ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਬੀਤੀ 8 ਜਨਵਰੀ ਨੂੰ ਇੱਕ ਤਿੰਨ ਸਾਲਾ ਮਾਸੂਮ ਬੱਚਾ ਅੰਗਦਵੀਰ ਸਿੰਘ ਪੁੱਤਰ ਹਰਸਿਮਰਨਜੀਤ ਸਿੰਘ ਨੂੰ ਸਵੇਰ ਵੇਲੇ ਅਵਾਰਾ ਤੇ ਖੂੰਖਾਰ ਕੁੱਤਿਆਂ ਨੇ ਘਰ ਦੇ ਵਿਹੜੇ ਵਿੱਚੋਂ ਚੁੱਕ ਕੇ ਕਣਕ ਦੇ ਖੇਤਾਂ ਵਿੱਚ ਲਿਜਾ ਕੇ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾ ਲਿਆ, ਜਿਸ ਕਾਰਨ ਅੰਗਦਵੀਰ ਸਿੰਘ ਦੀ ਅਜਨਾਲਾ ਦੇ ਹਸਪਤਾਲ ਵਿਖੇ ਲਿਜਾਂਦੇ ਸਮੇਂ ਬਹੁਤ ਹੀ ਦਰਦਨਾਕ ਮੌਤ ਹੋ ਗਈ ਸੀ ਜਿਸ ਨਾਲ ਅਜਨਾਲਾ ਖੇਤਰ ਦੇ ਵਸਨੀਕਾਂ ਵਿੱਚ ਕਾਫ਼ੀ ਸਹਿਮ ਪਾਇਆ ਜਾ ਰਿਹਾ ਹੈ।ਇਸ ਘਟਨਾ ਦੇ 15 ਦਿਨ ਬੀਤ ਬਾਵਜੂਦ ਵੀ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਵਾਰਾ ਕੁੱਤਿਆਂ ਨੂੰ ਨੱਥ ਪਾਉਣ ਲਈ ਕੋਈ ਯਤਨ ਨਹੀਂ ਕੀਤਾ ਗਿਆ। ਇਸ ਸੰਬੰਧੀ ਅੱਜ ਉੱਘੇ ਸਮਾਜ ਸੇਵਕ ਸ: ਨਵਚੰਦ ਸਿੰਘ ਹਰੜ੍ਹ, ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਅਜਨਾਲਾ ਦੇ ਸਰਪ੍ਰਸਤ ਮਨਜੀਤ ਸਿੰਘ ਬਾਠ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਕਾਬਲ ਸਿੰਘ ਸ਼ਾਹਪੁਰ ਦੀ ਸਾਂਝੀ ਅਗਵਾਈ ‘ਚ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੂੰ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਅੱਗੇ ਤੋਂ ਅਣਸੁਖਾਵੀਂ ਘਟਨਾ ਨਾਂ ਵਾਪਰ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਵੱਖ-ਵੱਖ ਟੀਮਾਂ ਬਣਾਂ ਕੇ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾਂ ਵਾਪਰ ਸਕੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਚੰਦ ਸਿੰਘ ਹਰੜ ਅਤੇ ਮਨਜੀਤ ਸਿੰਘ ਬਾਠ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਦਿਨ ਪ੍ਰਤੀ ਦਿਨ ਵਧ ਰਹੀ ਦਹਿਸ਼ਤ ਅਤੇ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਹੇ ਇੰਨਾਂ ਅਵਾਰਾ ਤੇ ਖੂੰਖਾਰ ਕੱਤਿਆਂ ਨੂੰ ਸਰਕਾਰੀ ਪੱਧਰ ਤੇ ਪੂਰੀ ਸਹਿ ਮਿਲੀ ਹੋਈ ਹੈ ਤੇ ਇੰਨਾਂ ਨੂੰ ਨਾਂ ਮਾਰਨ ਸੰਬੰਧੀ ਬਿੱਲ ਪਾਸ ਕੀਤਾ ਗਿਆ ਸੀ ਜਿਸ ਵਜ੍ਹਾ ਨਾਲ ਇੰਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਸੈਂਕੜਿਆਂ ਦੇ ਹਿਸਾਬ ਨਾਲ ਵਧ ਰਹੀ ਹੈ ਤੇ ਸਰਕਾਰ ਵੱਲੋਂ ਇੰਨਾਂ ਦੀ ਗਿਣਤੀ ਘੱਟ ਕਰਨ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅਵਾਰਾ ਕੁੱਤਿਆਂ ਨੂੰ ਨਾਂ ਮਾਰਨ ਸੰਬੰਧੀ ਬਿੱਲ ‘ਚ ਸੋਧ ਕੀਤੀ ਜਾਵੇ ਅਤੇ ਅਵਾਰਾ ਕੁੱਤਿਆਂ ਦੀ ਗਿਣਤੀ ਘੱਟ ਕਰਨ ਲਈ ਤੁਰੰਤ ਐਨੀਮਲ ਬਰਥ ਕੰਟਰੋਲ (ਡੌਗ) ਰੂਲ 2001 ਨੂੰ ਲਾਗੂ ਕਰਵਾਇਆ ਜਾਵੇ ਤਾਂ ਜੋ ਪੂਰੇ ਪੰਜਾਬ ਅੰਦਰ ਰੋਜ਼ਾਨਾ ਹੀ ਅਵਾਰਾ ਕੁੱਤਿਆਂ ਵੱਲੋਂ ਮਨੁੱਖਾਂ ਨੂੰ ਖਾ ਜਾਣ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਪਿੰਡਾਂ ਵਿੱਚ ਖੁੱਲੇ ਹੱਡਾ ਰੋੜੀਆਂ ਤੋਂ ਮਾਸ ਖਾ ਕੇ ਪਲਦੇ ਕੁੱਤਿਆਂ ਵੱਲੋਂ ਕੀਤੀਆਂ ਜਾਂਦੀਆਂ ਹਨ ਇਸ ਲਈ ਸਰਕਾਰ ਵੱਲੋਂ ਇੰਨਾਂ ਹੱਡਾਂ ਰੋੜੀਆਂ ਦੀ ਜਗ੍ਹਾ ਤੇ ਮਰਨ ਵਾਲੇ ਪਸ਼ੂਆਂ ਦੇ ਮਾਸ ਨੂੰ ਜਲਾਉਣ ਲਈ ਬਿਜਲਈ ਮਸ਼ੀਨਾਂ ਲਗਾਈਆਂ ਜਾਣ । ਇਸ ਮੌਕੇ ਅਮਰਜੀਤ ਸਿੰਘ ਬਾਜਵਾ, ਰਮਨਦੀਪ ਸਿੰਘ ਗ੍ਰੰਥਗੜ੍ਹ, ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ ਰਿਆੜ ਆਦਿ ਹਾਜ਼ਰ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media