
ਅੰਮ੍ਰਿਤਸਰ, 11 ਜਨਵਰੀ (ਪ.ਪ)- ਪਾਕਿਸਤਾਨ ਨੇ ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸ ਨੂੰ ਦਾਗ਼ਦਾਰ ਕਰਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਵਿਚ ਗੁਸਤਾਖ਼ੀ ਕੀਤੀ ਹੈ।ਲਾਹੌਰ ਦੇ ਮੁਗ਼ਲ ਸਮਾਰਕਾਂ; ਨੂਰਜਹਾਂ, ਜਹਾਂਗੀਰ ਤੇ ਆਸਫ਼ ਖ਼ਾਂ ਦੇ ਮਕਬਰਿਆਂ ਅਤੇ ਹਜ਼ੂਰੀ ਬਾਗ਼ ਦੀ ਬਾਰਾਂਦਰੀ ਦੇ ਨਵਨਿਰਮਾਣ ਦੇ ਬਾਅਦ ਨਵੇਂ ਵਰ੍ਹੇ ਦੀ ਸ਼ੁਰੂਆਤ ‘ਤੇ ਲਗਾਏ ਗਏ ਹੋਰਡਿੰਗਜ਼ ‘ਤੇ ਇਕ ਵਾਰ ਫਿਰ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸਿੱਖ ਰਾਜ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੁਆਰਾ ਲਗਵਾਏ ਸੰਗਮਰਮਰ ਨੂੰ ਲਾਹੌਰ ਦੇ ਮੁਗ਼ਲ ਸਮਾਰਕਾਂ ਤੋਂ ਉਖੜਵਾ ਕੇ ਲਗਵਾਇਆ ਗਿਆ ਦੱਸਿਆ ਗਿਆ ਹੈ।ਸੋਮਵਾਰ ਨੂੰ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਮਹਾਰਾਜਾ ਰਣਜੀਤ ਸਿੰਘ ਨੂੰ ਭਾਰਤੀ ਵਿਦਿਅਕ ਪੁਸਤਕਾਂ ਸਹਿਤ ਇਤਿਹਾਸ ਵਿਚ ਨਿਰਪੱਖਤਾ ਦੇ ਪ੍ਰਤੀਕ ਦੇ ਰੂਪ ਵਿਚ ਪੜ੍ਹਿਆ ਤੇ ਪੜ੍ਹਾਇਆ ਜਾ ਰਿਹਾ ਹੈ, ਉਸੇ ਮਹਾਰਾਜੇ ਨੂੰ ਸਰਹੱਦ ਪਾਰ ਪਾਕਿਸਤਾਨ ਵਿਚ ਜਨਤਕ ਤੌਰ ‘ਤੇ ‘ਲੁਟੇਰਾ’ ਘੋਸ਼ਿਤ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਹੈਰਾਨੀ ਦੀ ਗਲ ਇਹ ਹੈ ਕਿ ਅੱਜ ਤੱਕ ਕਿਸੇ ਭਾਰਤੀ ਵਿਦਵਾਨ, ਸੰਸਥਾ ਜਾਂ ਸਰਕਾਰ ਨੇ ਇਸ ਤੱਥਹੀਣ ਪ੍ਰਚਾਰ ਦਾ ਵਿਰੋਧ ਨਹੀਂ ਕੀਤਾ।
ਅੰਗਰੇਜ਼ ਲੇਖਕਾਂ ਨੇ ਸ਼ੁਰੂ ਕੀਤਾ ਸੀ ਇਹ ਤੱਥਹੀਣ ਦੁਸ਼-ਪ੍ਰਚਾਰ
ਸ਼੍ਰੀ ਕੋਛੜ ਨੇ ਦੱਸਿਆ ਕਿ ਪਹਿਲੀ ਵਾਰ ਲਾਹੌਰ ਦੇ ਮਿਆਓ ਸਕੂਲ ਆਫ਼ ਆਰਟਸ ਦੁਆਰਾ ਸੰਨ 1860 ਵਿਚ ਪ੍ਰਕਾਸ਼ਿਤ ਪੁਸਤਕ ‘ਟਰੈਵਲਰਜ਼-1860’ (ਸਫ਼ਰਨਾਮਾ) ਵਿਚ ਪੁਸਤਕ ਦੇ ਲੇਖਕਾਂ ਜੇ.ਐਲ. ਕਿਪਲਿੰਗ ਤੇ ਟੀ.ਐਚ. ਥਰਾਨਟਨ ਨੇ ਉਪਰੋਕਤ ਦੋਸ਼ ਲਗਾਏ ਸਨ।ਅੱਗੇ ਚਲ ਕੇ ਇਨ੍ਹਾਂ ਨਿਰਾਧਾਰ ਤੱਥਾਂ ਨੂੰ ਆਧਾਰ ਬਣਾ ਕੇ ਖਾਨ ਬਹਾਦਰ ਸੱਯਦ ਮੁਹੰਮਦ ਲਤੀਫ਼ ਦੀ ਪੁਸਤਕ ‘ਲਾਹੌਰ-1892’, ਲਾਹੌਰ ਡਿਸਟ੍ਰਿਕਟ ਗਜ਼ਟੀਅਰ ਸਹਿਤ ਕਰੀਬ ਹਰੇਕ ਪੁਸਤਕ ਵਿਚ ਪ੍ਰਕਾਸ਼ਿਤ ਕੀਤਾ ਗਿਆ।ਇਸ ਦੇ ਨਾਲ ਹੀ ਇਨ੍ਹਾਂ ਤੱਥਾਂ ਨੂੰ ਪਾਕਿਸਤਾਨ ਵਿਚ ਲਾਹੌਰ ਦੇ ਸੰਬੰਧ ਵਿਚ ਪ੍ਰਕਾਸ਼ਿਤ ਹੋਣ ਵਾਲੀ ਹਰ ਪੁਸਤਕ, ਵੈਬ-ਸਾਈਟ ਅਤੇ ਮੁਗ਼ਲ ਸਮਾਰਕਾਂ ਦੇ ਬਾਹਰ ਹੋਰਡਿੰਗਜ਼ ‘ਤੇ ਵੀ ਪ੍ਰਕਾਸ਼ਿਤ ਕੀਤਾ ਗਿਆ।ਉਹਨਾਂ ਕਿਹਾ ਕਿ ਇਨ੍ਹਾਂ ਹੋਰਡਿੰਗਜ਼ ‘ਤੇ ਅੰਗਰੇਜ਼ੀ ਅਤੇ ਉਰਦੂ ਵਿਚ ਸਾਫ਼ ਤੌਰ ‘ਤੇ ਲਿਖਿਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਸਮਾਰਕਾਂ ਤੋਂ ਸੰਗਮਰਮਰ ਉਤਰਵਾ ਕੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਵਿਚ ਲਗਵਾ ਦਿੱਤਾ ਸੀ।
ਲਾਹੌਰ ਦੇ ਮਕਬਰਿਆਂ ਤੋਂ ਉਤਰਿਆ ਸੰਗਮਰਮਰ ਲਾਹੌਰ ਵਿਚ ਹੀ ਮੌਜੂਦ
ਸ਼੍ਰੀ ਕੋਛੜ ਦੇ ਅਨੁਸਾਰ ਪਾਕਿਸਤਾਨੀ ਪੁਸਤਕਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਸ਼ਾਲਾਮਾਰ ਬਾਗ਼, ਦਿਲਕੁਸ਼ਾ ਬਾਗ਼, ਪਰੀ ਮਹਲ ਅਤੇ ਸੰਗਮਰਮਰੀ ਹਾਊਸ ਸਹਿਤ ਨੂਰਜਹਾਂ, ਜਹਾਂਗੀਰ, ਮਿਰਜ਼ਾ ਅਬੁਲ ਹਸਣ ਆਸਿਫ਼ ਖ਼ਾਂ, ਪਰਵੇਜ਼, ਨਵਾਬ ਬਹਾਦਰ ਸ਼ਾਹ, ਮੂਲਾ ਸ਼ਾਹ, ਜੇਬੂਨੀਸਾ, ਸ਼ਾਹ ਰੁਸਤਮ ਗ਼ਾਜ਼ੀ ਅਤੇ ਸ਼ਾਹ ਸ਼ਰਫ਼ ਦੇ ਮਕਬਰੇ ਤੋਂ ਸੰਗਮਰਮਰ ਉਤਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਲਗਾਉਣ ਦੀ ਜਾਣਕਾਰੀ ਦਰਜ਼ ਹੈ।ਸ਼੍ਰੀ ਕੋਛੜ ਦਾ ਕਹਿਣਾ ਹੈ ਕਿ ਉਹ ਪ੍ਰਮਾਣਿਕ ਦਸਤਾਵੇਜ਼ਾਂ ਦੇ ਆਧਾਰ ‘ਤੇ ਇਹ ਸਾਬਤ ਕਰ ਚੁਕੇ ਹਨ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਬ੍ਰਿਟਿਸ਼ ਸ਼ਾਸਨ ਤੱਕ ਲਾਹੌਰ ਦੇ ਮੁਗ਼ਲ ਸਮਾਰਕਾਂ ਤੋਂ ਜੋ ਸੰਗਮਰਮਰ ਉਤਾਰਿਆ ਗਿਆ ਉਹ ਕੀਤੇ ਹੋਰ ਨਹੀਂ ਸਗੋਂ ਲਾਹੌਰ ਦੇ ਹਜੂਰੀ ਬਾਗ਼ ਦੀ ਬਾਰਾਂਦਰੀ ਸਹਿਤ ਅੰਗਰੇਜ਼ੀ ਸ਼ਾਸਨ ਸਮੇਂ ਲਾਹੌਰ ਵਿੱਚ ਉਸਾਰੇ ਗਏ ਚਰਚਾਂ ‘ਤੇ ਲਗਾਇਆ ਗਿਆ ਹੈ।
