ਡੀ.ਸੀ ਰਵੀ ਭਗਤ ਨੇ ਈ. ਐਮ. ਸੀ ਹਸਪਤਾਲ ‘ਚੇ ਕੀਤਾ ਉਦਘਾਟਨ
ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ)- ਨਾਮਵਰ ਸਮਾਜ ਸੇਵੀ ਅਤੇ ਉੱਘੇ ਕਾਰੋਬਾਰੀ ਡਾ: ਐਸ.ਪੀ ਸਿੰਘ ਓਬਰਾਏ ਦੀ ਅਗਵਾਈ ਹੇਠਲੇ ਸਰਬੱਤ ਦਾ ਭਲਾ ਟਰੱਸਟ ਵਲੋਂ ਗੁਰਦਾ ਰੋਗਾਂ ਤੋਂ ਪੀੜਤ ਗ਼ਰੀਬ ਅਤੇ ਲੋੜਵੰਦ ਮਰੀਜ਼ਾਂ ਦੇ ਮਾਮੂਲੀ ਖ਼ਰਚੇ ‘ਤੇ ਡਾਇਲਸਿਸ ਕਰਵਾਉਣ ਲਈ ਸ਼ੁਰੂ ਕੀਤੀ ਅਹਿਮ ਯੋਜਨਾ ਦਾ ਵਿਸਤਾਰ ਕਰਦਿਆਂ ਅੱਜ ਅੰਮ੍ਰਿਤਸਰ ਦੇ ਨਾਮਵਰ ਈ. ਐਮ. ਸੀ. ਹਸਪਤਾਲ ਵਿਖੇ ਦੋ ਡਾਇਲਸਿਸ ਮਸ਼ੀਨਾਂ ਸਥਾਪਿਤ ਕਰਕੇ ਇਹ ਸੇਵਾ ਆਰੰਭ ਕਰ ਦਿੱਤੀ।
ਇਹਨਾਂ ਮਸ਼ੀਨਾਂ ਦੇ ਉਦਘਾਟਨ ਲਈ ਉਚੇਚੇ ਤੌਰ ‘ਤੇ ਪਹੁੰਚੇ ਡਿਪਟੀ ਕਮਿਸ਼ਨਰ ਸੀz ਰਵੀ ਭਗਤ ਨੇ ਸਰਬੱਤ ਦਾ ਭਲਾ ਟਰੱਸਟ ਦੀ ਇਸ ਮਾਨਵੀ ਸੇਵਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮੇਂ ਸ: ਓਬਰਾਏ ਅਤੇ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਆਉਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸ: ਓਬਰਾਏ ਦੀ ਇਸ ਪਹਿਲਕਦਮੀ ਨਾਲ ਹਜ਼ਾਰਾਂ ਲੋੜਵੰਦ ਤੇ ਗ਼ਰੀਬ ਮਰੀਜ਼ਾਂ ਨੂੰ ਸਸਤੇ ਡਾਇਲਸਿਸ ਦੀ ਸਹੂਲਤ ਮਿਲੇਗੀ ਜਿਸ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਓਬਰਾਏ ਨੇ ਕਿਹਾ ਕਿ ਗੁਰਦਾ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਿਨ-ਬਦਿਨ ਵੱਧ ਰਹੀ ਹੈ ਅਤੇ ਮਰੀਜ਼ ਨੂੰ ਮਹੀਨੇ ‘ਚ ਕਈ ਵਾਰ ਮਹਿੰਗੇ ਡਾਇਲਸਿਸ ਕਰਵਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਮਰੀਜ਼ ਨੂੰ ਤਿੰਨ-ਚਾਰ ਹਜ਼ਾਰ ਰੁਪਏ ਖ਼ਰਚਣੇ ਪੈਂਦੇ ਹਨ ਜੋ ਗ਼ਰੀਬ ਮਰੀਜ਼ਾਂ ਦੀ ਪਹੁੰਚ ਤੋਂ ਬਾਹਰ ਹੈ। ਡਾ: ਓਬਰਾਏ ਨੇ ਕਿਹਾ ਕਿ ਇਸ ਔਕੜ ਨੂੰ ਮੱਦੇਨਜ਼ਰ ਰੱਖਦਿਆਂ ਸਰਬੱਤ ਦਾ ਭਲਾ ਟਰੱਸਟ ਨੇ ਉੱਤਰੀ ਭਾਰਤ ਦੇ ਪੰਜਾਬ-ਚੰਡੀਗੜ੍ਹ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਰਾਜਾਂ ਵਿੱਚ ਕ੍ਰਮਵਾਰ 32, 2, 8, 4 ਅਤੇ 4 ਡਾਇਲਸਿਸ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਇਹਨਾਂ ਡਾਇਲਸਿਸ ਮਸ਼ੀਨਾਂ ਵਾਲੇ ਇਸ ਈ. ਐਮ. ਸੀ. ਹਸਪਤਾਲ ‘ਚ ਗ਼ਰੀਬ ਮਰੀਜ਼ਾਂ ਦੇ ਕੇਵਲ 100 ਰੁਪਏ ‘ਚ ਜਦ ਕਿ ਹੋਰ ਲੋੜਵੰਦ ਮਰੀਜ਼ਾਂ ਦੇ 750 ਰੁਪਏ ‘ਤੇ ਹੀ ਡਾਇਲਸਿਸ ਕੀਤੇ ਜਾਣਗੇ, ਜਿਸ ਦਾ ਹਜ਼ਾਰਾਂ ਗ਼ਰੀਬ ਪਰਿਵਾਰ ਲਾਭ ਉਠਾਅ ਸਕਣਗੇ।
ਇਸ ਮੌਕੇ ਤੇ ਈ. ਐਮ. ਸੀ. ਹਸਪਤਾਲ ਦੇ ਪ੍ਰਬੰਧਕਾਂ ਪਵਨ ਅਰੋੜਾ, ਡਾ: ਹਰਸ਼ਰਨ ਕੌਰ, ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸੰਧੂ ਚਮਿਆਰੀ ਨੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ਇਸ ਸੇਵਾ ਦਾ ਸਵਾਗ਼ਤ ਕਰਦਿਆਂ ਕਿਹਾ ਕਿ ਡਾ: ਓਬਰਾਏ ਦੀ ਪਹਿਲਕਦਮੀ ਸਦਕਾ ਇਹਨਾਂ ਅੱਤ-ਕਿਫ਼ਾਇਤੀ ਡਾਇਲਸਿਸ ਕੇਂਦਰਾਂ ਦੀ ਸਥਾਪਨਾ ਲੋਕ ਸੇਵਾ ਦੇ ਖੇਤਰ ‘ਚ ਨਵਾਂ ਮੀਲ੍ਹ-ਪੱਥਰ ਹੋਵੇਗੀ। ਇਸ ਮੌਕੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸੰਧੂ ਚਮਿਆਰੀ, ਨਵਜੀਤ ਸਿੰਘ ਘਈ, ਜਗਦੇਵ ਸਿੰਘ ਐਸ.ਡੀ.ਓ., ਤੇਜਿੰਦਰਪਾਲ ਮਾਨ, ਹਰਜਿੰਦਰ ਸਿੰਘ ਹੇਰ, ਸ਼ਿਸ਼ਪਾਲ ਸਿੰਘ ਲਾਡੀ, ਹਰਜਿੰਦਰ ਸਿੰਘ ਮੁੱਧ, ਸਮਸ਼ੇਰ ਸਿੰਘ ਕੋਹਰੀ, ਮੰਗਦੇਵ ਸਿੰਘ ਛੀਨਾ, ਸ਼ਿਵਦੇਵ ਸਿੰਘ ਬੱਲ, ਬਲਵਿੰਦਰ ਕੌਰ, ਆਸ਼ਾ ਤਿਵਾੜੀ, ਹਰਦੀਪ ਸਿੰਘ ਅਤੇ ਪਲਵਿੰਦਰ ਸਿੰਘ ਸਰਹਾਲਾ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media
