Saturday, April 4, 2026

ਰਾਇਕੇ ਕਲਾਂ ਵਿੱਚ ਕਿਸਾਨ ਮਜਦੂਰ ਮੋਰਚਾ ਦੂਜੇ ਦਿਨ ਵੀ ਜਾਰੀ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮੈਡੀਕਲ ਕੈਂਪ ਲਾਇਆ ਗਿਆ

PPN2301201603

ਬਠਿਡਾ, 23 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ)- ਪੀ.ਪੀ.ਐਸ ਪੰਜਾਬ ਦੀਆਂ 8 ਕਿਸਾਨ ਤੇ 4 ਮਜਦੂਰ ਜਥੇਬੰਦੀਆਂ ਵੱਲੋਂ ਚਿੱਟੇ ਮੱਛਰ ਨਾਲ ਤਬਾਹ ਹੋਏ ਨਰਮੇ ਤੇ ਹੋਰ ਫਸਲਾਂ ਦਾ ਪ੍ਰਤੀ ਏਕੜ 40 ਹਜਾਰ ਰੁਪੈ ਕਾਸ਼ਤਕਾਰਾਂ ਨੂੰ ਅਤੇ 20 ਹਜਾਰ ਰੁਪੈ ਪ੍ਰਤੀ ਪਰਿਵਾਰ ਮਜਦੂਰਾਂ ਨੂੰ ਮੁਆਵਜਾ ਦੇਣ, ਕਾਲਾ ਕਾਨੂੰਨ ਰੱਦ ਕਰਨ, ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਕੇ ਸਸਤੇ ਭਾਅ ਅਨਾਜ ਤੇ ਹੋਰ ਖੁਰਾਕੀ ਵਸਤਾਂ ਸਾਰੇ ਲੋੜਵੰਦ ਗਰੀਬ ਖਪਤਕਾਰਾਂ ਨੂੰ ਦੇਣ, ਫਸਲਾਂ ਦੇ ਲਾਹੇਵੰਦ ਭਾਅ ਤੇ ਸਰਕਾਰੀ ਖਰੀਦ ਯਕੀਨੀ ਕਰਨ, ਕਿਸਾਨ-ਮਜਦੂਰ ਪੱਖੀ ਕਰਜਾ ਬਨਾਉਣ, ਕਬਜੇ ਖਤਮ ਕਰਨ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜਾ ਤੇ ਨੌਕਰੀ ਦੇਣ, ਅਵਾਰਾ ਕੁੱਤਿਆਂ ਤੇ ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰਨ ਆਦਿ ਮੰਗਾਂ ਨੂੰ ਲੈ ਕੇ ਰਾਇਕੇ ਕਲਾ ਵਿੱਚ ਸ਼ੁਰੂ ਮੋਰਚੇ ਦੇ ਦੂਜੇ ਦਿਨ ਵੀ ਭਾਰੀ ਠੰਢ ਦੇ ਬਾਵਜੂਦ ਵਿਸ਼ਾਲ ਗਿਣਤੀ ਵਿੱਚ ਮਰਦ ਔਰਤਾਂ ਨੇ ਸ਼ਮੂਲੀਅਤ ਕੀਤੀ।
ਇੱਥੇ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਪੰਜਾਬ ਦੀ ਬਾਦਲ ਤੇ ਕੇਂਦਰ ਦੀ ਮੋਦੀ ਸਰਕਾਰ ਸਮੇਤ ਪਹਿਲੀਆਂ ਸਰਕਾਰਾਂ ਦੀਆਂ ਕਿਸਾਨ-ਮਜਦੂਰ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜ ਪੱਖੀ ਨੀਤੀਆਂ ਕਾਰਨ ਖੇਤੀ ਧੰਦਾ ਪਹਿਲਾ ਹੀ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ ਅਤੇ ਹੁਣ ਨਕਲੀ ਬੀਜਾਂ ਤੇ ਕੀੜਮਾਰ ਦਵਾਈਆਂ ਸਦਕਾ ਤਬਾਹ ਹੋਈਆਂ ਫਸਲਾਂ ਤੇ ਕਿਸਾਨਾਂ-ਮਜਦੂਰਾਂ ਦਾ ਲੱਕ ਤੋੜ ਦਿੱਤਾ ਹੈ। ਜਿਸ ਨਾਲ ਕਿਸਾਨ-ਮਜਦੂਰ ਖੁਦਕੁਸ਼ੀਆਂ ਦੀ ਲੜੀ ਹੋਰ ਤੇਜ ਹੋ ਗਈ। ਉਹਨਾਂ ਦੋਸ਼ ਲਾਇਆ ਕਿ ਇਹਨਾਂ ਨੀਤੀਆਂ ਤਹਿਤ ਹੀ ਬਾਸਮਤੀ ਤੇ ਝੋਨੇ ਦੀ ਫਸਲ ਕੌਡੀਆਂ ਦੇ ਭਾਅ ਲੁੱਟੀ ਅਤੇ ਮਜਦੂਰਾਂ ਲਈ ਵਿਖਾਵੇ ਮਾਤਰ ਲੋਕ ਭਲਾਈ ਸਕੀਮਾਂ ‘ਤੇ ਕੱਟ ਲਾਉਣ ਸਦਕਾ ਆਟਾ ਦਾਲ ਸਕੀਮ ਮਜਾਕ ਬਣ ਕੇ ਰਹਿ ਗਈ ਹੈ ਅਤੇ ਬਜੁਰਗ ਤੇ ਵਿਧਵਾਂਵਾ ਮਾਮੂਲੀ ਪੈਨਸ਼ਨਾਂ ਨੂੰ ਤਰਸ ਰਹੇ ਹਨ।ਉਹਨਾਂ ਆਖਿਆ ਕਿ ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦੀ ਥਾਂ ਉਹਨਾਂ ਤੋਂ ਜਮੀਨਾਂ ਖੋਹਣ, ਮਜਦੂਰਾਂ ਦੇ ਬਿਜਲੀ ਮੀਟਰ ਪੁੱਟਣ ਵਰਗੇ ਕਦਮਾਂ ਵਿੱਚ ਤੇਜੀ ਲਿਆਦੀ ਜਾ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਬਾਦਲ ਵੱਲੋਂ ਜਥੇਬੰਦੀਆਂ ਨਾਲ ਕੀਤੇ ਸਮਝੋਤੇ ਲਾਗੂ ਕਰਨ ਤੋਂ ਟਾਲਾ ਵੱਟਿਆ ਜਾਂਦਾ ਹੈ ਇਸੇ ਕੜੀ ਤਹਿਤ ਮਜਦੂਰਾਂ ਲਈ ਰੁਜਗਾਰ ਉਜਾੜੇ ਵਜੋ ਜਾਰੀ ਕੀਤੇ 64 ਕਰੋੜ ਰੁਪੈ ਚੋਂ ਧੇਲਾ ਵੀ ਨਹੀਂ ਵੰਡਿਆ ਗਿਆ ਤੇ ਕਿਸਾਨਾਂ ਲਈ ਨਰਮਾ ਤਬਾਹੀ ਦੇ ਜਾਰੀ ਕੀਤੇ 644 ਕਰੋੜ ਰੁਪੈ ਚੋਂ ਵੀ ਵੱਡਾ ਹਿੱਸਾ ਨਹੀਂ ਵੰਡਿਆ ਗਿਆ ਜੋ ਮੁਆਵਜਾ ਵੰਡਿਆ ਵੀ ਉਸ ਵਿੱਚ ਸਿਆਸੀ ਦਖਲ ਅੰਦਾਜੀ ਕਾਰਨ ਭਾਰੀ ਘਪਲੇਬਾਜੀ ਕੀਤੀ ਗਈ ਤੇ ਮੁੱਖ ਮੰਤਰੀ ਵੱਲੋਂ ਸੰਸਦੀ ਪੜਤਾਲ ਦਾ ਵਾਅਦਾ ਧੋਖਾ ਸਾਬਤ ਹੋਇਆ। ਉਹਨਾਂ ਬਾਦਲ ਹਕੂਮਤ ਨੂੰ ਤਾਨਾਸ਼ਾਹ ਕਰਾਰ ਦਿੰਦਿਆ ਆਖਿਆ ਕਿ ਗਰੀਬੀ, ਭੁੱਖਮਰੀ, ਬੇਰੁਜਗਾਰੀ ਤੇ ਕਰਜਿਆ ਦੀ ਮਾਰ ਝੱਲਦੇ ਕਿਸਾਨਾਂ-ਮਜਦੂਰਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਵੀ ਕੁਚਲਿਆਂ ਜਾ ਰਿਹਾ ਹੈ। ਇਸਦੀ ਮਿਸਾਲ ਬਾਦਲ ਮੋਰਚੇ ਨੂੰ ਫੇਲ ਕਰਨ ਲਈ ਵੱਡੀ ਪੱਧਰ ਤੇ ਗ੍ਰਿਫਕਾਰੀਆਂ ਕਰਨ ਤੇ ਰਾਇਕੇ ਕਲਾ ਚ ਪਹੁੰਚੇ ਕਾਫਲੇ ਦੀ ਸਖਤ ਘੇਰਾਬੰਦੀ ਕਰਨ ਤੋਂ ਇਲਾਵਾ ਸਰਕਾਰੀ ਤੇ ਨਿੱਜੀ ਜਾਇਦਾਦ ਦੀ ਰਾਖੀ ਦੇ ਨਾਅ ਹੇਠ ਘੜੇ ਜਾ ਰਹੇ ਕਾਲੇ ਕਾਨੂੰਨ ਤੋਂ ਵੀ ਵੇਖੀ ਜਾ ਸਕਦੀ ਹੈ।
ਅੱਜ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾ) ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾ, ਪੰਜਾਬ ਖੇਤ ਮਜਦੂਰ ਯਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਦੇ ਸੂਬਾ ਸਕੱਤਰ ਦਲਵਿੰਦਰ ਸਿੰਘ ਸ਼ੇਰ ਖਾਂ, ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਦਰਬਾਰਾ ਸਿੰਘ ਫੂਲੇਵਾਲਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਦਿਹਾਤੀ ਮਜਦੂਰ ਸਭਾ ਦੇ ਆਗੂ ਕੂਕਾ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਸਭਰਾ, ਜਮਹੂਰੀ ਕਿਸਾਨ ਸਭਾ ਦੇ ਆਗੂ ਛੱਜੂਰਾਮ ਰਿਛੀ ਤੋਂ ਇਲਾਵਾ ਬਲਦੇਵ ਸਿੰਘ ਭਾਈਰੂਪਾ, ਹਰਵਿੰਦਰ ਕੌਰ ਬਿੰਦੂ, ਲਛਮਣ ਸਿੰਘ ਸੇਵੇਵਾਲਾ, ਸੁਰਮੁੱਖ ਸਿੰਘ ਸੇਲਬਰਾਹ, ਗੁਰਨਾਮ ਸਿੰਘ ਭੀਖੀ, ਮਿੱਠੂ ਸਿੰਘ ਘੁੱਦਾ, ਸੁਖਦੇਵ ਨਥਾਣਾ ਨੇ ਸੰਬੋਧਨ ਕੀਤਾ।
ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਡਾ. ਗੁਰਦੀਪ ਦੀ ਅਗਵਾਈ ਵਿੱਚ ਮੈਡੀਕਲ ਕੈਂਪ ਲਾਇਆ ਗਿਆ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਬਰੈੱਡ ਪਕੌੜਿਆਂ ਦਾ ਲੰਗਰ ਲਾਇਆ ਗਿਆ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply