ਬਟਾਲਾ/ਗੁਰਦਾਸਪੁਰ, 11 ਜਨਵਰੀ (ਨਰਿੰਦਰ ਸਿੰਘ ਬਰਨਾਲ)- ਸਰਕਾਰ ਵੱਲੋਂ ਬੱਚੀਆਂ ਦੀ ਉੱਚ ਸਿੱਖਿਆ ਅਤੇ ਉਨ੍ਹਾਂ ਦੇ ਵਿਆਹ ਲਈ ਧਨ ਦੀ ਬਚਤ ਕਰਨ ਲਈ ਇਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਗਈ ਹੈ। ‘ਸੁਕੰਨਿਆ ਸਮ੍ਰਿਦੀ’ ਨਾਮਕ ਇਸ ਯੋਜਨਾ ਤਹਿਤ ਲੋਕ ਆਪਣੀਆਂ ਬੱਚੀਆਂ ਦੇ ਜਨਮ ਸਮੇਂ ਡਾਕ ਘਰਾਂ ਵਿਚ ਬੱਚਤ ਖ਼ਾਤਾ ਖੁਲ੍ਹਵਾ ਸਕਣਗੇ ਅਤੇ ਇਸ ਖਾਤੇ ਵਿਚ ਜਮ੍ਹਾਂ ਰਾਸ਼ੀ ‘ਤੇ ਸਰਕਾਰ ਵੱਲੋਂ 9.2 ਫੀਸਦੀ ਵਿਆਜ਼ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਘਰ ਬਟਾਲਾ ਦੇ ਮੁੱਖ ਪੋਸਟ ਮਾਸਟਰ ਸ. ਗੁਰਮੁੱਖ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਯੋਜਨਾ ‘ਬੇਟੀ ਬਚਾਓ, ਬੇਟੀ ਪੜਾਓ’ ਤਹਿਤ ‘ਸੁਕੰਨਿਆ ਸਮ੍ਰਿਦੀ’ ਖ਼ਾਤਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਅਧੀਨ ਲੋਕ ਆਪਣੀਆਂ ਬੱਚੀਆਂ ਦੇ ਜਨਮ ਤੋਂ ਲੈ ਕੇ 10 ਸਾਲ ਤੱਕ ਦੀ ਉਮਰ ਤੱਕ ਕਿਸੇ ਵੇਲੇ ਵੀ ਖਾਤਾ ਖੁਲ੍ਹਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਖ਼ਾਤਾ 1000 ਰੁਪਏ ਵਿੱਚ ਖੁਲ੍ਹਵਾਇਆ ਜਾ ਸਕਦਾ ਹੈ ਅਤੇ ਲੜਕੀਆਂ ਦੇ ਨਾਂਮ ‘ਤੇ ਖੋਲ੍ਹੇ ਜਾਣ ਵਾਲੇ ਇਸ ਖਾਤੇ ਵਿਚ ਸਲਾਨਾ 1000 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 1.5 ਲੱਖ ਰੁਪਏ ਤੱਕ ਦੀ ਰਾਸ਼ੀ ਹਰ ਸਾਲ ਜਮ੍ਹਾਂ ਕਰਵਾਈ ਜਾ ਸਕਦੀ ਹੈ, ਜਿਸ ਉੱਪਰ 9.2 ਫੀਸਦੀ ਦੀ ਦਰ ਤੱਕ ਸਰਕਾਰ ਵੱਲੋਂ ਵਿਆਜ਼ ਦਿੱਤਾ ਜਾਵੇਗਾ।
ਪੋਸਟ ਮਾਸਟਰ ਸ. ਗੁਰਮੁੱਖ ਸਿੰਘ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਜਦੋਂ ਬੱਚੀ ਦੀ ਉਮਰ 18 ਸਾਲ ਤੱਕ ਦੀ ਹੋ ਜਾਂਦੀ ਹੈ ਤਾਂ ਜਮ੍ਹਾ ਹੋਈ ਰਾਸ਼ੀ ਵਿਚੋਂ 50 ਫੀਸਦੀ ਰਾਸ਼ੀ ਕੱਢਵਾਈ ਜਾ ਸਕਦੀ ਹੈ ਅਤੇ ਜਦੋਂ ਬੱਚੀ ਦੀ ਉਮਰ 21 ਸਾਲ ਤੱਕ ਹੋ ਜਾਵੇਗੀ ਤਾਂ ਉਸ ਨੂੰ ਜਮ੍ਹਾ ਹੋਈ ਪੂਰੀ ਰਾਸ਼ੀ ਵਿਆਜ ਸਮੇਤ ਮਿਲ ਜਾਵੇਗੀ। ਸ. ਗੁਰਮੁੱਖ ਸਿੰਘ ਨੇ ਅੱਗੇ ਦੱਸਿਆ ਕਿ ਜੇਕਰ ਇਸ ਖਾਤੇ ਵਿਚ ਸਿਰਫ 14 ਸਾਲ ਤੱਕ 1000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 1,68,000 ਰੁਪਏ ਦੀ ਰਾਸ਼ੀ ਲਾਭਪਾਤਰੀ ਵੱਲੋਂ ਜਮ੍ਹਾ ਕਰਵਾਈ ਜਾਂਦੀ ਹੈ ਅਤੇ ਮਾਪੇ ਕਿਸੇ ਕਾਰਨ ਕਰਕੇ ਬਾਕੀ ਸਾਲ ਕੁਝ ਵੀ ਜਮ੍ਹਾ ਨਾ ਕਰ ਸਕਦੇ ਹੋਣ ਤਾਂ ਜਦੋਂ ਬੱਚੀ ਦੀ ਉਮਰ 21 ਸਾਲ ਤੱਕ ਹੋ ਜਾਵੇਗੀ ਤਾਂ ਉਸ ਨੂੰ 6.5 ਲੱਖ ਰੁਪਏ ਦੇ ਲਗਭਗ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਸਾਲ ਖਾਤੇ ਵਿਚ ਘੱਟੋ-ਘੱਟ 1000 ਰੁਪਏ ਦੀ ਰਾਸ਼ੀ ਲਾਭਪਾਤਰੀ ਵੱਲੋਂ ਜਮ੍ਹਾ ਨਹੀਂ ਵੀ ਕਰਵਾਈ ਜਾਂਦੀ ਹੈ ਤਾਂ ਉਸ ਵਿਚ ਕੇਵਲ 50 ਰੁਪਏ ਤੱਕ ਦਾ ਜੁਰਮਾਨਾ ਰੱਖਿਆ ਗਿਆ ਹੈ ਅਤੇ 50 ਰੁਪਏ ਦੇ ਜੁਰਮਾਨੇ ਦੇ ਨਾਲ ਫਿਰ ਤੋਂ ਰਾਸ਼ੀ ਖਾਤੇ ਵਿਚ ਜਮ੍ਹਾਂ ਕਰਵਾਈ ਜਾ ਸਕਦੀ ਹੈ ਅਤੇ ਜਮ੍ਹਾਂ ਰਾਸ਼ੀ ਨੂੰ 9.2 ਫ਼ੀਸਦੀ ਦੀ ਦਰ ਨਾਲ ਹੀ ਵਿਆਜ਼ ਲੱਗੇਗਾ।
ਮੁੱਖ ਪੋਸਟ ਮਾਸਟਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚੀਆਂ ਦੇ ਬੇਹਤਰ ਭਵਿੱਖ ਲਈ ‘ਸੁਕੰਨਿਆ ਸਮ੍ਰਿਦੀ’ ਯੋਜਨਾ ਨੂੰ ਜਰੂਰ ਅਪਨਾਉਣ। ਉਨ੍ਹਾਂ ਕਿਹਾ ਲੋਕ ਇਸ ਯੋਜਨਾ ਦਾ ਲਾਭ ਉਠਾਉਣ ਲਈ ਆਪਣੇ ਨੇੜੇ ਦੇ ਡਾਕਘਰ ‘ਚ ਸੰਪਰਕ ਕਰ ਸਕਦੇ ਹਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media