
ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿਖੇ ਰੱਖੇ ਗਏ ਪੰਘੂੜੇ ਵਿਚ ਇਕ ਹੋਰ ਬੱਚੀ ਦੇ ਆਉਣ ਨਾਲ ਕੁਲ ਬੱਚਿਆਂ ਦੀ ਗਿਣਤੀ 121 ਹੋ ਗਈ ਹੈ। ਬੀਤੀ 19 ਜਨਵਰੀ ਨੂੰ ਰਾਤ 10 ਵਜੇ ਦੇ ਕਰੀਬ ਕਿਸੇ ਵੱਲੋਂ ਤਿੰਨ-ਚਾਰ ਦਿਨ ਦੀ ਇਕ ਬੱਚੀ ਨੂੰ ਪੰਘੂੜੇ ਵਿਚ ਪਾਇਆ ਗਿਆ ਸੀ, ਜਿਸ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ, ਰਣਜੀਤ ਐਵੀਨਿਊ ਤੋਂ ਕਰਵਾਇਆ ਗਿਆ ਅਤੇ ਇਸ ਵੇਲੇ ਬੱਚੀ ਬਿਲਕੁਲ ਤੰਦਰੁਸਤ ਹੈ। ਇਸ ਲਈ ਇਸ ਬੱਚੀ ਨੂੰ ਪਾਲਣ-ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਰਕਾਰ ਵੱਲੋਂ ਨਿਰਧਾਰਿਤ ਸੰਸਥਾ ਵਿਖੇ ਭੇਜਿਆ ਜਾਵੇਗਾ, ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋਂ ਨਿਰਧਾਰਿਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵੱਲੋਂ ਇਸ ਬੱਚੀ ਦੀ ਲੋੜਵੰਦ ਪਰਿਵਾਰ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ।
ਅੱਜ ਇਸ ਬੱਚੀ ਨੂੰ ਡਾ. ਤਰੁਨਦੀਪ ਕੌਰ, ਆਈ. ਆਰ. ਐਸ ਸੁਪਤਨੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਪੰਘੂੜੇ ਵਿਚ ਪ੍ਰਾਪਤ ਕੀਤਾ ਅਤੇ ‘ਲਾਪਾ’ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ, ਪਿੰਡ ਤਲਵੰਡੀ ਖੁਰਦ ਲੁਧਿਆਣਾ ਵਿਖੇ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ। ਇਸ ਮੌਕੇ ਡਾ. ਤਰੁਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਵਰੀ 2008 ਤੋਂ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਸਕੀਮ ਅਧੀਨ ਹੁਣ ਤੱਕ 19 ਲੜਕੇ ਅਤੇ 102 ਲੜਕੀਆਂ ਆ ਚੁੱਕੀਆਂ ਹਨ। ਉਨ੍ਹਾਂ ਦੱਸਿਆ ਇਸ ਸਕੀਮ ਅਧੀਨ ਰੈੱਡ ਕਰਾਸ ਦਫ਼ਤਰ ਦੇ ਬਾਹਰ ਇਕ ‘ਪੰਘੂੜਾ’ ਸਥਾਪਿਤ ਕੀਤਾ ਗਿਆ ਹੈ ਅਤੇ ਕੋਈ ਵੀ ਲਾਵਾਰਿਸ ਅਤੇ ਪਾਲਣ-ਪੋਸ਼ਣ ਤੋਂ ਅਸਮਰੱਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿਚ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਘੂੜੇ ਵਿਚ ਪ੍ਰਾਪਤ ਹੋਣ ਉਪਰੰਤ ਬੱਚੇ ਨੂੰ ਰੈੱਡ ਕਰਾਸ ਵੱਲੋਂ ਮੈਡੀਕਲ ਸਹਾਇਤਾ ਦਿਵਾ ਕੇ ਤੰਦਰੁਸਤ ਹਾਲਤ ਵਿਚ ਉਸ ਦੀ ਸੁਰੱਖਿਆ, ਪਾਲਣ-ਪੋਸ਼ਣ ਅਤੇ ਚੰਗੇ ਭੱਵਿਖ ਲਈ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ (ਲੀਗਲ ਅਡਾਪਸ਼ਨ ਐਂਡ ਪਲੇਸਮੈਂਟ ਏਜੰਸੀੇ) ਵਿਚ ਪ੍ਰਵਰਿਸ਼ ਲਈ ਤਬਦੀਲ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਵਧੀਕ ਸਕੱਤਰ ਠਾਕੁਰ ਰਣਧੀਰ ਸਿੰਘ, ਸੁਪਰਡੈਂਟ ਸ੍ਰੀ ਦਵਿੰਦਰ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media