Friday, March 6, 2026

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ‘ਚ ਮੱਛੀ ਪਾਲਣ ਧੰਦੇ ਨੂੰ ਅਪਨਾਉਣ ਲੱਗੇ ਕਿਸਾਨ

PPN0901201601

ਬਟਾਲਾ, 9 ਜਨਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵੱਲੋਂ ਨੀਲੀ ਕ੍ਰਾਂਤੀ ਤਹਿਤ ਕਿਸਾਨ ਵੀਰਾਂ ਨੂੰ ਮੱਛੀ ਪਾਲਣ ਦਾ ਧੰਦਾ ਅਪਨਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ, ਜਿਸਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ‘ਚ ਇਸਦੇ ਹਾਂ-ਪੱਖੀ ਨਤੀਜੇ ਦੇਖਣ ਨੂੰ ਮਿਲੇ ਹਨ। ਸਾਲ 2015 ਦੌਰਾਨ 77.85 ਹੈਕਟੇਅਰ ਰਕਬਾ ਮੱਛੀ ਪਾਲਣ ਦੇ ਅਧੀਨ ਨਵਾਂ ਆਇਆ ਹੈ ਜੋ ਕਿ ਕਿਸਾਨਾਂ ਦਾ ਇਸ ਧੰਦੇ ਪ੍ਰਤੀ ਲਗਾਅ ਨੂੰ ਦਰਸਾਉਂਦਾ ਹੈ।
ਮੱਛੀ ਪਾਲਣ ਧੰਦੇ ਸਬੰਧੀ ਵਧੇਰੇ ਜਾਣਕਾਰੀ ਦੇਂਦਿਆਂ ਮੱਛੀ ਪਾਲਣ ਵਿਸਥਾਰ ਅਫਸਰ ਡਾ. ਸਰਵਣ ਸਿੰਘ ਨੇ ਦੱਸਿਆ ਕਿ ਸਾਲ 2015 ਦੌਰਾਨ 132 ਵਿਅਕਤੀਆਂ ਨੇ ਮੱਛੀ ਪਾਲਣ ਧੰਦੇ ਦੀ ਵਿਭਾਗ ਕੋਲੋਂ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਸਿਖਲਾਈ ਹਾਸਲ ਕਰਨ ਵਾਲੇ ਵਿਅਕਤੀ ਵਿੱਚੋਂ ਬਹੁਤੇ ਨੌਜਵਾਨ ਹਨ ਜੋ ਮੱਛੀ ਪਾਲਣ ਦੇ ਧੰਦੇ ਨੂੰ ਨਵੀਆਂ ਨਕਨੀਕਾਂ ਨਾਲ ਸ਼ੁਰੂ ਕਰਨ ਦੇ ਇਛੁੱਕ ਸਨ। ਡਾ. ਸਰਵਣ ਸਿੰਘ ਨੇ ਦੱਸਿਆ ਬੀਤੇ ਵਰ੍ਹੇ ਜ਼ਿਲ੍ਹਾ ਗੁਰਦਾਸਪੁਰ ਵਿੱਚ 77.85 ਹੈਕਟੇਅਰ ਨਵਾਂ ਰਕਬਾ ਮੱਛੀ ਪਾਲਣ ਦੇ ਅਧੀਨ ਆਇਆ ਹੈ ਜੋ ਕਿ ਸਰਕਾਰ ਦੀਆਂ ਇਸ ਧੰਦੇ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ਾਂ ਦੇ ਮੱਦੇਨਜ਼ਰ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹੇ ਵੱਖ-ਵੱਖ ਵਿਅਕਤੀਆਂ ਨੂੰ ਜਿਨ੍ਹਾਂ ਨੇ ਵਿਭਾਗ ਕੋਲੋਂ ਮੱਛੀ ਪਾਲਣ ਦੀ ਸਿਖਲਾਈ ਪ੍ਰਾਪਤ ਕੀਤੀ ਸੀ ਅਤੇ ਉਹ ਆਪਣਾ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਸਨ ਨੂੰ 23.76 ਲੱਖ ਰੁਪਏ ਦੇ ਕਰਜ਼ੇ ਸਸਤੀਆਂ ਵਿਆਜ ਦਰਾਂ ‘ਤੇ ਬੈਂਕਾਂ ਕੋਲੋਂ ਲੈ ਕੇ ਦਿੱਤੇ ਗਏ ਹਨ।
ਮੱਛੀ ਪਾਲਣ ਵਿਸਥਾਰ ਅਫਸਰ ਸ਼ਰਵਣ ਸਿੰਘ ਨੇ ਅੱਗੇ ਦੱਸਿਆ ਕਿ ਮੱਛੀ ਪਾਲਣ ਇੱਕ ਬਹੁਤ ਹੀ ਲਾਹੇਵੰਦਾ ਧੰਦਾ ਹੈ ਅਤੇ ਕੋਈ ਵੀ ਕਿਸਾਨ ਇਸ ਨੂੰ ਅਸਾਨੀ ਨਾਲ ਕਰਕੇ ਚੋਖਾ ਮੁਨਾਫਾ ਕਮਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਲਈ ਨਵੇਂ ਛੱਪੜਾਂ ਦੀ ਪੁਟਾਈ ਜਾਂ ਉਸਾਰੀ ਲਈ ਪ੍ਰਤੀ ਕਟੇਅਰ ਪਿੱਛੇ 3 ਲੱਖ ਰੁਪਏ ਦਾ ਕਰਜਾ ਲੈਣ ‘ਤੇ ਜਨਰਲ ਵਰਗ ਨੂੰ 60 ਹਜ਼ਾਰ ਰੁਪਏ ਅਤੇ ਐੱਸ.ਸੀ. ਜਾਂ ਐੱਸ.ਟੀ. ਨੂੰ 75 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਡਾ. ਸਰਵਣ ਸਿੰਘ ਨੇ ਅੱਗੇ ਦੱਸਿਆ ਕਿ ਛੱਪੜ ਤਿਆਰ ਕਰਨ ਉਪਰੰਤ ਪਹਿਲੇ ਸਾਲ ਲਈ ਇਨਪੁਟਸ ਦੀ ਖ੍ਰੀਦ ਵਾਸਤੇ ਬੈਂਕ ਕੋਲੋਂ 50 ਹਜ਼ਾਰ ਰੁਪਏ ਦਾ ਕਰਜਾ ਲੈਣ ‘ਤੇ ਜਨਰਲ ਵਰਗ ਨੂੰ 10 ਹਜ਼ਾਰ ਅਤੇ ਐੱਸ.ਸੀ. ਵਰਗ ਨੂੰ 12,500 ਰੁਪਏ ਦੀ ਸਬਸਿਡੀ ਕਰਜੇ ਦੀ ਰਕਮ ਉੱਪਰ ਦੇਣ ਦੀ ਯੋਜਨਾ ਵੀ ਹੈ। ਇਸੇ ਤਰ੍ਹਾਂ ਫਿਸ-ਫੀਡ ਯੂਨਿਟ ਸਥਾਪਿਤ ਕਰਨ ਲਈ 7.5 ਲੱਖ ਰੁਪਏ ਦਾ ਕਰਜਾ ਲੈਣ ‘ਤੇ 1.5 ਲੱਖ ਰੁਪਏ ਦੀ ਸਬਸਿਡੀ ਸਰਕਾਰ ਵੱਲੋਂ ਉਦਮੀਆਂ ਨੂੰ ਦਿੱਤੀ ਜਾਂਦੀ ਹੈ। ਡਾ. ਸਰਵਣ ਸਿੰਘ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਮਦਨ ‘ਚ ਵਾਧਾ ਕਰਨ ਲਈ ਮੱਛੀ ਪਾਲਣ ਦੇ ਧੰਦੇ ਨੂੰ ਅਪਨਾਉਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply