Monday, March 30, 2026

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਮਨਾਈ ਲੋਹੜੀ

ਲੜਕੀਆਂ ਪ੍ਰਤੀ ਸਮਾਜ ਨੂੰ ਵਿਚਾਰਧਾਰਾ ਬਦਲਣ ਦੀ ਲੋੜ – ਪ੍ਰਿੰ: ਮਾਹਲ

PPN1301201602
ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)-ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਲੋਹੜੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਰੀਤੀ-ਰਿਵਾਜ਼ਾਂ ਮੁਤਾਬਕ ਸਭ ਤੋਂ ਪਹਿਲਾਂ ਭੁੱਗਾ ਬਾਲਣ ਦੀ ਰਸਮ ਦੀ ਸ਼ੁਰੂਆਤ ਉਪਰੰਤ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਸਟਾਫ਼ ਤੇ ਵਿਦਿਆਰਥਣਾਂ ਨਾਲ ਬੋਲੀਆਂ ਅਤੇ ਗਿੱਧਾ ਪਾਇਆ। ਇਸ ਮੌਕੇ ਵਿਦਿਆਰਥਣਾਂ ਨੇ ਕਾਲਜ ਦੇ ਵਿਹੜੇ ਵਿੱਚ ਪਤੰਗਬਾਜ਼ੀ ਕਰਦਿਆਂ ਖੁਸ਼ੀ ਦੇ ਗੀਤ ਗਾਏ ਅਤੇ ਆਲਾ-ਦੁਆਲਾ ‘ਸੁੰਦਰ ਮੁੰਦਰੀਏ’ ਅਤੇ ‘ਆਈ-ਬੋ’ ਦੇ ਸ਼ਬਦਾਂ ਨਾਲ ਗੂੰਜ਼ ਉਠਿਆ।ਇਸ ਮੌਕੇ ਰੰਗ-ਬਿਰੰਗੀਆਂ ਪੁਸ਼ਾਕਾਂ ਪਹਿਨਕੇ ਆਪਣੇ ਦਿਲਕਸ਼ ਅੰਦਾਜ਼ ਭੁੱਗੇ ਦੁਆਲੇ ਨੱਚਦੀਆਂ ਮੁਟਿਆਰਾਂ ਨੇ ਸਮੂੰਹ ਸਟਾਫ਼ ਨੂੰ ਨਾਲ ਨੱਚਣ ‘ਤੇ ਮਜ਼ਬੂਰ ਕਰ ਦਿੱਤਾ। ਇਸ ਮੌਕੇ ਪ੍ਰਿੰ: ਡਾ. ਮਾਹਲ ਨੇ ਸਮਾਜਿਕ ਕੁਰੀਤੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਲੜਕੀਆਂ ਦਾ ਵੀ ਪੁੱਤਾਂ ਜਿੰਨ੍ਹਾਂ ਸਮਾਜ ਵਿੱਚ ਮਾਣ-ਸਨਮਾਨ ਬਣਦਾ ਹੈ ਅਤੇ ਅੱਜ ਲੜਕੀਆਂ ਲੜਕਿਆਂ ਨੂੰ ਪਛਾੜ ਕੇ ਉੱਚ ਅਹੁੱਦਿਆਂ ‘ਤੇ ਬਿਰਾਜਮਾਨ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਵਿੱਚ ਲੜਕੀਆਂ ਪ੍ਰਤੀ ਸਮਾਜ ਨੂੰ ਆਪਣੀ ਵਿਚਾਰਧਾਰਾ ਬਦਲਣ ਦੀ ਲੋੜ ਹੈ, ਕਿਉਂਕਿ ਕਈ ਅਜਿਹੇ ਇਨਸਾਨ ਵੀ ਹਨ ਜਿੰਨ੍ਹਾਂ ਦੀ ਲੜਕੀ ਪ੍ਰਤੀ ਸੋਚ ਪੁਰਾਣੇ ਖਿਆਲਾਤਾਂ ਵਾਂਗ ਹੈ ਇਸ ਲਈ ਸੋਚ ਨੂੰ ਬਦਲਦਿਆਂ ਲੜਕੀਆਂ ਨੂੰ ਬਰਾਬਰਤਾ ਦਾ ਦਰਜਾ ਦੇਣ ਲਈ ਅਜਿਹੇ ਲੋਕਾਂ ਨੂੰ ਸਮਾਜ ਦੇ ਕਦਮ ਨਾਲ ਕਦਮ ਮਿਲਾਕੇ ਚਲਦਿਆਂ ਪੁੱਤਾਂ ਦੀ ਲੋਹੜੀ ਵਾਂਗੂੰ ਹੀ ਲੜਕੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਡਾ. ਜਤਿੰਦਰ ਕੌਰ, ਡਾ. ਅਮਰਜੀਤ ਕੌਰ, ਡਾ. ਮਨਪ੍ਰੀਤ, ਰੰਜਨ, ਰਵਿੰਦਰ, ਮਨਬੀਰ, ਨੀਲਮਜੀਤ, ਸੁਮਨ ਨਈਅਰ, ਮਨਜੀਤ ਸਿੰਘ, ਰਾਕੇਸ਼, ਨਿਰਮਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply