
ਅੰਮ੍ਰਿਤਸਰ, 29 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗਰੰਥ ਸਾਹਿਬ ਭਵਨ ਦੇ ਸੈਮੀਨਾਰ ਹਾਲ ਵਿਖੇ ਸਮਕਾਲੀ ਜਗਤ ਵਿਚ ਬਹੁਪੱਖੀ ਪਹਿਚਾਨਾਂ ਦੀ ਸਮੱਸਿਆ ਵਿਸ਼ੇ ਤੇ ਤਿੰਨ ਰੋਜ਼ਾ ਫ਼ਿਲਾਸਫ਼ੀ ਅਧਿਆਪਕਾਂ ਦੀ ਮਿਲਣੀ ਅੱਜ ਇਥੇ ਆਰੰਭ ਹੋ ਗਈ। ਇਹ ਮਿਲਣੀ ਗੁਰੂ ਅਧਿਐਨ ਵਿਭਾਗ ਵਲੋਂ ਇੰਡੀਅਨ ਕੌਂਸਲ ਆਫ ਫ਼ਿਲਾਸਫ਼ੀਕਲ ਰਿਸਰਚ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।ਇਸ ਮਿਲਣੀ ਵਿਚ ਦੇਸ਼ ਦੇ ਵੱਖ ਵੱਖ ਕੋਨਿਆ ਤੋ 65 ਵਿਸ਼ਾ ਮਾਹਿਰ ਭਾਗ ਲੈ ਰਹੇ ਹਨ।
ਵਾਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਵੱਲੋ ਉਦਘਾਟਨ ਕੀਤਾ ਗਿਆ ਅਤੇ ਪ੍ਰੋ. ਸਤਿਆਪਾਲ ਗੌਤਮ, ਡਾਇਰੈਕਟਰ ਸੈਂਟਰ ਫਾਰ ਫ਼ਿਲਾਸਫ਼ੀ, ਜੇ.ਐਨ.ਯੂ ਨਵੀਂ ਦਿੱਲੀ ਨੇ ਕੁੰਜੀਵਤ ਭਾਸ਼ਣ ਦਿੱਤਾ। ਵਿਭਾਗ ਦੀ ਮੁਖੀ ਪ੍ਰੋ. ਸ਼ਸ਼ੀ ਬਾਲਾ, ਨੇ ਮੁਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆ ਕਿਹਾ।
ਪ੍ਰੋ. ਬਰਾੜ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਬੇਸ਼ੱਕ ਆਜ਼ਾਦੀ ਦੇ ਪਿਛਲੇ 68 ਸਾਲਾਂ ਤੋਂ ਦੇਸ਼ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈ ਪਰ ਅੱਜ ਵੀ ਅਸੀਂ ਧਾਰਮਿਕ ਝਗੜੇ, ਅਸਹਿਣਸ਼ੀਲਤਾ ਅਤੇ ਮੂਲਵਾਦ ਵਰਗੀਆਂ ਸਮੱਸਿਆਵਾਂ ਦੇ ਹੱਲ ਲੱਭਣ ਵਿਚ ਅਸਮਰੱਥ ਰਹੇ ਹਾਂ। ਉਨ੍ਹਾਂ ਨੇ ਆਖਿਆ ਕਿ ਬਹੁ-ਪੱਖੀ ਪਹਿਚਾਣ ਦੀ ਸਮੱਸਿਆ ਦੇ ਸੰਕਟ ਦਾ ਹੱਲ ਜੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੰਦੇਸ਼ ਵਿਚ ਦੱਸਿਆ ਸੀ, ਉਸਨੂੰ ਅਸੀਂ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕੇ।ਪ੍ਰੋ. ਗੌਤਮ, ਡਾਇਰੈਕਟਰ ਸੈਂਟਰ ਫਾਰ ਫ਼ਿਲਾਸਫ਼ੀ, ਜੇ.ਐਨ.ਯੂ. ਨਵੀਂ ਦਿੱਲੀ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਉਪਭੋਗਤਾਵਾਦ ਅਤੇ ਵਿਸ਼ਵੀਕਰਨ ਦੇ ਵਧਦੇ ਪ੍ਰਭਾਵਾਂ ਕਰਕੇ ਸਵੈ ਦੀ ਪਹਿਚਾਣ ਮੌਜੂਦਾ ਹਾਲਾਤ ਵਿਚ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਬੁੱਧ, ਸੂਫੀ ਅਤੇ ਸਿੱਖ ਦਰਸ਼ਨ ਨੇ ਸਾਨੂੰ ਪਹਿਚਾਣ ਦੇ ਸੰਕਟ ਨੂੰ ਦੂਰ ਕਰਨ ਲਈ ਅਮਲੀ ਰੂਪ ਵਿਚ ਨਵੇਂ ਰਾਹ ਦੱਸੇ।ਅੱਜ ਸਾਨੂੰ ਆਪਣੇ ਸਮਕਾਲੀ ਜਗਤ ਵਿਚ ਅਨੇਕਤਾ ਅਤੇ ਵਿਭਿੰਨਤਾ ਵਾਲੀਆਂ ਪਹਿਚਾਣਾਂ ਨੂੰ ਸਵੀਕਾਰਨ ਦੀ ਲੋੜ ਹੈ।
ਪ੍ਰੋ. ਐਮ.ਪੀ. ਸਿੰਘ, ਮੈਂਬਰ ਸੈਕਟਰੀ, ਇੰਡੀਅਨ ਕੌਂਸਲ ਆਫ ਫ਼ਿਲਾਸਫ਼ੀਕਲ ਰਿਸਰਚ ਨੇ ਪ੍ਰਧਾਨਗੀ ਭਾਸ਼ਣ ਵਿਚ ਆਖਿਆ ਕਿ ਅਜੋਕੇ ਸੰਸਾਰ ਵਿਚ ਭੇਦ-ਭਾਵ ਅਤੇ ਝਗੜਿਆਂ ਨੂੰ ਦੂਰ ਕਰਨ ਲਈ ਦਾਰਸ਼ਨਿਕ ਪਹੁੰਚ ਅਪਨਾਉਣ ਦੀ ਲੋੜ ਹੈ। ਆਪਣੇ ਬਜ਼ੁਰਗਾਂ ਦੀ ਵਿਰਾਸਤ ਅਤੇ ਸਭਿਆਚਾਰ ਨੂੰ ਉੱਚਾ ਚੁੱਕਣ ਲਈ ਸਾਨੂੰ ਆਪਣੇ ਸਵੈ ਨੂੰ ਵਿਸਤਾਰਨਾ ਚਾਹੀਦਾ ਹੈ।ਪ੍ਰੋ. ਸ਼ਸ਼ੀ ਬਾਲਾ ਨੇ ਆਏ ਹੋਏ ਮਹਿਮਾਨਾਂ ਅਤੇ ਡੈਲੀਗੇਟਸ ਨੂੰ ਜੀ ਆਇਆਂ ਆਖਿਆ ਅਤੇ ਸੈਮੀਨਾਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Punjab Post Daily Online Newspaper & Print Media