ਸ੍ਰੀ ਹਰਿਮੰਦਰ ਸਾਹਿਬ ਵਿੱਚ ਨਹੀਂ ਲੱਗਣ ਦਿੱਤੀ ਸੀ ਭੁਲੇਖੇ ਨਾਲ ਇਸਤੇਮਾਲ ਕੀਤੀ ਗਈ ਚਾਨਣੀ
ਸ਼੍ਰੀ ਕੋਛੜ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਪੌੜੀਆਂ ਅਤੇ ਮੰਦਰ ਦੀਆਂ ਚੌਗਾਠਾਂ ‘ਤੇ ਜੋ ਸੰਗਮਰਮਰ ਦੀ ਸੇਵਾ ਕਰਵਾਈ ਸੀ, ਉਹ ਉਨ੍ਹਾਂ ਨੇ ਮਿਸਤਰੀ ਮੁਹੰਮਦ ਯਾਰ ਖ਼ਾਂ ਪਾਸੋਂ 21 ਹਜ਼ਾਰ ਖਰਚ ਕੇ ਮੰਗਵਾਇਆ ਸੀ।ਬਾਕੀ ਦਾ ਸੰਗਮਰਮਰ ਉਨ੍ਹਾਂ ਦੇ ਦੇਹਾਂਤ ਦੇ ਬਾਅਦ ਲਗਵਾਇਆ ਗਿਆ।ਉਹਨਾਂ ਦੱਸਿਆ ਕਿ ਸੰਨ 1826 ਵਿਚ ਨਿਜ਼ਾਮ ਹੈਦਰਾਬਾਦ ਨੇ ਮਿੱਤਰਤਾ ਦੀ ਨਿਸ਼ਾਨੀ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਰੀਬ ਇਕ ਲੱਖ 53 ਹਜ਼ਾਰ ਰੁਪਏ ਦੀ ਕੀਮਤ ਦੀ ਚਾਨਣੀ ਤੋਹਫ਼ੇ ਵਜੋਂ ਭੇਟ ਕੀਤੀ ਸੀ।ਅਹਿਲਕਾਰਾਂ ਨੇ ਉਹ ਚਾਨਣੀ ਮਹਾਰਾਜਾ ਦੇ ਸ਼ਾਲਾਮਾਰ ਬਾਗ਼ ਦੀ ਬਾਰਾਂਦਰੀ ਵਿਚ ਬੈਠਣ ਤੋਂ ਪਹਿਲਾਂ ਹੀ ਉਥੇ ਲਗਾ ਦਿੱਤੀ।ਜਦੋਂ ਮਹਾਰਾਜਾ ਨੇ ਚਾਨਣੀ ਵੱਲ ਤੱਕਿਆ ਤਾਂ ਉਹਨਾਂ ਕਿਹਾ ਕਿ ਇਹ ਬੇਕੀਮਤੀ ਸੌਗਾਤ ਤਾਂ ਸਿਰਫ਼ ਬਾਬਾ ਰਾਮਦਾਸ ਜੀ ਦੇ ਦਰਬਾਰ ਦੇ ਹੀ ਲਾਇਕ ਹੈ ਅਤੇ ਉਹ ਉਪਰੋਕਤ ਚਾਨਣੀ ਉਤਰਵਾ ਕੇ ਅੰਮ੍ਰਿਤਸਰ ਲੈ ਆਏ।ਪੁਜਾਰੀ ਸਿੰਘ ਨੇ ਸਚਾਈ ਜਾਣਨ ਤੋਂ ਬਾਅਦ ਕਿਹਾ ਕਿ ਇਹ ਚਾਨਣੀ ਚਾਹੇ ਭੁਲੇਖੇ ਨਾਲ ਹੀ ਇਸਤੇਮਾਲ ਕੀਤੀ ਗਈ, ਪਰ ਇਹ ਇਕ ਵਾਰ ਇਸਤੇਮਾਲ ਹੋ ਚੁਕੀ ਹੈ, ਇਸ ਲਈ ਇਹ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਹੀਂ ਲਗਾਈ ਜਾ ਸਕਦੀ।