
ਪਠਾਨਕੋਟ, 29 ਦਸੰਬਰ (ਪ.ਪ)- ਸਾਲ 2015 ਦੇ ਦੌਰਾਨ ਪੰਜਾਬ ਸਰਕਾਰ ਵਲੋਂ ਜਿਲ੍ਹਾ ਪਠਾਨਕੋਟ ਵਿੱਚ ਵਿਕਾਸ ਦੇ ਛੇ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ। ਇਹ ਸਾਰੇ ਪ੍ਰਾਜੈਕਟ ਅਗਲੇ ਸਾਲ 2016 ਵਿੱਚ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਵਿੱਚੋ 12 ਕਰੋੜ ਰੁਪਏ ਦੀ ਲਾਗਤ ਨਾਲ ਲਮੀਨੀ ਵਿਖੇ ਸਰਕਾਰੀ ਕਾਲਜ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜੋ 85 ਪ੍ਰਤੀਸ਼ਤ ਪੂਰਾ ਹੋ ਚੁੱਕਾ ਹੈ ਅਤੇ ਸਾਲ 2016 ਦੇ ਦੌਰਾਨ ਇਥੇ ਪੜਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸੁਜਾਨਪੁਰ ਵਿਖੇ ਵੀ 13.50 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਕਾਲਜ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
ਡਿਪਟੀ ਸਪੀਕਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 46 ਕਰੋੜ ਰੁਪਏ ਦੀ ਲਾਗਤ ਨਾਲ ਮਲਿਕਪੁਰ (ਪਠਾਨਕੋਟ) ਵਿਖੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉਸਾਰੀ ਕਰਵਾਈ ਜਾ ਰਹੀ ਹੈ ਜਿਸ ਦੇ ਬਣਨ ਦੇ ਨਾਲ ਹੁਣ ਲੋਕਾਂ ਨੂੰ ਇੱਕ ਹੀ ਛੱਤ ਹੇਠ ਸਾਰੀਆਂ ਸਰਕਾਰੀ ਸੇਵਾਵਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਅੰਦਰ ਪੰਜਾਬ ਸਰਕਾਰ ਵੱਲੋਂ 8.50 ਕਰੋੜ ਰੁਪਏ ਦੀ ਲਾਗਤ ਨਾਲ ਲਮੀਨੀ ਵਿਖੇ ਅਧੁਨਿਕ ਖੇਡ ਸਟੇਡੀਅਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਖਿਡਾਰੀਆਂ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਹੀ 6 ਕਰੋੜ ਰੁਪਏ ਦੀ ਲਾਗਤ ਨਾਲ ਆਡੀਟੋਰੀਅਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਲੱਗਣ ਵਾਲੇ ਜਾਮ ਤੋਂ ਮੁਕਤ ਕਰਨ ਦੇ ਲਈ ਬਾਲਮੀਕੀ ਚੌਕ ਪਠਾਨਕੋਟ ਵਿਖੇ 8.22 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਪਿੰਗ ਕੰਪਲੈਕਸ ਕਮ ਪਾਰਕਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸਾਲ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
ਡਿਪਟੀ ਸਪੀਕਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਵਿਸ਼ੇਸ਼ ਜ਼ਰੂਰਤਾਂ ਵਾਲੇ ਲੋਕਾਂ ਨੂੰ 50000 ਰੁਪਏ ਤੱਕ ਮੁਫ਼ਤ ਇਲਾਜ ਹਸਪਤਾਲਾਂ ਵਿੱਚ ਕਰਵਾਉਣ ਲਈ 42000 ਸਮਾਰਟ ਕਾਰਡ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਵਿਚੋਂ 14500 ਲਾਭਪਾਤਰੀਆਂ ਦੇ ਸਿਹਤ ਬੀਮੇ ਸਬੰਧੀ ਸਮਾਰਟ ਕਾਰਡ ਬਣਾਏ ਗਏ ਹਨ ਅਤੇ ਬਾਕੀ ਰਹਿੰਦੇ ਕਾਰਡ ਵੀ ਮਿੱਥੇ ਸਮੇਂ ਵਿੱਚ ਬਣਾ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਅਧੀਨ 4950 ਮੁਫ਼ਤ ਸਾਇਕਲ ਦਿੱਤੇ ਜਾਣੇ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 3005 ਵਿਦਿਆਰਥਣਾਂ ਨੂੰ ਸਾਇਕਲ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ ਵਿਦਿਆਰਥਣਾਂ ਨੂੰ ਇਸ ਸ਼ੈਸ਼ਨ ਦੇ ਦੌਰਾਨ ਹੀ ਸਾਇਕਲ ਦਿੱਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨੂੰ ਖੁੱਲ੍ਹੇ ਵਿੱਚ ਜੰਗਲ ਪਾਣੀ ਜਾਣ ਤੋਂ ਮੁਕਤ ਬਣਾਉਣ ਲਈ ਜ਼ਿਲ੍ਹੇ ਦੇ 60 ਪਿੰਡਾਂ ਵਿੱਚ 2582 ਪਖਾਨੇ ਬਣਾਏ ਜਾ ਰਹੇ ਹਨ। ਜਿਸ ਅਧੀਨ ਪ੍ਰਤੀ ਪਖਾਨੇ ਦੀ ਉਸਾਰੀ ‘ਤੇ ਸਰਕਾਰ ਵੱਲੋਂ 15 ਹਜਾਰ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ੍ਹੇ ਦੇ 15 ਸਰਕਾਰੀ ਸਕੂਲਾਂ ਵਿੱਚ 17.30 ਲੱਖ ਰੁਪਏ ਖਰਚ ਕਰਕੇ ਪਖਾਨਿਆਂ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ।
ਡਿਪਟੀ ਸਪੀਕਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਉੁੱਚਾ ਚੁੱਕਣ ਲਈ ਜਿਲ੍ਹਾ ਪਠਾਨਕੋਟ ਦੇ 34 ਸਰਕਾਰੀ ਸਕੂਲਾਂ ਵਿੱਚ 1 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਆਰਟ ਐਂਡ ਕਰਾਫਟ ਕਮਰਿਆਂ ਦਾ ਨਿਰਮਾਣ ਕਰਵਾਇਆ ਹੈ ਅਤੇ ਜਿਲ੍ਹੇ ਦੇ 14 ਸਕੂਲਾਂ ਵਿੱਚ 98 ਲੱਖ ਰੁਪਏ ਖਰਚ ਕਰਕੇ ਲਾਇਬ੍ਰੇਰੀਆਂ ਦਾ ਨਿਰਮਾਣ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 72 ਸਰਕਾਰੀ ਸਕੂਲਾਂ ਦੀ ਰਿਪੇਅਰ ‘ਤੇ ਪ੍ਰਤੀ ਸਕੂਲ ਨੂੰ 25000 ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਅਤੇ ਜਿਲ੍ਹੇ ਦੇ 71 ਸਕੂਲਾਂ ਵਿੱਚ ਪੜ੍ਹਣ ਵਾਲੀਆਂ 5071 ਵਿਦਿਆਰਥਣਾਂ ਨੂੰ ਆਤਮ ਰੱਖਿਆ ਲਈ ਕਰਾਟੇ ਟਰੇਨਿੰਗ ‘ਤੇ 6 ਲੱਖ 38 ਹਜ਼ਾਰ 982 ਰੁਪਏ ਖਰਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਵਿਸ਼ੇਸ ਜਰੂਰਤਾਂ ਵਾਲੇ 27 ਸਕੂਲਾਂ ਦੇ 271 ਵਿਦਿਆਰਥੀਆਂ ਨੂੰ 6 ਲੱਖ 15 ਹਜ਼ਾਰ 650 ਖਰਚ ਕਰਕੇ ਵਰਦੀਆਂ, ਕਿਤਾਬਾਂ ਅਤੇ ਹੋਰ ਪਾਠਣ ਸਮੱਗਰੀ ਵੰਡੀ ਗਈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਚਾਰ ਸਰਕਾਰੀ ਸਕੂਲਾਂ ਵਿੱਚ 34 ਲੱਖ ਰੁਪਏ ਖਰਚ ਕਰਕੇ ਵੋਕੇਸ਼ਨਲ ਸਿੱਖਿਆ ਲਈ ਲੈਬਾਂ ਬਣਾਈਆਂ ਗਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਵਧੀਆ ਆਵਾਜਾਈ ਮੁਹਈਆ ਕਰਵਾਉਣ ਲਈ 44 ਕਰੋੜ ਰੁਪਏ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਅਤੇ ਮੁਰੰਮਤ ‘ਤੇ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਠਾਨਕੋਟ ਦੇ ਸਰਵਪੱਖੀ ਵਿਕਾਸ ਲਈ 15 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਸਮਰਪਿਤ ਚੌਥਾ ਪਸ਼ੂ ਧੰਨ ਚੈਂਪੀਅਨਸਿੱਪ ਅਤੇ ਦੁੱਧ ਚੁਆਈ ਮੁਕਾਬਲੇ ਕਰਵਾ ਕੇ ਜੇਤੂ ਪਸ਼ ਪਾਲਕਾਂ ਨੂੰ ਸਾਢੇ ਪੰਜ ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪੈਨਸ਼ਨ ਸਕੀਮਾਂ ਅਧੀਨ 36240 ਲਾਭਪਾਤਰੀਆਂ ਨੂੰ ਜਨਵਰੀ ਤੋਂ ਅਕਤੂਬਰ, 2015 ਤੱਕ 5 ਕਰੋੜ 63 ਲੱਖ ਰੁਪਏ ਦੀ ਪੈਨਸ਼ਨ ਰਾਸ਼ੀ ਵੰਡੀ ਗਈ ਹੈ।
Punjab Post Daily Online Newspaper & Print Media