Wednesday, February 25, 2026

ਮੁੱਖ ਮੰਤਰੀ ਬਾਦਲ ਬਟਾਲਾ ਵਾਸੀਆਂ ਨੂੰ ਆਡੀਟੋਰੀਅਮ ਦੇ ਰੂਪ ਦੇਣਗੇ ਨਵੇਂ ਸਾਲ ਦਾ ਤੋਹਫਾ

U
U

ਬਟਾਲਾ, 30 ਦਸੰਬਰ (ਨਰਿੰਦਰ ਸਿੰਘ ਬਰਨਾਲ)- ਨਵੇਂ ਸਾਲ ਦੇ ਮੌਕੇ ਬਟਾਲਾ ਵਾਸੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਆਡੀਟੋਰੀਅਮ ਦੇ ਰੂਪ ਵਿੱਚ ਖੂਬਸੂਰਤ ਤੋਹਫਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਏ ਖਰਚ ਕਰ ਕੇ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦਗਾਰ ਨੂੰ ਅਤਿ ਆਧੁਨਿਕ ਆਡੀਟੋਰੀਅਮ ਦਾ ਰੂਪ ਦਿੱਤਾ ਗਿਆ ਹੈ ਜੋ ਕਿ ਆਪਣੇ ਉਦਘਾਟਨ ਲਈ ਬਿਲਕੁਲ ਤਿਆਰ ਹੈ।ਐੱਸ.ਡੀ.ਐੱਮ. ਬਟਾਲਾ ਸ੍ਰੀ ਸੌਰਬ ਅਰੋੜਾ ਨੇ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਬਟਾਲਾ ‘ਚ ਹਰ ਉਹ ਸਹੂਲਤ ਮੁਹੱਈਆ ਕਰਾਈ ਗਈ ਹੈ ਜੋ ਕਿ ਇੱਕ ਆਧੁਨਿਕ ਆਡੀਟੋਰੀਅਮ ਵਿੱਚ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ਦੇ ਅੰਦਰੂਨੀ ਭਾਗ ਵਿੱਚ ਕੰਧਾਂ ਅਤੇ ਛੱਤ ਦੀ ਸੀਲਿੰਗ ਕਰਕੇ ਇਸਨੂੰ ਖੂਬਸੂਰਤ ਰੂਪ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਸਾਰੇ ਹਾਲ ਵਿੱਚ ਵਧੀਆ ਕਿਸਮ ਦਾ ਮੈਟ ਲਗਾਇਆ ਗਿਆ ਹੈ। ਸ੍ਰੀ ਅਰੋੜਾ ਨੇ ਦੱਸਿਆ ਕਿ ਆਡੀਟੋਰੀਅਮ ਵਿੱਚ ਦਰਸ਼ਕਾਂ ਦੇ ਬੈਠਣ ਲਈ ਅਰਾਮਦਾਇਕ 250 ਲਗਜ਼ਰੀ ਕੁਰਸੀਆਂ ਲਗਾਈਆਂ ਗਈਆਂ ਹਨ। ਇਸਤੋਂ ਇਲਾਵਾ ਸਾਰਾ ਆਡੀਟੋਰੀਅਮ ਫਾਇਰ ਪਰੂਫ ਬਣਾਇਆ ਗਿਆ ਹੈ। ਚੱਲਦੇ ਪ੍ਰੋਗਰਾਮ ਦੌਰਾਨ ਬਾਹਰੋਂ ਕੋਈ ਸ਼ੋਰ-ਸ਼ਰਾਬਾ ਨਾ ਆਵੇ ਇਸ ਲਈ ਆਡੀਟੋਰੀਅਮ ਦੇ ਅੰਦਰੂਨੀ ਭਾਗ ਨੂੰ ਸਾਊਂਡ ਪਰੂਫ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦਾ ਸਮੁੱਚਾ ਹਾਲ ਵਾਤਾਅਨਕੂਲ ਹੈ ਅਤੇ ਇਸ ਮਕਸਦ ਲਈ ਇੱਕ ਵੱਡਾ ਏ.ਸੀ. ਯੂਨਿਟ ਵੀ ਲਗਾਇਆ ਗਿਆ ਹੈ।