ਇਸ ‘ਤੇ ਮਹਾਰਾਜੇ ਨੇ ਅਨਭੋਲ-ਪੁਣੇ ਵਿੱਚ ਹੋਈ ਆਪਣੀ ਗ਼ਲਤੀ ਦੀ ਮੁਆਫ਼ੀ ਮੰਗੀ ਅਤੇ ਸਜ਼ਾ ਮੁਆਫ਼ੀ ਵਜੋਂ ਆਪਣੇ ਰਾਜ ਦੇ ਦੋ ਪਿੰਡਾਂ ਭਰਨੌਰੀ (ਕਾਂਗੜਾ) ਅਤੇ ਨਰੈਣਪੁਰ (ਗੁਰਦਾਸਪੁਰ) ਦੀ ਜਾਗੀਰ ਹਰਿਮੰਦਰ ਸਾਹਿਬ ਦੇ ਨਾਂ ਲਗਵਾਈ।ਸ਼੍ਰੀ ਕੋਛੜ ਨੇ ਕਿਹਾ ਕਿ ਜਿਨ੍ਹਾਂ ਪੁਜਾਰੀ ਸਿੰਘਾਂ ਮਹਾਰਾਜਾ ਦੁਆਰਾ ਅਨਜਾਣੇ ਵਿਚ ਇਸਤੇਮਾਲ ਕੀਤੀ ਚਾਨਣੀ ਦਰਬਾਰ ਸਾਹਿਬ ਵਿੱਚ ਨਹੀਂ ਲੱਗਣ ਦਿੱਤੀ ਕਿ ਉਨ੍ਹਾਂ ਨੇ ਕਿਸੇ ਮਕਬਰੇ ਦਾ ਉੱਤਰਿਆਂ ਸੰਗਮਰਮਰ ਦਰਬਾਰ ਸਾਹਿਬ ਵਿੱਚ ਲਗਾਉਣ ਦੀ ਇਜਾਜ਼ਤ ਦੇ ਦੇਣੀ ਸੀ?
ਸੂਬਾ ਸਰਕਾਰ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਕਰੇ ਕਾਰਵਾਈ
ਪਿਛਲੇ 150 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਸਤੰਬਰ 2005 ਵਿਚ ਇਸ ਮਾਮਲੇ ਦਾ ਖ਼ੁਲਾਸਾ ਕਰਨ ਵਾਲੇ ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਦਾ ਕਹਿਣਾ ਹੈ ਕਿ ਉਹਨਾਂ ਦੁਆਰਾ ਜਨਤਕ ਕੀਤੇ ਗਏ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ 2010 ਨੂੰ ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬਾਨ ਵਲੋਂ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਜਾ ਚੁੱਕਿਆ ਹੈ, ਪਰ ਸਾਢੇ ਪੰਜ ਸਾਲ ਬੀਤ ਜਾਣ ਦੇ ਬਾਅਦ ਵੀ ਇਸ ਸੰਬੰਧ ਵਿਚ ਪਾਕਿਸਤਾਨ ਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਗਈ।ਸ਼੍ਰੀ ਕੋਛੜ ਨੇ ਕਿਹਾ ਕਿ ਐਸ.ਜੀ.ਪੀ.ਸੀ., ਅਕਾਲ ਤਖ਼ਤ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਲ ਸੰਜੀਦਗੀ ਨਾਲ ਧਿਆਨ ਦਿੰਦਿਆਂ ਪਾਕਿਸਤਾਨ ਨਾਲ ਸਖ਼ਤੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ।
Punjab Post Daily Online Newspaper & Print Media