ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਪਹਿਲੀ ਮਸ਼ੀਨ ਦੀ ਸ਼ੁਰੂਆਤ ਕਰਕੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਅੱਜ ਘੱਟ ਕੀਮਤ ਵਾਲੇ ਸੈਨੀਟਰੀ ਨੈਪਕਿਨ ਮੁਹੱਈਆ ਕਰਵਾਉਣ ਵਾਲੀਆਂ ਵੈਂਡਿੰਗ ਮਸ਼ੀਨਾਂ ਸਥਾਪਿਤ ਕਰਨ ਵਾਲਾ ਸੂਬੇ ਦਾ ਪਹਿਲਾ ਸ਼ਹਿਰ ਬਣ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੀਆਂ ਲੜਕੀਆਂ ਦੀ ਅਰੋਗਤਾ ਲਈ ਘੱਟ ਕੀਮਤ ਵਾਲੇ ਸੈਨੀਟਰੀ ਨੈਪਕਿਨ ਮੁਹੱਈਆ ਕਰਵਾਉਣ ਦੇ ਸ਼ੁਰੂ ਕੀਤੇ ਗਏ ਨਿਵੇਕਲੇ ਪ੍ਰਾਜੈਕਟ ਤਹਿਤ ਅੱਜ ਇਸ ਵੈਂਡਿੰਗ ਮਸ਼ੀਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਉਨ੍ਹਾਂ ਦੀ ਸੁਪਤਨੀ ਤੇ ਰੈੱਡ ਕਰਾਸ ਦੇ ਹੌਸਪੀਟਲ ਵੈਲਫੇਅਰ ਸੈਕਸ਼ਨ ਦੀ ਚੇਅਰਪਰਸਨ ਡਾ. ਤਰੁਨਦੀਪ ਕੌਰ, ਆਈ. ਆਰ. ਐਸ ਨੇ ਕੀਤਾ। ਇਸ ਮੌਕੇ ਆਈ. ਏ. ਐਸ ਮੈਡਮ ਪ੍ਰੀਤੀ ਯਾਦਵ, ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ, ਨਾਰੀ ਨਿਕੇਤਨ ਦੀ ਸੁਪਰਵਾਈਜ਼ਰ ਕਿਰਤਪ੍ਰੀਤ ਕੌਰ, ਸਕੂਲ ਦਾ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ। ਇਸ ਮਸ਼ੀਨ ਵਿਚ 2 ਰੁਪਏ ਦਾ ਸਿੱਕਾ ਪਾਉਣ ਉਪਰੰਤ ਸੈਨੀਟਰੀ ਪੈਡ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ੍ਰੀ ਰਵੀ ਭਗਤ ਨੇ ਕਿਹਾ ਕਿ ਅਜਿਹੀ ਇਕ ਮਸ਼ੀਨ ਮਾਨ ਸਿੰਘ ਗੇਟ ਸਕੂਲ ਵਿਖੇ ਵੀ ਲਗਾਈ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਸ਼ਹਿਰ ਦੇ ਹੋਰਨਾਂ ਸਰਕਾਰੀ ਸਕੂਲਾਂ ਵਿਚ ਵੀ ਅਜਿਹੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਾਰੀ ਨਿਕੇਤਨ, ਰੈੱਡ ਕਰਾਸ ਅਤੇ ਜ਼ਿਲ੍ਹਾ ਪਲਾਨਿੰਗ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਦਾ ਮਕਸਦ ਲੜਕੀਆਂ ਨੂੰ ਮਾਹਵਾਰੀ ਦੀ ਉਮਰ ਮੌਕੇ ਅਰੋਗਤਾ ਲਈ ਮਾਰਕੀਟ ਵਿਚ ਬਹੁਤ ਮਹਿੰਗੇ ਭਾਅ ਮਿਲਦੇ ਸੈਨੀਟਰੀ ਪੈਡ ਦੇ ਬਦਲ ਵਜੋਂ ਘੱਟ ਕੀਮਤ ਵਾਲੇ ਸੈਨੀਟਰੀ ਨੈਪਕਿਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿਹਤ ਸੰਭਾਲ ਵਿਚ ਪੇਂਡੂ ਤੇ ਸ਼ਹਿਰੀ ਵਿਚਲਾ ਪਾੜਾ ਘਟਣ ਦੇ ਨਾਲ-ਨਾਲ ਜ਼ਿਲ੍ਹੇ ਵਿਚ ਔਰਤਾਂ ਦੇ ਸਰਬਪੱਖੀ ਵਿਕਾਸ ਨੂੰ ਹੋਰ ਵਧੇਰੇ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤੱਕ ਸੁਖਾਲੀ ਪਹੁੰਚ ਬਣਾਉਣ ਵਾਸਤੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਨੈਪਕਿਨ ਵਿਕਰੀ ਮਸ਼ੀਨਾਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ ਕਿਉਂ ਜੋ ਬਹੁਤੀਆਂ ਲੜਕੀਆਂ ਦੁਕਾਨਾਂ ਤੋਂ ਨੈਪਕਿਨ ਖਰੀਦਣ ਤੋਂ ਝਿਜਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਪੇਂਡੂ ਵਸੋਂ ਦੀਆਂ ਕਿਸ਼ੋਰ ਉਮਰ ਦੀਆਂ ਲੜਕੀਆਂ ਦੀ ਸਿਹਤ ਸਥਿਤੀ ਬਾਰੇ ਉਨ੍ਹਾਂ ਨੂੰ ਬਹੁਤ ਚਿੰਤਾ ਹੁੰਦੀ ਸੀ ਕਿਉਂਕਿ ਇਸ ਉਮਰ ਦੌਰਾਨ ਲੜਕੀਆਂ ਵਿਚ ਸਿਹਤ ਸਮੱਸਿਆ ਪੈਦਾ ਹੋਣ ਦਾ ਖਤਰਾ ਬਰਕਰਾਰ ਰਹਿੰਦਾ ਹੈ। ਇਸ ਤੋਂ ਇਲਾਵਾ ਕਈ ਖੋਜਾਂ ਵਿਚ ਵੀ ਇਹ ਖੁਲਾਸਾ ਹੋਇਆ ਹੈ ਕਿ ਮਾਹਵਾਰੀ ਦੀ ਉਮਰ ਵਿਚ ਲੜਕੀਆਂ ਦੇ ਸਕੂਲ ਛੱਡਣ ਦੀ ਦਰ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ। ਇਸ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਨੇ ਬਹੁ-ਸਮੱਸਿਆਵਾਂ ਦੇ ਹੱਲ ਲਈ ਇਹ ਸਕੀਮ ਸ਼ੁਰੂ ਕੀਤੀ ਹੈ।
ਇਸ ਮੌਕੇ ਡਾ. ਤਰੁਣਦੀਪ ਕੌਰ ਨੇ ਦੱਸਿਆ ਕਿ ਇਸ ਪੈਡ ਦਾ ਨਾਮ ‘ਨਾਰੀ ਵੀ-ਕੇਅਰ’ ਰੱਖਿਆ ਗਿਆ ਹੈ ਜਿਸ ਦਾ ਭਾਵ ‘ਨਾਰੀ ਨਿਕੇਤਨ ਅਤੇ ‘ਰੈੱਡ ਕਰਾਸ ਦਾ ਉਪਰਾਲਾ’ ਹੈ। ਵਾਤਾਵਰਨ ਪੱਖੀ ਇਹ ਪੈਡ ਘੱਟ ਕੀਮਤ ‘ਤੇ ਮੁਹੱਈਆ ਕਰਵਾਏ ਗਏ ਹਨ ਜਿਸ ਕਰਕੇ ਇਹ ਹਰੇਕ ਤਬਕੇ ਦੀ ਪਹੁੰਚ ਵਿਚ ਹੋਣ ਦੇ ਨਾਲ-ਨਾਲ ਵਰਤਣ ਉਪਰੰਤ ਸੌਖਿਆ ਹੀ ਤਿਆਗਣ ਯੋਗ ਹਨ। ਉਨ੍ਹਾਂ ਕਿਹਾ ਕਿ ਇਹ ਪੈਡ ਸੰਭਾਲ ਘਰ, ਨਾਰੀ ਨਿਕੇਤਨ ਦੀਆਂ ਲੜਕੀਆਂ ਵੱਲੋਂ ਪੈਡ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਮਸ਼ੀਨ ਰਾਹੀਂ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਰੀਬ 3.60 ਲੱਖ ਦੀ ਲਾਗਤ ਵਾਲੀ ਇਸ ਮਸ਼ੀਨ ਦੁਆਰਾ ਤਿਆਰ ਕੀਤੇ ਜਾਂਦੇ ਪੰਜ ਪੈਡ ਵਾਲੇ ਇਕ ਪੈਕਟ ਦੀ ਕੀਮਤ 10 ਰੁਪਏ ਜਦਕਿ ਦੋ ਪੈਡ ਵਾਲੇ ਇਕ ਪੈਕਟ ਦੀ ਕੀਮਤ ਮਹਿਜ਼ ਪੰਜ ਰੁਪਏ ਹੈ। ਇਸ ਤੋਂ ਇਲਾਵਾ ਪੇਂਡੂ ਅਤੇ ਝੁੱਗੀ-ਝੌਂਪੜੀਆਂ ਦੀਆਂ ਲੜਕੀਆਂ ਨੂੰ ਇਹ ਪੈਡ ਮੁਫਤ ਮੁਹੱਈਆ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਮੰਤਵ ਪੇਂਡੂ ਅਤੇ ਗ਼ਰੀਬ ਘਰਾਂ ਦੀਆਂ ਲੜਕੀਆਂ ਦੀ ਅਰੋਗਤਾ ਨੂੰ ਯਕੀਨੀ ਬਣਾਉਣਾ ਅਤੇ ਲੜਕੀਆਂ ਦੇ ਸਕੂਲ ਛੱਡਣ ਦੀ ਦਰ ਘਟਾਉਣਾ ਹੈ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media