁਮਾਰ ਬਟਾਲਵੀ ਦੀ ਯਾਦਗਾਰ ਮੁਕੰਮਲ ਹੋਣ ‘ਤੇ ਖੁਸ਼ੀ ਦੀ ਲਹਿਰ ਹੈ।
ਆਧੁਨਿਕ ਪਸ਼ੂ ਮੇਲਾ ਗਰਾਉਂਡ, ਬਟਾਲਾ
ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਕਿੱਤੇ ਨੂੰ ਉਤਸ਼ਾਹਤ ਕਰਨ ਲਈ ਬਟਾਲਾ ਵਿਖੇ 5.44 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਪਸ਼ੂ ਮੇਲਾ ਗਰਾਉਂਡ ਦਾ ਨਿਰਮਾਣ ਕੀਤਾ ਗਿਆ ਹੈ। ਇਸ ਸਾਲ ਇਹ ਵੱਡਾ ਪ੍ਰੋਜੈਕਟ ਮੁਕੰਮਲ ਹੋਣ ਨਾਲ ਬਟਾਲਾ ਸਮੇਤ ਪੂਰੇ ਮਾਝੇ ਖੇਤਰ ਨੂੰ ਇਸਦਾ ਲਾਭ ਮਿਲੇਗਾ।
ਭਗਤ ਨਾਮਦੇਵ ਸਰਕਾਰੀ ਡਿਗਰੀ ਕਾਲਜ, ਘੁਮਾਣ
ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਪਵਿੱਤਰ ਧਰਤੀ ਘੁਮਾਣ ਵਿਖੇ ਪੰਜਾਬ ਸਰਕਾਰ ਵੱਲੋਂ ਸਾਲ 2015 ‘ਚ ਸਰਕਾਰੀ ਡਿਗਰੀ ਕਾਲਜ ਦੀ ਅਰੰਭਤਾ ਸ਼ੁਰੂ ਕੀਤੀ ਗਈ ਹੈ। 10 ਏਕੜ ਰਕਬੇ ‘ਚ 18 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ। ਅਪ੍ਰੈਲ ਮਹੀਨੇ ਸ਼ੁਰੂ ਹੋਏ ਇਸ ਡਿਗਰੀ ਕਾਲਜ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਸਾਲ 2016 ‘ਚ ਇਸਨੂੰ ਮੁਕੰਮਲ ਕਰਕੇ ਇਥੇ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸਦੇ ਨਾਲ ਹੀ ਅਪ੍ਰੈਲ ਮਹੀਨੇ ਘੁਮਾਣ ਵਿਖੇ ਹੋਇਆ ਮਰਾਠੀ ਸਾਹਿਤ ਸੰਮੇਨਲ ਯਾਦਗਾਰੀ ਹੋ ਨਿਬੜਿਆ ਹੈ ਅਤੇ ਪੰਜਾਬ ਸਰਕਾਰ ਦੀ ਮਹਿਮਾਨ ਨਿਵਾਜੀ ਨੂੰ ਪੂਰੇ ਦੇਸ਼ ਵਿੱਚ ਸਰਾਹਿਆ ਗਿਆ ਹੈ।
ਡਰਾਇਵਿੰਗ ਟੈਸਟ ਸੈਂਟਰ ਬਟਾਲਾ ਤੇ ਮਾੜੀ ਪੰਨਵਾਂ
ਪੰਜਾਬ ਸਰਕਾਰ ਵੱਲੋਂ ਸਾਲ 2015 ਦੌਰਾਨ ਬਟਾਲਾ ਵਿਖੇ ਸਟੈਂਡਰਡ ਆਟੋਮੈਟਿਕ ਡਰਾਇਵਿੰਗ ਟੈਸਟ ਸੈਂਟਰ ਅਤੇ ਮਾੜੀ ਪੰਨਵਾਂ ਵਿਖੇ ਹੈਵੀ ਡਿਊਟੀ ਡਰਾਇਵਿੰਗ ਲਾਇਸੈਂਸ ਟਰੇਨਿੰਗ ਸੈਂਟਰ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਡਰਾਇਵਿੰਗ ਲਾਇਸੈਂਸ ਕੇਂਦਰਾਂ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਸਾਲ 2016 ‘ਚ ਇਹ ਕੰਮ ਕਰਨਾ ਸ਼ੁਰੂ ਕਰ ਦੇਣਗੇ। ਸੜਕੀ ਦੁਰਘਟਨਾਵਾਂ ਨੂੰ ਰੋਕਣ ਅਤੇ ਆਮ ਲੋਕਾਂ ਨੂੰ ਡਰਾਇਵਿੰਗ ਦੀ ਸਿਖਲਾਈ ਤੇ ਆਵਜਾਈ ਨਿਯਮਾਂ ਦੀ ਜਾਣਕਾਰੀ ਦੇਣ ਲਈ ਇਹ ਡਰਾਇਵਿੰਗ ਸੈਂਟਰ ਬਹੁਤ ਉਪਯੋਗੀ ਸਾਬਤ ਹੋਣਗੇ।
ਜਲ ਸਪਲਾਈ ਦੇ ਪ੍ਰੋਜੈਕਟ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਮੁਹੱਈਆ ਕਰਾਉਣ ਦੇ ਵਾਅਦੇ ਨੂੰ ਪੂਰਿਆਂ ਕਰਦਿਆਂ ਸਾਲ 2015 ‘ਚ ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਫਤਹਿਗੜ੍ਹ ਚੂੜੀਆਂ ਸ਼ਹਿਰਾਂ ਸਮੇਤ ਪਿੰਡਾਂ ਵਿੱਚ ਵੀ ਨਵੀਆਂ ਜਲ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਬਟਾਲਾ ਸ਼ਹਿਰ ‘ਚ ਜਲ ਸਪਲਾਈ ਯੋਜਨਾ ‘ਤੇ 21.50 ਕਰੋੜ ਰੁਪਏ, ਫਤਿਹਗੜ੍ਹ ਚੂੜੀਆਂ ‘ਚ ਜਲ ਸਪਲਾਈ ‘ਤੇ 14 ਕਰੋੜ ਰੁਪਏ ਅਤੇ ਕਾਦੀਆਂ ਸ਼ਹਿਰ ‘ਚ 1.23 ਕਰੋੜ ਰੁਪਏ ਖਰਚ ਕੇ ਸ਼ਹਿਰ ਵਾਸੀਆਂ ਨੂੰ ਸ਼ੁੱਧ ਜਲ ਸਪਲਾਈ ਮੁਹੱਈਆ ਕਰਾਈ ਗਈ ਹੈ। ਇਸਦੇ ਨਾਲ ਹੀ ਸੂਬਾ ਸਰਕਾਰ ਨੇ ਸ੍ਰੀ ਹਰਗੋਬਿੰਦਪੁਰ ਸ਼ਹਿਰ ‘ਚ 9.82 ਕਰੋੜ ਖਰਚ ਕਰਕੇ 100 ਫੀਸਦੀ ਅਬਾਦੀ ਨੂੰ ਜਲ ਸਪਲਾਈ ਤੇ ਸੀਵਰੇਜ ਦੀ ਸਹੂਲਤ ਮੁਹੱਈਆ ਕਰਾਈ ਹੈ।
ਵਿਕਾਸ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਆਉਣ ਵਾਲੇ ਸਾਲ 2016 ‘ਚ ਵੀ ਜਾਰੀ ਰਹਿਣਗੀਆਂ ਅਤੇ ਰਾਜ ਸਰਕਾਰ ਵੱਲੋਂ ਆਉਣ ਵਾਲੇ ਵਰ੍ਹੇ ‘ਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ।
Punjab Post Daily Online Newspaper & Print Media