ਐੱਸ.ਡੀ.ਐੱਮ. ਸ੍ਰੀ ਸੌਰਵ ਅਰੋੜਾ ਨੇ ਅੱਗੇ ਦੱਸਿਆ ਕਿ ਆਡੀਟੋਰੀਅਮ ਦੀ ਸਟੇਜ ਬਹੁਤ ਹੀ ਖੂਬਸੂਰਤ ਬਣਾਈ ਗਈ ਹੈ ਅਤੇ ਸਟੇਜ ਦੇ ਪਿਛਲੇ ਹਿੱਸੇ ‘ਤੇ ਇੱਕ ਵੱਡਾ ਸਫੈਦ ਪਰਦਾ ਲਗਾਇਆ ਗਿਆ ਹੈ ਜਿਸ ਉਪਰ ਪ੍ਰੋਜੈਕਟਰ ਦੇ ਜਰੀਏ ਫਿਲਮ ਵੀ ਦਿਖਾਈ ਜਾ ਸਕਦੀ ਹੈ। ਸਟੇਜ ਦੇ ਪਰਦੇ ਸਵੈ-ਚਲਤ ਹਨ ਅਤੇ ਸਟੇਜ ਉੱਪਰ ਉੱਚ ਤਕਨੀਕ ਦੀ ਲਾਇਟਿੰਗ ਦੀ ਸਹੂਲਤ ਵੀ ਉਪਲੱਬਧ ਹੈ। ਸਾਰੇ ਹਾਲ ਵਿੱਚ ਉੱਚ ਤਕਨੀਕ ਦਾ ਸਾਊਂਡ ਸਿਸਟਮ ਲਗਾਇਆ ਗਿਆ ਹੈ। ਸ੍ਰੀ ਅਰੋੜਾ ਨੇ ਦੱਸਿਆ ਕਿ ਸਮੁੱਚੇ ਹਾਲ ਵਿੱਚ ਇਸ ਕਿਸਮ ਦੀ ਲਾਈਟਿੰਗ ਕੀਤੀ ਗਈ ਹੈ ਜੋ ਕਿ ਆਡੀਟੋਰੀਅਮ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੀ ਹੈ। ਇਸ ਤੋਂ ਇਲਾਵਾ ਆਡੀਟੋਰੀਅਮ ਵਿੱਚ ਇੱਕ ਕੰਟਰੋਲ ਰੂਮ ਬਣਾਇਆ ਗਿਆ ਜਿਥੋਂ ਸਾਰਾ ਸਾਊਂਡ, ਲਾਈਟਿੰਗ ਅਤੇ ਸਟੇਜ ਨੂੰ ਸੰਚਾਲਤ ਕੀਤਾ ਜਾਵੇਗਾ। ਸ੍ਰੀ ਅਰੋੜਾ ਨੇ ਦੱਸਿਆ ਕਿ ਆਡੀਟੋਰੀਅਮ ਦੇ ਬਾਹਰੀ ਭਾਗ ਨੂੰ ਵਧੀਆ ਤੇ ਨਵੀਂ ਦਿੱਖ ਦਿੱਤੀ ਗਈ ਹੈ ਅਤੇ ਬਾਹਰਲੇ ਵਿਹੜੇ ‘ਚ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ। ਇਸਦੇ ਨਾਲ ਬਾਗਬਾਨੀ ਵਿਭਾਗ ਵੱਲੋਂ ਪਿਛਲੇ ਹਿੱਸੇ ‘ਚ ਖੂਬਸੂਰਤ ਲੈਂਡ ਸਕੇਪਿੰਗ ਕਰਕੇ ਬਹਾਰ ਰੁੱਤ ‘ਚ ਖੂਬਸੂਰਤ ਫੁੱਲ-ਬੂਟੇ ਲਗਾਏ ਜਾਣਗੇ।  ਸ੍ਰੀ ਅਰੋੜਾ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਬਟਾਲਾ ਆਪਣੇ ਉਦਘਾਟਨ ਲਈ ਪੂਰੀ ਤਰਾਂ ਤਿਆਰ ਹੈ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ 2 ਜਨਵਰੀ ਨੂੰ ਇਸਨੂੰ ਲੋਕ ਅਰਪਣ ਕਰਨਗੇ। ਉਨ੍ਹਾਂ ਕਿਹਾ ਕਿ ਸ਼ਿਵ ਦੀ ਇਹ ਯਾਦਗਾਰ ਸ਼ਿਵ ਦੀਆਂ ਕਵਿਤਾਵਾਂ ਵਾਂਗ ਹੀ ਖੂਬਸੂਰਤ ਹੈ ਅਤੇ ਇਹ ਯਾਦਗਾਰ ਸਾਹਿਤਕ ਸਰਗਰਮੀਆਂ ਦਾ ਕੇਂਦਰ ਹੋ ਨਿਭੜੇਗੀ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply